ਚਿੱਟੇ ਦਾ ਨਸ਼ਾ ਵਧਾ ਰਿਹਾ ਹੈ ਏਡਜ਼ ਦਾ ਫੈਲਾਅ , ਇੱਕ ਹੀ ਸਰਿੰਜ ਦੀ ਵਰਤੋਂ ਨਾਲ ਨੌਜਵਾਨੀ ਖ਼ਤਰੇ ਵਿੱਚ
ਪਠਾਨਕੋਟ / ਬਿਊਰੋ ਨੀਊਜ਼
ਡਾ: ਪਰਵਿੰਦਰ ਕੌਰ ਅਨੁਸਾਰ ਪੰਜ ਸਾਲ ਪਹਿਲਾਂ ਸਿਰਫ਼ ਟਰੱਕ ਡਰਾਈਵਰ ਅਤੇ ਪ੍ਰੇਮੀ ਜੋੜੇ ਹੀ ਏਡਜ਼ ਤੋਂ ਪ੍ਰਭਾਵਿਤ ਹੁੰਦੇ ਸਨ, ਪਰ ਹੁਣ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਸੰਕਰਮਿਤ ਮਰੀਜ਼ਾਂ ਵਿੱਚ 7 ਪ੍ਰਤੀਸ਼ਤ ਨਸ਼ੇੜੀ, 6.9 ਪ੍ਰਤੀਸ਼ਤ ਟਰੱਕ ਡਰਾਈਵਰ ਅਤੇ 80 ਪ੍ਰਤੀਸ਼ਤ ਜੋੜੇ ਸ਼ਾਮਲ ਹਨ।
ਪੰਜਾਬ ਵਿੱਚ ਚਿੱਟੇ (ਸਿੰਥੈਟਿਕ ਨਸ਼ੇ) ਦਾ ਨਸ਼ਾ ਏਡਜ਼ ਦੇ ਫੈਲਾਅ ਨੂੰ ਜਨਮ ਦੇ ਰਿਹਾ ਹੈ। ਹੁਣ ਨਾਬਾਲਗ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਸਿਹਤ ਵਿਭਾਗ ਦੀ ਇੱਕ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਕਰਨ ਕਾਰਨ ਏਡਜ਼ ਦੇ ਮਾਮਲੇ ਵੱਧ ਰਹੇ ਹਨ। ਪਠਾਨਕੋਟ ਜ਼ਿਲ੍ਹੇ ਵਿੱਚ ਇੱਕ ਸਾਲ ਵਿੱਚ 150 ਲੋਕ ਏਡਜ਼ ਤੋਂ ਪੀੜਤ ਪਾਏ ਗਏ ਹਨ। ਹਰ ਮਹੀਨੇ ਲਗਭਗ 12 ਮਰੀਜ਼ ਸੰਕਰਮਿਤ ਹੋ ਰਹੇ ਹਨ। ਇਨ੍ਹਾਂ ਵਿੱਚੋਂ 18 ਤੋਂ 20 ਸਾਲ ਦੇ ਨੌਜਵਾਨਾਂ ਦੀ ਗਿਣਤੀ 50 ਹੈ।