ਕਿਹਾ : ਲੰਡਨ, ਕੈਲੀਫੋਰਨੀਆ ਦੇ ਸੁਪਨੇ ਬਹੁਤ ਦੇਖੇ ਹੁਣ ਪੰਜਾਬ ਨੂੰ ਪੰਜਾਬ ਬਣਾਉਣ ਦੀ ਵਾਰੀ
ਮੋਹਾਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਅੱਜ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਹੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਹੈ। ਜ਼ਿੰਦਗੀ ਵਿਚ ਇੰਨਾ ਵੱਡਾ ਬਦਲਾਅ ਆਵੇਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਮੈਨੂੰ ਪੰਜਾਬ ਨੂੰ ਬਚਾਉਣ ਦੀ ਦੁਹਾਈ ਦਿੰਦੇ ਰਹਿੰਦੇ ਹਨ ਪ੍ਰੰਤੂ ਪੰਜਾਬ ਨੂੰ ਬਚਾਉਣ ਵਾਲਾ ਮੈਂ ਨਹੀਂ ਪ੍ਰਮਾਤਮਾ ਅਤੇ ਲੋਕ ਹਨ ਅਸੀਂ ਸਿਰਫ਼ ਜ਼ਰੀਆ ਬਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸਾਨੂੰ ਸੁੱਤਿਆਂ ਪਿਆ ਨੂੰ ਆਉਂਦੇ ਹਨ, ਸੁਫਨੇ ਤਾਂ ਉਹ ਹੁੰਦੇ ਹਨ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ। ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦਾ ਸੁਪਨਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਪਨਾ, ਖੇਤੀ ਨੂੰ ਲਾਹੇਵੰਦ ਬਣਾਉਣ ਦਾ ਸੁਪਨਾ ਅਤੇ ਵਪਾਰੀ ਵਰਗ ਨੂੰ ਦੁਬਾਰਾ ਅਮਨ ਸ਼ਾਂਤੀ ਪ੍ਰਦਾਨ ਕਰਨ ਦਾ ਸੁਪਨਾ ਮੈਨੂੰ ਸੌਂਣ ਨਹੀਂ ਦਿੰਦਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਟੀਮ ਵਰਕ ਨਾਲ ਕੰਮ ਕਰਦੀ ਹੈ। ਪਾਰਟੀ ਅਤੇ ਪੰਜਾਬ ਦੇ ਲੋਕਾਂ ਨੇ ਮੈਨੂੰ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਹੁਣ ਉਹ ਦੁੱਗਣੇ ਹੌਸਲੇ ਨਾਲ ਕੰਮ ਕਰਕੇ ਦਿਖਾਉਣਗੇ। ਮਾਨ ਨੇ ਕਿਹਾ ਕਿ ਲੰਡਨ, ਕੈਲੀਫੋਰਨੀਆ ਦੇ ਸੁਪਨੇ ਬਹੁਤ ਦੇਖ ਚੁੱਕੇ ਹਾਂ ਹੁਣ ਪੰਜਾਬ ਨੂੰ ਪੰਜਾਬ ਬਣਾਉਣ ਦੀ ਵਾਰੀ ਹੈ।