ਬਠਿੰਡਾ ਹਲਕੇ ਤੋਂ ਖੁਦ ਚੋਣ ਲੜਨ ਦੇ ਦਿੱਤੇ ਸੰਕੇਤ
ਬਠਿੰਡਾ : ਪੰਜਾਬੀ ਏਕਤਾ ਪਾਰਟੀ ਬਣਾਉਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵੱਲੋਂ ਐਤਵਾਰ ਨੂੰ ਆਪਣੀ ਪਾਰਟੀ ਦੇ ਪਹਿਲੇ ਦਫ਼ਤਰ ਦਾ ਉਦਘਾਟਨ ਬਠਿੰਡਾ ਵਿਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਪ੍ਰੈੱਸ ਕਾਨਫਰੰਸ ਵੀ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਕਾਂਗਰਸ ਨੂੰ ਟੱਕਰ ਦੇਣ ਲਈ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਸਾਰੀਆਂ ਸੀਟਾਂ ‘ਤੇ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਖ਼ੁਦ ਚੋਣ ਲੜਨ ਦੇ ਵੀ ਸੰਕੇਤ ਦਿੱਤੇ, ਭਾਵੇ ਚੋਣ ਲੜਨ ਦਾ ਫ਼ੈਸਲਾ ਵਰਕਰਾਂ ਤੇ ਹਮਖਿਆਲੀ ਪਾਰਟੀਆਂ ਦੇ ਹੱਥ ਹੋਣ ਦੀ ਗੱਲ ਕਹੀ।
ਇਸ ਮੌਕੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਆਗਾਮੀ ਚੋਣਾਂ ਮੌਕੇ ‘ਆਪ’ ਨਾਲ ਸਮਝੌਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਬੇਸ਼ੱਕ ‘ਆਪ’ ਵਾਲੇ ਨਫ਼ਰਤ ਦੀ ਰਾਜਨੀਤੀ ਕਰਦੇ ਹਨ, ਪਰ ਉਨ੍ਹਾਂ (ਖਹਿਰਾ) ਦੇ ਦਰਵਾਜ਼ੇ ਹਮੇਸ਼ਾ ‘ਆਪ’ ਲਈ ਖੁੱਲ੍ਹੇ ਹਨ। ਉਨ੍ਹਾਂ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ 20 ਜਨਵਰੀ ਨੂੰ ਬਰਨਾਲਾ ਵਿਚ ਬਿਕਰਮ ਮਜੀਠੀਆ ਵਿਰੁੱਧ ਰੈਲੀ ਕਰਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਇਸ ਰੈਲੀ ਵਿਚ ਭਗਵੰਤ ਮਾਨ ਕੇਜਰੀਵਾਲ ਸਾਹਿਬ ਤੋਂ ਮਜੀਠੀਆ ਤੋਂ ਮੰਗੀ ਮੁਆਫ਼ੀ ਬਾਰੇ ਸਪਸ਼ਟ ਕਰਨ। ਖਹਿਰਾ ਨੇ ਜਸਟਿਸ ਜ਼ੋਰਾ ਸਿੰਘ ‘ਤੇ ਦੋਸ਼ ਲਾਏ ਕਿ ਬੇਅਦਬੀ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਗਈ। ਖਹਿਰਾ ਨੇ ਜਸਟਿਸ ਜ਼ੋਰਾ ਕਮਿਸ਼ਨ ਨੂੰ ਬੋਗਸ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਕਾਂਗਰਸੀ ਸਟੇਜ ਤੋਂ ਕਾਂਗਰਸ ਦੇ ਹੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਸ਼ੇ ਦੇ ਮੁੱਦੇ ‘ਤੇ ਦਿੱਤੇ ਬਿਆਨ ਨੂੰ ਕੈਪਟਨ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਬੇਕਸੂਰ ਲੋਕਾਂ ਨੂੰ ਫੜ ਕੇ ਕਾਰਵਾਈ ਕਰ ਰਹੀ ਹੈ, ਜਦੋਂਕਿ ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਇਕ ਹੋਰ ਵਿਧਾਇਕ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਵੇਗਾ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਦੀਪਕ ਬਾਂਸਲ ਬਠਿੰਡਾ ਵੀ ਹਾਜ਼ਰ ਸਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …