ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਅੰਦਰ ਬਾਹਰੀ ਉਮੀਦਵਾਰਾਂ ਦੀ ਚਰਚਾ
ਬੰਗਾ/ਬਿਊਰੋ ਨਿਊਜ਼ : ਇਸ ਵਾਰ ਚੋਣ ਪ੍ਰਚਾਰ ਦੌਰਾਨ ਆਨੰਦਪੁਰ ਸਾਹਿਬ ਹਲਕੇ ਅੰਦਰ ਬਾਹਰੀ ਉਮੀਦਵਾਰਾਂ ਦੀ ਚਰਚਾ ਹੋ ਰਹੀ ਹੈ। ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਵਲੋਂ ਖੁਦ ਨੂੰ ਹਲਕੇ ਦਾ ਉਮੀਦਵਾਰ ਦੱਸਿਆ ਜਾ ਰਿਹਾ ਹੈ ਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਬਾਹਰਲੇ ਦੱਸਦਿਆਂ ਆਲੋਚਨਾ ਕੀਤੀ ਜਾ ਰਹੀ ਹੈ। ਗੜ੍ਹੀ ਨੇ ਕਿਹਾ ਕਿ ਕਾਂਗਰਸ ਵਲੋਂ ਵਿਜੈਇੰਦਰ ਸਿੰਗਲਾ ਹਲਕਾ ਸੰਗਰੂਰ ਤੋਂ ਲਿਆਂਦੇ ਗਏ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਲਕਾ ਪਟਿਆਲਾ ਤੋਂ ਲਿਆ ਕੇ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਆਰੋਪ ਲਾਇਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ 2014 ‘ਚ ਇੱਥੋਂ ਚੋਣ ਜਿੱਤ ਕੇ ਆਪਣੇ ਅਖਤਿਆਰੀ ਫੰਡ ‘ਚੋਂ ਬਹੁਤੀਆਂ ਗਰਾਂਟਾਂ ਦੀ ਵੰਡ ਆਪਣੇ ਜੱਦੀ ਹਲਕਾ ਘਨੌਰ ‘ਚ ਕੀਤੀ ਸੀ। ਉਨ੍ਹਾਂ ‘ਆਪ’ ਦੇ ਮਲਵਿੰਦਰ ਸਿੰਘ ਕੰਗ ਨੂੰ ਵੀ ਮਹਾਰਾਸ਼ਟਰ ਸੂਬੇ ਦੇ ਪਿਛੋਕੜ ਵਾਲਾ ਦੱਸਿਆ।
ਭਾਜਪਾ ਦੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹ ਮੁਹਾਲੀ ‘ਚ ਲੰਬੇ ਅਰਸੇ ਤੋਂ ਰਹਿ ਰਹੇ ਹਨ ਅਤੇ ਸਦਾ ਇਸ ਹਲਕੇ ਦੀ ਸੇਵਾ ਲਈ ਸਮਰਪਿਤ ਰਹਿਣਗੇ। ਕਾਂਗਰਸ ਦੇ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਚੋਣਾਂ ‘ਚ ਉਮੀਦਵਾਰ ਦੀ ਨਹੀਂ ਪਾਰਟੀ ਦੀ ਜਿੱਤ ਹੁੰਦੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਆਨੰਦਪੁਰ ਸਾਹਿਬ ਹਲਕਾ ਉਨ੍ਹਾਂ ਦਾ ਆਪਣਾ ਹਲਕਾ ਹੈ। ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਆਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਵਜੋਂ ਪਹਿਲਾਂ ਹੀ ਸੇਵਾ ਨਿਭਾ ਰਹੇ ਹਨ।
ਇਸ ਦੇ ਨਾਲ ਹੀ ਆਨੰਦਪੁਰ ਸਾਹਿਬ ਦੇ ਉਮੀਦਵਾਰਾਂ ਵਲੋਂ ਇੱਕ ਦੂਜੇ ਤੋਂ ਵੱਧ ਪੜ੍ਹੇ ਲਿਖੇ ਹੋਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਵਲੋਂ ਚੋਣ ਪ੍ਰਚਾਰ ‘ਚ ਅਰਥ ਸ਼ਾਸਤਰ ‘ਚ ਪੀਐਚਡੀ ਅਤੇ ਹਾਈ ਕੋਰਟ ‘ਚ ਵਕਾਲਤ ਕਰਨ ਦਾ ਉਚੇਚੇ ਤੌਰ ‘ਤੇ ਜ਼ਿਕਰ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਐਮ ਏ ਕੀਤੀਆਂ ਹੋਈਆਂ ਹਨ।
‘ਆਪ’ ਦੇ ਮਲਵਿੰਦਰ ਸਿੰਘ ਕੰਗ ਵਲੋਂ ਵੀ ਆਪਣੀ ਵਿੱਦਿਅਕ ਯੋਗਤਾ ਐਮਏ, ਐਲਐਲਬੀ ਨੂੰ ਉਭਾਰਿਆ ਗਿਆ ਹੈ। ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਵਿੱਦਿਅਕ ਯੋਗਤਾ ਵਿੱਚ ਕੰਪਿਊਟਰ ਸਾਇੰਸ ਦੇ ਬੀਈ ਡਿਗਰੀ ਕੋਰਸ ਨੂੰ ਦਰਜ ਕੀਤਾ ਗਿਆ ਹੈ। ਬਸਪਾ ਦੇ ਜਸਵੀਰ ਸਿੰਘ ਗੜ੍ਹੀ ਦੀ ਵਿੱਦਿਅਕ ਯੋਗਤਾ ਪਬਲਿਕ ਅਡਮਨਿਸਟਰੇਸ਼ਨ ‘ਚ ਐਮਏ ਲਿਖੀ ਗਈ ਹੈ।