-11.5 C
Toronto
Friday, January 23, 2026
spot_img
Homeਪੰਜਾਬਲਸ਼ਕਰ ਨਾਲ ਜੁੜੀਆਂ ਪੰਜਾਬ ਦੇ ਦੋ ਜੇਲ੍ਹ ਅਧਿਕਾਰੀਆਂ ਦੀਆਂ ਤਾਰਾਂ

ਲਸ਼ਕਰ ਨਾਲ ਜੁੜੀਆਂ ਪੰਜਾਬ ਦੇ ਦੋ ਜੇਲ੍ਹ ਅਧਿਕਾਰੀਆਂ ਦੀਆਂ ਤਾਰਾਂ

ਮੋਬਾਇਲ ਫੋਨ ਰਾਹੀਂ ਪਾਕਿ ‘ਚ ਬੈਠੇ ਅਕਾਵਾਂ ਨਾਲ ਗੱਲ ਕਰਨ ਦੀ ਦਿੰਦੇ ਹਨ ਆਗਿਆ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਮੋਬਾਈਲ ਫੋਨਾਂ ਰਾਹੀਂ ਪਾਕਿਸਤਾਨ ਵਿਚ ਬੈਠੇ ਆਪਣੇ ਆਕਾਵਾਂ ਅਤੇ ਭਾਰਤ ਵਿੱਚ ਗੱਲ ਕਰਨ ਦੀ ਆਗਿਆ ਦੇਣ ਅਤੇ ਡਿਊਟੀ ਵਿਚ ਅਣਗਹਿਲੀ ਦੇ ਦੋਸ਼ੀ ਪਾਏ ਜਾਣ ਵਾਲੇ ਦੋ ਜੇਲ੍ਹ ਸੁਪਰਡੈਂਟ ਕਟਹਿਰੇ ਵਿਚ ਆ ਗਏ ਹਨ। ਜੈਪੁਰ ਦੀ ਇਕ ਅਦਾਲਤ ਨੇ 10 ਦਸੰਬਰ ਨੂੰ ਲਸ਼ਕਰ ਦੇ ਅੱਠ ਅੱਤਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿਚੋਂ ਦੋ ਅੱਤਵਾਦੀ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਸਨ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਲਸ਼ਕਰ-ਏ-ਤੋਇਬਾ ਦਾ ਸ਼ੱਕਰ ਉੱਲ੍ਹਾ ਅਤਿ-ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਅਤੇ ਮੁਹੰਮਦ ਇਕਬਾਲ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਜਦੋਂਕਿ ਬਾਕੀ ਲਸ਼ਕਰ ਮੈਂਬਰ ਭਾਰਤ ਵਿਚ ਹੋਰ ਜੇਲ੍ਹਾਂ ਵਿੱਚ ਬੰਦ ਸਨ।
ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਇਨ੍ਹਾਂ ਵੱਲੋਂ ਫੋਨਾਂ ਰਾਹੀਂ ਪਾਕਿਸਤਾਨ ਵਿਚ ਬੈਠੇ ਆਪਣੇ ਆਕਾਵਾਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਅਤੇ ਭਾਰਤ ਵਿੱਚ ਆਪਣੀ ਜਥੇਬੰਦੀ ਲਈ ਭਰਤੀ ਕੀਤੀ ਜਾਂਦੀ ਸੀ। ਇਨ੍ਹਾਂ ਵੱਲੋਂ ਪਾਕਿ ਵਿਚ ਬੈਠੇ ਲਸ਼ਕਰ ਕਮਾਂਡਰ ਵਾਲਿਦ ਉਰਫ਼ ਵਿੱਕੀ ਦੇ ਇਸ਼ਾਰੇ ‘ਤੇ ਕੰਮ ਕੀਤਾ ਜਾ ਰਿਹਾ ਸੀ। ਕੇਂਦਰੀ ਸੂਹੀਆ ਏਜੰਸੀਆਂ ਦੇ ਅਲਰਟ ਬਾਅਦ ਰਾਜਸਥਾਨ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ 2010 ਵਿਚ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 110 ਸਫਿਆਂ ਦੇ ਹੁਕਮ ਵਿੱਚ ਅਦਾਲਤ ਨੇ ਜੇਲ੍ਹ ਅਧਿਕਾਰੀਆਂ ‘ਤੇ ਮੁਲਜ਼ਮਾਂ ਨੂੰ ਮੋਬਾਈਲ ਫੋਨ ਵਰਤਣ ਦੀ ‘ਖੁੱਲ੍ਹੀ ਛੋਟ’ ਦੇਣ ਦਾ ਦੋਸ਼ ਲਾਇਆ ਹੈ। ਅਦਾਲਤ ਨੇ ਰਾਜਸਥਾਨ ਅਤੇ ਪੰਜਾਬ ਦੇ ਗ੍ਰਹਿ ਵਿਭਾਗਾਂ ਨੂੰ ਕ੍ਰਮਵਾਰ ਜੋਧਪੁਰ (ਰਾਜਸਥਾਨ) ਅਤੇ ਪੰਜਾਬ ਦੀਆਂ ਨਾਭਾ ਅਤੇ ਅੰਮ੍ਰਿਤਸਰ ਜੇਲ੍ਹ ਦੇ ਤਤਕਾਲੀ ਸੁਪਰਡੈਂਟਾਂ ਖ਼ਿਲਾਫ਼ ਕਾਰਵਾਈ ਲਈ ਕਿਹਾ ਹੈ।
ਵਧੀਕ ਡੀਜੀਪੀ (ਜੇਲ੍ਹਾਂ) ਆਈਪੀਐਸ ਸਹੋਤਾ ਨੇ ਦੱਸਿਆ, ‘ਸਾਨੂੰ ਦੋ ਦਿਨ ਪਹਿਲਾਂ ਅਦਾਲਤ ਕੋਲੋਂ ਹੁਕਮ ਮਿਲੇ ਹਨ ਅਤੇ ਜੇਲ੍ਹ ਅਧਿਕਾਰੀਆਂ ਦੀ ਭੂਮਿਕਾ ਪਤਾ ਲਗਾਉਣ ਵਾਸਤੇ ਆਈਜੀ (ਜੇਲ੍ਹਾਂ) ਰੂਪ ਕੁਮਾਰ ਅਰੋੜਾ ਨੂੰ ਪੜਤਾਲ ਸੌਂਪੀ ਗਈ ਹੈ। ਅਸੀਂ ਇਸ ਕੇਸ ਦੀ ਹਰ ਪੱਖ ਤੋਂ ਪੜਤਾਲ ਕਰਾਂਗੇ ਅਤੇ ਗ੍ਰਹਿ ਵਿਭਾਗ ਨੂੰ ਜਾਂਚ ਰਿਪੋਰਟ ਸੌਂਪੀ ਜਾਵੇਗੀ।’
ਉਨ੍ਹਾਂ ਮੁਤਾਬਕ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਦੋ ਜੇਲ੍ਹਾਂ ਵਿੱਚ ਜੈਮਰ ਕੰਮ ਨਹੀਂ ਕਰ ਰਹੇ ਸਨ ਅਤੇ ਜੇਲ੍ਹ ਅਧਿਕਾਰੀਆਂ ਨੇ ‘ਅੱਤਵਾਦੀਆਂ ਨਾਲ ਮਿਲੀਭੁਗਤ’ ਕਰਕੇ ਮੋਬਾਈਲ ਫੋਨ ਅੰਦਰ ਲਿਜਾਣ ਦੀ ਆਗਿਆ ਦਿੱਤੀ। ਆਈਜੀ (ਜੇਲ੍ਹਾਂ) ਰੂਪ ਕੁਮਾਰ ਅਰੋੜਾ ਨੇ ਕਿਹਾ ਕਿ ਜੇਲ੍ਹ ਵਿਚ ਮੋਬਾਈਲ ਕਿਵੇਂ ਪਹੁੰਚੇ ਅਤੇ ਜੇਲ੍ਹ ਅਧਿਕਾਰੀਆਂ ਦੀ ਭੂਮਿਕਾ ਬਾਰੇ ਪੜਤਾਲ ਕੀਤੀ ਜਾਵੇਗੀ।

RELATED ARTICLES
POPULAR POSTS