ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਖੇ ਕੀਤਾ ਐਲਾਨ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ੁੱਕਰਵਾਰ ਨੂੰ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਵਿਖੇ ਪਹੁੰਚੇ। ਇਥੇ ਉਨ੍ਹਾਂ ਟ੍ਰੇਨਿੰਗ ਪੂਰੀ ਕਰਨ ਵਾਲੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਾਸਿੰਗ ਆਊਟ ਪਰੇਡ ’ਚ ਸਲਾਮੀ ਲਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਇਕ ਪਿੰਡ ’ਚ 50 ਏਕੜ ਜ਼ਮੀਨ ’ਤੇ ਹਾਈ ਸਕਿਓਰਿਟੀ ਡਿਜੀਟਲ ਜੇਲ੍ਹ ਬਣਾਉਣਾ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਜੇਲ੍ਹ ਦੇ ਨਿਰਮਾਣ ਲਈ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ 100 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ। ਇਸ ਜੇਲ੍ਹ ਦੀ ਗਰਾਊਂਡ ਫਲੋਰ ’ਤੇ ਜੱਜ ਸਾਹਿਬਾਨਾਂ ਦੇ ਬੈਠਣ ਤੇ ਕੰਮਕਾਜ ਕਰਨ ਲਈ ਕਮਰੇ ਬਣਾਏ ਜਾਣਗੇ ਅਤੇ ਉਸ ਤੋਂ ਉਪਰ ਕੈਦੀਆਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਜੇਲ੍ਹ ਤੋਂ ਅਦਾਲਤ ਤੱਕ ਪਹੁੰਚਣ ਦਰਮਿਆਨ ਵਾਪਰਨ ਵਾਲੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰ ਸਕਣ। ਉਨ੍ਹਾਂ ਕਿਹਾ ਕਿ ਜੱਜ ਸਾਹਿਬਾਨ ਇਥੇ ਹੀ ਬੈਠ ਕੇ ਮਾਮਲਿਆਂ ਦੀ ਸੁਣਵਾਈ ਕਰਿਆ ਕਰਨਗੇ। ਮੁੱਖ ਮੰਤਰੀ ਮਾਨ ਨੇ ਮੋਹਾਲੀ ਦੇ ਸੈਕਟਰ 68 ਵਿਚ ਵੀ ਜੇਲ੍ਹ ਵਿਭਾਗ ਦੇ ਮੁੱਖ ਦਫ਼ਤਰ ਲਈ ਜ਼ਮੀਨ ਖਰੀਦਣ ਦੀ ਗੱਲ ਆਖੀ ਅਤੇ ਉਨ੍ਹਾਂ ਨਾਲ ਹੀ ਮੋਬਾਇਬ ਜੈਮਰ ਟੈਕਨਾਲੋਜੀ ਜਲਦ ਹੀ ਲਿਆਉਣ ਦਾ ਭਰੋਸਾ ਵੀ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਅਨੁਸ਼ਾਸਨ ਇਕ ਅਜਿਹੀ ਚੀਜ਼ ਹੈ, ਜਿਸ ਦੀ ਮਦਦ ਨਾਲ ਦੁਨੀਆ ਦੀ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੁਲਿਸ ਫੋਰਸ ਦੇ ਵੈਲਫੇਅਰ ਅਤੇ ਸੁਧਾਰ ਦੇ ਲਈ ਕੰਮ ਸ਼ੁਰੂ ਕੀਤੇ ਹਨ। ਜਿਨ੍ਹਾਂ ਵਿਚ ਹਰ ਪੁਲਿਸ ਕਰਮਚਾਰੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਕਾਰਡ ਭੇਜਣ ਦਾ ਕੰਮ ਵੀ ਸ਼ਾਮਲ ਹੈ।