
ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਹੋਏ ਨਰਾਜ਼
ਹੁਸ਼ਿਆਰਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਭਾਜਪਾ ਦੇ ਦਿੱਗਜ਼ ਆਗੂ ਅਤੇ ਐਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਵੀ ਭਾਰਤੀ ਜਨਤਾ ਪਾਰਟੀ ਛੱਡ ਸਕਦੇ ਹਨ। ਸਾਂਪਲਾ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਨਰਾਜ਼ ਚੱਲ ਰਹੇ ਹਨ। ਇਸ ਨਰਾਜ਼ਗੀ ਦੇ ਚੱਲਦਿਆਂ ਵਿਜੇ ਸਾਂਪਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰਿਵਾਰ ਹਟਾ ਦਿੱਤਾ ਸੀ। ਮੀਡੀਆ ਵਿਚ ਚਰਚਾ ਚੱਲ ਰਹੀ ਹੈ ਕਿ ਵਿਜੇ ਸਾਂਪਲਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਸਾਂਪਲਾ ਦੇ ਅਕਾਲੀ ਦਲ ਵਿਚ ਜਾਣ ਦੀ ਚਰਚਾ ਵੀ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵਿਜੇ ਸਾਂਪਲਾ ਨੇ ਟਵੀਟ ਕਰਕੇ ਕਿਹਾ ਸੀ ਕਿ ‘ਇਕ ਰਸਤਾ ਬੰਦ ਹੁੰਦਾ ਹੈ ਤਾਂ ਭਗਵਾਨ ਕਈ ਰਸਤੇ ਖੋਲ੍ਹ ਦਿੰਦਾ ਹੈ।’ ਧਿਆਨ ਰਹੇ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੌਸਮ ਦੌਰਾਨ ਸਿਆਸੀ ਆਗੂਆਂ ਦਾ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਦਾ ਰੁਝਾਨ ਕਾਫੀ ਵਧਿਆ ਹੋਇਆ ਹੈ।