-11.5 C
Toronto
Friday, January 23, 2026
spot_img
Homeਪੰਜਾਬਬਗਾਵਤੀ ਬੀਬੀਆਂ ਨੂੰ ਮਨਾਉਣ ਵਿੱਚ ਅਸਫਲ ਰਹੇ ਸੁਖਬੀਰ ਸਿੰਘ ਬਾਦਲ

ਬਗਾਵਤੀ ਬੀਬੀਆਂ ਨੂੰ ਮਨਾਉਣ ਵਿੱਚ ਅਸਫਲ ਰਹੇ ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ‘ਚ ਬਗਾਵਤ ਹੋਰ ਵਧਣ ਦੇ ਆਸਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਨਵੀਂ ਪ੍ਰਧਾਨ ਲਾਏ ਜਾਣ ਤੋਂ ਬਾਅਦ ਟਕਸਾਲੀ ਮਹਿਲਾ ਆਗੂਆਂ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਪਾਰਟੀ ‘ਚ ਪੈਦਾ ਹੋਈਆਂ ਬਗਾਵਤੀ ਸੁਰਾਂ ਨੂੰ ਮੱਠਾ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮੈਦਾਨ ਵਿੱਚ ਆ ਗਏ ਹਨ। ਬਾਦਲ ਨੇ ਚੰਡੀਗੜ੍ਹ ‘ਚ ਪਾਰਟੀ ਦੇ ਮਹਿਲਾ ਵਿੰਗ ਨਾਲ ਸਬੰਧਤ ਮੋਹਰੀ ਦਰਜਨ ਤੋਂ ਵੱਧ ਮਹਿਲਾ ਆਗੂਆਂ ਨਾਲ ਮੀਟਿੰਗ ਕੀਤੀ।
ਸੂਤਰਾਂ ਦਾ ਦੱਸਣਾ ਹੈ ਕਿ ਸੁਖਬੀਰ ਬਾਦਲ ਨੂੰ ‘ਬਾਗੀ ਬੀਬੀਆਂ’ ਦੇ ਸਖ਼ਤ ਰੁਖ਼ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਬੀਬੀਆਂ ਨੇ ਆਂਗਨਵਾੜੀ ਯੂਨੀਅਨ ਦੀ ਆਗੂ ਹਰਗੋਬਿੰਦ ਕੌਰ ਨੂੰ ਵਿੰਗ ਦੀ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਫੈਸਲੇ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਅੰਦਰ ਜਮਹੂਰੀਅਤ ਨਹੀਂ ਰਹੀ। ਬੀਬੀਆਂ ਨੇ ਕਿਹਾ ਕਿ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤੀ ਜਾ ਰਹੀ ਹੈ ਤੇ ਵਿੰਗ ਦੀ ਕਿਸੇ ਵੀ ਮਹਿਲਾ ਨਾਲ ਸਲਾਹ ਮਸ਼ਵਰਾ ਤਾਂ ਦੂਰ ਦੀ ਗੱਲ ਭਿਣਕ ਤੱਕ ਨਹੀਂ ਪੈਣ ਦਿੱਤੀ। ਸੂਤਰਾਂ ਦਾ ਦੱਸਣਾ ਹੈ ਕਿ ਸੁਖਬੀਰ ਬਾਦਲ ਨਾਲ ਹੋਈ ਇਸ ਮੀਟਿੰਗ ਦੌਰਾਨ ਮਹਿਲਾ ਵਿੰਗ ਦੀਆਂ ਬੀਬੀਆਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਹਰਗੋਬਿੰਦ ਕੌਰ ਨੂੰ ਤੁਰੰਤ ਪ੍ਰਧਾਨਗੀ ਤੋਂ ਲਾਹਿਆ ਨਹੀਂ ਜਾਂਦਾ ਤਾਂ ਪਾਰਟੀ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਬਾਦਲ ਨੇ ਬਾਗੀ ਬੀਬੀਆਂ ਦੀ ਗੱਲ ਸੁਣਨ ਤੋਂ ਬਾਅਦ ਮਾਮਲੇ ‘ਤੇ ਵਿਚਾਰ ਕਰਨ ਲਈ ਸਮਾਂ ਮੰਗਿਆ ਹੈ ਤੇ ਇਹ ਮੰਨਿਆ ਕਿ ਨਿਯੁਕਤੀ ਸਮੇਂ ਭਰੋਸੇ ‘ਚ ਲਿਆ ਜਾਣਾ ਚਾਹੀਦਾ ਸੀ। ਬੀਬੀਆਂ ਦੇ ਬਾਗੀ ਧੜੇ ਦੀ ਆਗੂ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਭਰੋਸੇ ਤੋਂ ਬਾਅਦ ‘ਬਾਗੀ ਸਰਗਰਮੀਆਂ’ ਦਸ ਕੁ ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦਸ ਦਿਨਾਂ ਦੇ ਅੰਦਰ-ਅੰਦਰ ਇਸ ਮਾਮਲੇ ਦਾ ਕੋਈ ਹੱਲ ਨਾ ਕੱਢਿਆ ਤੇ ਪ੍ਰਧਾਨਗੀ ਦਾ ਫੈਸਲਾ ਨਾ ਬਦਲਿਆ ਤਾਂ ਬੀਬੀਆਂ ਦਾ ਧੜਾ ਆਪਣਾ ਆਖ਼ਰੀ ਫੈਸਲਾ ਲੈਣ ਲਈ ਮਜ਼ਬੂਰ ਹੋਵੇਗਾ। ਇਸ ਮੀਟਿੰਗ ‘ਚ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਮੀਤ ਪ੍ਰਧਾਨ ਹਰਪ੍ਰੀਤ ਕੌਰ ਬਰਨਾਲਾ, ਕੁਲਦੀਪ ਕੌਰ ਕੰਗ, ਸਤਵੰਤ ਕੌਰ ਜੌਹਲ, ਰਾਜਵੀਰ ਕੌਰ ਕੰਗ, ਸੁਰਿੰਦਰ ਕੌਰ, ਮਨਪ੍ਰੀਤ ਕੌਰ ਡੌਲੀ ਅਤੇ ਹੋਰ ਸ਼ਾਮਲ ਸਨ। ਦੂਜੇ ਪਾਸੇ ਮੀਟਿੰਗ ਵਿੱਚ ਬਲਵਿੰਦਰ ਸਿੰਘ ਭੂੰਦੜ ਡਾ. ਦਲਜੀਤ ਸਿੰਘ ਚੀਮਾ ਅਤੇ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ।

RELATED ARTICLES
POPULAR POSTS