Breaking News
Home / ਪੰਜਾਬ / ਪਤਨੀਆਂ ਨੂੰ ਛੱਡ ਕੇ ਵਿਦੇਸ਼ ਭੱਜੇ ਲਾੜਿਆਂ ਦੀ ਹੁਣ ਖੈਰ ਨਹੀਂ

ਪਤਨੀਆਂ ਨੂੰ ਛੱਡ ਕੇ ਵਿਦੇਸ਼ ਭੱਜੇ ਲਾੜਿਆਂ ਦੀ ਹੁਣ ਖੈਰ ਨਹੀਂ

ਦੋਸ਼ੀਆਂ ਨੂੰ ਵਿਦੇਸ਼ ਤੋਂ ਡੀਪੋਰਟ ਕਰਵਾਉਣ ਲਈ ਅੰਮ੍ਰਿਤਸਰ ’ਚ ਵੱਖਰਾ ਯੂਨਿਟ ਕਾਇਮ
ਜਲੰਧਰ/ਬਿਊਰੋ ਨਿਊਜ਼ : ਭਾਰਤ ਵਿਚ ਵਿਆਹ ਕਰਵਾ ਕੇ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜ ਗਏ ਲਾੜੇ ਹੁਣ ਜੇਲ੍ਹਾਂ ਦੀਆਂ ਸਲਾਖ਼ਾਂ ਤੋਂ ਬਚ ਨਹੀਂ ਸਕਣਗੇ, ਚਾਹੇ ਉਹ ਵਿਦੇਸ਼ ਵਿਚ ਪੱਕੇ ਹੋਣ ਜਾਂ ਕੱਚੇ। ਅਜਿਹੇ ਕਥਿਤ ਦੋਸ਼ੀਆਂ ਨੂੰ ਵਿਦੇਸ਼ ਤੋਂ ਡੀਪੋਰਟ ਕਰਵਾਉਣ ਲਈ ਖੇਤਰੀ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਨੇ ਵੱਖਰਾ ਯੂਨਿਟ ਕਾਇਮ ਕਰ ਦਿੱਤਾ ਹੈ। ਇਸ ਯੂਨਿਟ ਵਿਚ ਕੇਵਲ ਤੇ ਕੇਵਲ ਅਜਿਹੇ ਕੇਸ ਹੀ ਵਿਚਾਰੇ ਜਾਂਦੇ ਹਨ ਅਤੇ ਦੋਸ਼ੀਆਂ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ । ਖੇਤਰੀ ਪਾਸਪੋਰਟ ਅਧਿਕਾਰੀ ਮੁਨੀਸ਼ ਕਪੂਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿਚ 40 ਹਜ਼ਾਰ ਦੇ ਕਰੀਬ ਅਜਿਹੇ ਕੇਸ ਹਨ, ਜਿਸ ਵਿਚ ਲਾੜੇ ਵਿਆਹ ਕਰਵਾ ਕੇ ਵਿਦੇਸ਼ ਭੱਜ ਗਏ ਅਤੇ ਵਾਪਸ ਨਹੀਂ ਪਰਤੇ। ਬਹੁਤੀਆਂ ਅਜਿਹੀਆਂ ਲੜਕੀਆਂ ਆਪਣੇ ਪੇਕੇ ਘਰਾਂ ਵਿਚ ਹੀ ਰਹਿ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਹੁਣ ਸਥਾਨਕ ਰਣਜੀਤ ਐਵੀਨਿਊ ਸਥਿਤ ਪਾਸਪੋਰਟ ਦਫ਼ਤਰ ਵਿਚ ਇਨ੍ਹਾਂ ਕੇਸਾਂ ਨਾਲ ਨਿਜੱਠਣ ਲਈ ਵੱਖਰਾ ਸੈੱਲ ਕਾਇਮ ਕਰ ਦਿੱਤਾ ਹੈ, ਜਿੱਥੇ ਕਿ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀਆਂ ਪੀੜਤ ਧੀਆਂ, ਜਿਨ੍ਹਾਂ ਨੇ ਅਜਿਹੇ ਕੇਸਾਂ ਵਿਚ ਲੜਕੇ ਵਿਰੁੱਧ ਅਪਰਾਧਿਕ ਕੇਸ ਦਰਜ ਕਰਵਾਇਆ ਹੈ, ਉਹ ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ। ਕਪੂਰ ਨੇ ਦੱਸਿਆ ਕਿ ਅਜਿਹੇ ਕੇਸਾਂ ਨੂੰ ਵਿਚਾਰ ਕੇ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਭਗੌੜੇ ਹੋਏ ਲੜਕਿਆਂ ਦੇ ਪਾਸਪੋਰਟ ਆਨ ਲਾਇਨ ਜ਼ਬਤ ਕਰ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਦੇਸ਼ਾਂ, ਜਿਨ੍ਹਾਂ ਨਾਲ ਭਾਰਤ ਦੀਆਂ ਵੱਖ-ਵੱਖ ਸੰਧੀਆਂ ਹੋ ਚੁੱਕੀਆਂ ਹਨ, ਦੇ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਅਜਿਹੇ ਲੜਕਿਆਂ ਨੂੰ ਅਪਰਾਧਿਕ ਕੇਸ ਦੇ ਆਧਾਰ ‘ਤੇ ਭਾਰਤ ਲਿਆਂਦਾ ਜਾ ਸਕਦਾ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …