ਸਿੱਧੂ ਤੇ ਬਾਜਵਾ ਦੇ ਪੋਸਟਰਾਂ ’ਚੋਂ ਕੈਪਟਨ ਦੀ ਫੋਟੋ ਗਾਇਬ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਸ਼ੁਰੂ ਹੋਇਆ ਕਲੇਸ਼ ਦਿੱਲੀ ਵਿਖੇ ਹੋਈ ਮੀਟਿੰਗ ਤੋਂ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਨ੍ਹੀਂ ਦਿਨੀਂ ਪੰਜਾਬ ਵਿਚ ਪੋਸਟਰ ਵਾਰ ਵੀ ਸ਼ੁਰੂ ਹੋਈ ਹੈ, ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਪਟਿਆਲਾ ਸਮੇਤ ਵੱਖ-ਵੱਖ ਇਲਾਕਿਆਂ ਵਿਚ ਪੋਸਟਰ ਲਗਾਏ ਗਏ ਜਿਨ੍ਹਾਂ ’ਤੇ ਲਿਖਿਆ ਗਿਆ ਸੀ ਕਿ ਸਾਡਾ ਸਾਂਝਾ ਨਾਅਰਾ ਕੈਪਟਨ ਹੀ ਦੁਬਾਰਾ। ਪੋਸਟਰ ਵਾਰ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਵੀ ਪਟਿਆਲਾ ਅਤੇ ਅੰਮਿ੍ਰਤਸਰ ਵਿਚ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਪੋਸਟਰ ਲਗਾਏ ਗਏ ਜਿਨ੍ਹਾਂ ’ਤੇ ਲਿਖਿਆ ਗਿਆ ਸੀ ਕਿ ‘ਸਾਰਾ ਪੰਜਾਬ ਸਿੱਧੂ ਦੇ ਨਾਲ’। ਨਵਜੋਤ ਸਿੱਧੂ ਦੇ ਸਮਰਥਕਾਂ ਵੱਲੋਂ ਲਗਾਏ ਗਏ ਪੋਸਟਰਾਂ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਗਾਇਬ ਸੀ। ਹੁਣ ਫਰੀਦਕੋਟ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਪੋਸਟਰ ਲਗਾਏ ਗਏ ਨੇ ਜਿਨ੍ਹਾਂ ’ਤੇ ਲਿਖਿਆ ਗਿਆ ਹੈ ਕਿ ਮਿਸ਼ਨ 2022, ਸਾਡਾ ਸਭ ਦਾ ਨਾਅਰਾ, ਸਾਨੂੰ ਸਭ ਨੂੰ ਪੰਜਾਬ ਪਿਆਰਾ। ਇਨ੍ਹਾਂ ਪੋਸਟਰਾਂ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ ਪ੍ਰੰਤੂ ਇਨ੍ਹਾਂ ਵਿਚੋਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਫੋਟੋਆਂ ਗਾਇਬ ਹਨ।