ਕੈਗ ਨੇ ਇਨ੍ਹਾਂ ਖਰਚਿਆਂ ‘ਤੇ ਸਹੀ ਪਾਉਣ ਤੋਂ ਕੀਤਾ ਇਨਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਬਾਦਲਾਂ ਨੂੰ ਸੱਤਾ ਤੋਂ ਲਾਂਭੇ ਹੋਇਆਂ ਦੋ ਸਾਲ ਹੋਣ ਵਾਲੇ ਹਨ, ਪਰ ਉਨ੍ਹਾਂ ਦੇ ਬਾਲਾਸਰ ਫਾਰਮ ਅਤੇ ਬਾਬਿਆਂ ਦੇ ਡੇਰਿਆਂ ਦੇ ਹਵਾਈ ਗੇੜਿਆਂ ਦਾ ਖਰਚਾ ਅਜੇ ਤੱਕ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਪਹਿਲਾਂ ਸਫ਼ਾਈ ਦਿੱਤੀ ਸੀ ਕਿ ਇਹ ਸਾਰੇ ਹਵਾਈ ਗੇੜੇ ਲੋਕ ਹਿੱਤ ਵਿਚ ਲਾਏ ਗਏ ਸਨ, ਪਰ ਇਸ ਨਾਲ ਮਹਾਲੇਖਾਕਾਰ (ਕੈਗ) ਦੀ ਤਸੱਲੀ ਨਹੀਂ ਹੋਈ। ਵਿਭਾਗ ਵਲੋ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੈਗ ਨੇ ਆਪਣੇ ਲੇਖੇ-ਜੋਖੇ ਵਿਚ ਇਨ੍ਹਾਂ ਖਰਚਿਆਂ ‘ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਕਤੂਬਰ ਮਹੀਨੇ ਕੈਗ ਨੇ ਆਪਣੇ ਨੋਟ ਵਿਚ ਕਿਹਾ ਸੀ ਕਿ ‘ਵਿਭਾਗ ਵਲੋਂ ਦਿੱਤਾ ਗਿਆ ਸਪੱਸ਼ਟੀਕਰਨ ਤਸੱਲੀਬਖ਼ਸ਼ ਨਹੀਂ ਹੈ।’ ਬਾਦਲਾਂ ਨੇ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਹੈਲੀਕਾਪਟਰ ਦੇ ਝੂਟਿਆਂ ‘ਤੇ 157 ਕਰੋੜ ਰੁਪਏ ਖਰਚ ਦਿੱਤੇ ਸਨ। ਬਾਦਲ ਪਿਓ-ਪੁੱਤਰ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਦੇ ਹੋਰ ਜੀਅ ਵੀ ਹਵਾਈ ਝੂਟੇ ਮਾਣਦੇ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਆਗੂਆਂ ਨੂੰ ਸਿਆਸੀ ਰੈਲੀਆਂ ਵਿਚ ਲਿਆਉਣ ਲਈ ਵੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਰਹੀ ਸੀ ਅਤੇ ਦੋ ਵਾਰ ਆਰਟ ਆਫ ਲਿਵਿੰਗ ਵਾਲੇ ਸ੍ਰੀਸ੍ਰੀ ਰਵੀਸ਼ੰਕਰ ਖ਼ਾਤਰ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ।ਰੋਪੜ ਦੇ ਆਰਟੀਆਈ ਕਾਰਕੁਨ ਦਿਨੇਸ਼ ਚੱਢਾ ਨੇ ਸ਼ਿਕਾਇਤ ਕੀਤੀ ਸੀ ਕਿ ਬਿਲਾਂ ਅਤੇ ਹੈਲੀਕਾਪਟਰ ਦੀ ਲਾਗ ਬੁੱਕਾਂ ਵਿਚ ਉਡਾਣਾਂ ਦੇ ਮੰਤਵ ਵਾਲਾ ਖ਼ਾਨਾ ਖਾਲੀ ਛੱਡ ਦਿੱਤਾ ਜਾਂਦਾ ਰਿਹਾ ਹੈ।
ਇਸ ‘ਤੇ ਕੈਗ ਨੇ 2013 ਤੋਂ 2016 ਦਰਮਿਆਨ ਰਿਕਾਰਡ ਦੀ ਪੁਣਛਾਣ ਕਰ ਕੇ ਪਾਇਆ ਕਿ ਇਸ ਦੌਰਾਨ ਹਵਾਈ ਉਡਾਣਾਂ ‘ਤੇ 26 ਕਰੋੜ ਰੁਪਏ ਖਰਚ ਕੀਤਾ ਗਿਆ ਸੀ। ਉਧਰ, ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਇਹ ਕਹਿ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਵੀਵੀਆਈਪੀਜ਼ ਨੂੰ ਸਮੱਰਥ ਅਧਿਕਾਰੀਆਂ ਤੋਂ ਮਿਲੇ ਹੁਕਮਾਂ ਮੁਤਾਬਕ ਹੀ ਹੈਲੀਕਾਪਟਰ ਮੁਹੱਈਆ ਕਰਵਾਇਆ ਸੀ ਤੇ ਉਡਾਣ ਦਾ ਮੰਤਵ ਸਰਕਾਰੀ ਕੰਮਕਾਜ ਤੱਕ ਸੀਮਤ ਸੀ ਤੇ ਉਡਾਣ ਤੋਂ ਬਾਅਦ ਪ੍ਰਵਾਨਗੀ ਲਈ ਟੂਰ ਨੋਟ ਸਬੰਧਤ ਅਧਿਕਾਰੀਆਂ ਨੂੰ ਭਿਜਵਾ ਦਿੱਤਾ ਗਿਆ ਸੀ। ਚੱਢਾ ਨੇ ਕਿਹਾ, ”ਕਾਂਗਰਸ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਬਾਦਲ ਪਰਿਵਾਰ ਵਲੋਂ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ‘ਤੇ ਬਹੁਤ ਹੋ ਹੱਲਾ ਮਚਾਇਆ ਸੀ, ਪਰ ਹੁਣ ਸ਼ਹਿਰੀ ਹਵਾਬਾਜ਼ੀ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਹੈ ਤੇ ਵਿਭਾਗ ਵਲੋਂ ਕੈਗ ਨੂੰ ਭੇਜੇ ਗਏ ਜਵਾਬ ਤੋਂ ਸਪਸ਼ਟ ਹੈ ਕਿ ਉਨ੍ਹਾਂ ਦਾ ਪੂਰਾ ਜ਼ੋਰ ਬਾਦਲਾਂ ਨੂੰ ਬਚਾਉਣ ‘ਤੇ ਲੱਗਿਆ ਹੋਇਆ ਹੈ।”
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …