Breaking News
Home / ਪੰਜਾਬ / ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ ਵਾਹਨ ਮਾਰਚ

ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ ਵਾਹਨ ਮਾਰਚ

92 ‘ਆਪ’ ਵਿਧਾਇਕਾਂ ਨੂੰ ਸੌਂਪੇ ਗਏ ਮੰਗ ਪੱਤਰ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਨੂੰ ਸੂਬੇ ਭਰ ਵਿੱਚ ਟਰੈਕਟਰਾਂ, ਮੋਟਰਸਾਈਕਲਾਂ ‘ਤੇ ਵਿਧਾਇਕਾਂ ਦੇ ਦਫ਼ਤਰਾਂ ਅਤੇ ਘਰਾਂ ਵੱਲ ਮਾਰਚ ਕਰਦਿਆਂ 92 ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਮੰਗ ਪੱਤਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਗਈ ਕਿ ਅੱਗ ਲੱਗਣ ਕਾਰਨ ਨੁਕਸਾਨੀਆਂ ਫਸਲਾਂ, ਮੌਸਮ ਦੀ ਮਾਰ ਕਾਰਨ ਕਣਕ ਦੇ ਘਟੇ ਝਾੜ ਲਈ ਪਹਿਲ ਦੇ ਆਧਾਰ ‘ਤੇ ਮੁਆਵਜ਼ਾ ਦਿੱਤਾ ਜਾਵੇ।
ਇਸ ਤੋਂ ਇਲਾਵਾ ਗੰਨੇ ਦਾ ਬਣਦਾ 900 ਕਰੋੜ ਰੁਪਏ ਦਾ ਬਕਾਇਆ, ਫਸਲੀ ਵਿਭਿੰਨਤਾ ਦੇ ਮੱਦੇਨਜ਼ਰ ਮੱਕੀ, ਮੂੰਗੀ, ਸੂਰਜਮੁਖੀ ਸਮੇਤ ਸਬਜ਼ੀਆਂ ‘ਤੇ ਐੱਮਐੱਸਪੀ ਦੇ ਨਾਲ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਵੇ। ਝੋਨੇ ਦੀ ਲਵਾਈ ਲਈ ਇੱਕ ਜੂਨ ਤੋਂ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨ ਹੇਠਲੇ ਪਾਣੀ ਦੇ ਪ੍ਰਬੰਧ, ਨਹਿਰੀ ਪਾਣੀ ਦੇ ਪ੍ਰਬੰਧ ਲਈ ਢੁੱਕਵੀਂ ਨੀਤੀ ਬਣਾਈ ਜਾਵੇ। ਦਰਿਆਵਾਂ ਵਿੱਚ ਡਿੱਗਦੇ ਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਦੀ ਰੋਕਥਾਮ ਲਈ ਕਦਮ ਚੁੱਕੇ ਜਾਣ। ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇ ਰਹਿੰਦੇ ਕੇਸਾਂ ਦਾ ਨਿਬੇੜਾ ਕੀਤਾ ਜਾਵੇ। ਹਰ ਤਰ੍ਹਾਂ ਦੇ ਕਿਸਾਨੀ ਕਰਜ਼ੇ ਰੱਦ ਕੀਤੇ ਜਾਣ।
ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਜਾਣ। ਹਾਈਵੇਅ ਲਈ ਜ਼ਮੀਨਾਂ ਐਕੁਆਇਰ ਕਰਨ ਦੇ ਵੱਖ-ਵੱਖ ਮਸਲਿਆਂ ਦਾ ਨਿਬੇੜਾ ਕੀਤਾ ਜਾਵੇ। ਮੰਗ ਪੱਤਰ ਰਾਹੀਂ ਸਰਕਾਰ ਨੂੰ 25 ਮਈ ਤੱਕ ਦਾ ਸਮਾਂ ਦਿੰਦੇ ਹੋਏ ਕਿਸਾਨੀ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਵੱਖ ਵੱਖ ਥਾਈਂ ਹੋਏ ਇਕੱਠਾਂ ਨੂੰ ਭਾਰਤੀ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਬੀਕੇਯੂ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀਕੇਯੂ-ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਔਲਖ, ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਬਹਿਰੂ, ਭਾਰਤੀ ਕਿਸਾਨ ਮੰਚ ਦੇ ਬੂਟਾ ਸਿੰਘ ਸ਼ਾਦੀਪੁਰ, ਦੋਆਬਾ ਕਿਸਾਨ ਕਮੇਟੀ ਦੇ ਜੰਗਬੀਰ ਚੌਹਾਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁਕੇਸ਼ ਚੰਦਰ, ਕਿਸਾਨ ਬਚਾਓ ਮੋਰਚਾ ਦੇ ਕਿਰਪਾ ਸਿੰਘ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਕਿਰਨਜੀਤ ਸਿੰਘ ਸੇਖ਼ੋਂ, ਦੋਆਬਾ ਕਿਸਾਨ ਯੂਨੀਅਨ ਦੇ ਕੁਲਦੀਪ ਸਿੰਘ ਵਜੀਦਪੁਰ ਅਤੇ ਬੀਕੇਯੂ ਪੰਜਾਬ ਦੇ ਫੁਰਮਾਨ ਸਿੰਘ ਸੰਧੂ ਨੇ ਸੰਬੋਧਨ ਕੀਤਾ।
ਹੰਸ ਰਾਜ ਹੰਸ ਦੇ ਪਰਿਵਾਰ ਵੱਲੋਂ ਲਈ ਪੰਚਾਇਤੀ ਜ਼ਮੀਨ ਵੀ ‘ਆਪ’ ਸਰਕਾਰ ਦੇ ਨਿਸ਼ਾਨੇ ‘ਤੇ
ਚੰਡੀਗੜ੍ਹ : ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਸਫੀਪੁਰ (ਜਲੰਧਰ) ਦੀ 99 ਸਾਲਾਂ ਲਈ ਪਟੇ ‘ਤੇ ਲਈ ਪੰਚਾਇਤੀ ਜ਼ਮੀਨ ਵੀ ‘ਆਪ’ ਸਰਕਾਰ ਦੇ ਨਿਸ਼ਾਨੇ ‘ਤੇ ਆ ਗਈ ਹੈ। ਪੰਚਾਇਤੀ ਰਿਕਾਰਡ ਅਨੁਸਾਰ, ਗਾਇਕ ਹੰਸ ਰਾਜ ਹੰਸ ਦੇ ਸਕੇ ਭਰਾ ਅਮਰੀਕ ਸਿੰਘ ਨੇ ਪਿੰਡ ਸਫੀਪੁਰ ਦਾ ਸਰਪੰਚ ਹੁੰਦਿਆਂ 23 ਜੂਨ 2009 ਨੂੰ ਪੰਚਾਇਤ ਤਰਫ਼ੋਂ ਪੰਚਾਇਤੀ ਜ਼ਮੀਨ ‘ਚੋਂ 6.5 ਏਕੜ ਜ਼ਮੀਨ ਆਪਣੇ ਭਤੀਜੇ ਨਵਰਾਜ ਹੰਸ ਪੁੱਤਰ ਹੰਸ ਰਾਜ ਹੰਸ ਨੂੰ 99 ਸਾਲਾਂ ਲਈ ਪ੍ਰਤੀ ਏਕੜ 1100 ਰੁਪਏ ਸਾਲਾਨਾ ਪਟੇ ‘ਤੇ ਦੇ ਦਿੱਤੀ ਸੀ। ਪਟੇ ਦੀ ਮਿਆਦ 15 ਜੂਨ 2108 ਤੱਕ ਲਿਖੀ ਗਈ ਹੈ। ਪਟੇਦਾਰ ਨੇ ਪੰਚਾਇਤ ਨੂੰ 10.89 ਲੱਖ ਪੇਸ਼ਗੀ ਰਕਮ ਵੀ ਦਿੱਤੀ ਸੀ। ਰੌਲਾ ਪੈਣ ਤੋਂ ਪਹਿਲਾਂ ਮੌਜੂਦਾ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਫ਼ਾਰਸ਼ ‘ਤੇ 27 ਦਸੰਬਰ 2021 ਨੂੰ ਮਤਾ ਪਾਸ ਕੀਤਾ ਕਿ ਜੋ ਪੰਚਾਇਤ ਦੀ 6.5 ਏਕੜ ਜ਼ਮੀਨ ਨਵਰਾਜ ਹੰਸ ਕੋਲ ਹੈ, ਉਸ ਨੂੰ ਸਰਕਾਰ ਕਿਸੇ ਵਿਦਿਅਕ ਅਦਾਰੇ ਜਾਂ ਫਿਰ ਸੂਫ਼ੀ ਘਰਾਣੇ ਦੇ ਇੰਸਟੀਚਿਊਟ ਆਦਿ ਲਈ ਵਰਤ ਸਕਦੀ ਹੈ, ਪਰ ਮਾਲਕੀ ਪੰਚਾਇਤ ਦੀ ਰਹੇਗੀ।

 

Check Also

‘ਲੋਕ ਮਿਲਣੀ’ ਵਿਚ ਭਗਵੰਤ ਮਾਨ ਨੇ ਸੁਣੀਆਂ 61 ਸ਼ਿਕਾਇਤਾਂ

ਪੰਜਾਬ ਭਵਨ ‘ਚ ਸੀਐਮ ਦੇ ਪ੍ਰੋਗਰਾਮ ਵਿਚ ਤੈਅ ਸੰਖਿਆ ਤੋਂ ਜ਼ਿਆਦਾ ਵਿਅਕਤੀ ਪਹੁੰਚੇ ਬਿਨਾ ਰਜਿਸਟ੍ਰੇਸ਼ਨ …