ਆਪਸ ’ਚ ਲੜਨ ਵਾਲਿਆਂ ਦੀ ਚੋਣਾਂ ’ਚ ਕੀ ਰਹੇਗੀ ਭੂਮਿਕਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੀ ਸਿਆਸੀ ਲੜਾਈ ਹੋਰ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਪੋਸਟਰ ਜੰਗ ਵਿਚ ਤਬਦੀਲ ਹੋ ਗਿਆ। ਪੰਜਾਬ ਦੇ ਕਈ ਹਿੱਸਿਆਂ ਵਿਚ ਕੈਪਟਨ ਅਮਰਿੰਦਰ ਦੇ ਹੱਕ ਵਿਚ ਬੋਰਡ ਲੱਗੇ ਹੋਏ ਹਨ ਅਤੇ ਕਈ ਸ਼ਹਿਰਾਂ ਵਿਚ ਨਵਜੋਤ ਸਿੱਧੂ ਦੇ ਹੱਕ ਵਿਚ ਬੋਰਡ ਲਗਾ ਦਿੱਤੇ ਗਏ। ਹੁਣ ਦੇਖਣਾ ਹੋਵੇਗਾ ਕਿ ਆਪਸ ਵਿਚ ਲੜਨ ਵਾਲਿਆਂ ਦੀ ਅਗਾਮੀ ਚੋਣਾਂ ਵਿਚ ਕਿਹੋ ਜਿਹੀ ਭੂਮਿਕਾ ਰਹੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀਆਂ ਨੇ ਅੰਮਿ੍ਰਤਸਰ ਤੇ ਪਟਿਆਲਾ ਸਮੇਤ ਪੰਜਾਬ ਵਿਚ ਕਈ ਥਾਵਾਂ ’ਤੇ ਪੋਸਟਰ ਲਗਾਏ ਹਨ ਅਤੇ ਪੋਸਟਰਾਂ ’ਤੇ ਲਿਖਿਆ ਹੈ ਕਿ ‘ਸਾਡਾ ਸਾਂਝਾ ਨਾਹਰਾ – ਕੈਪਟਨ ਹੀ ਦੁਬਾਰਾ’। ਕੈਪਟਨ ਹਮਾਇਤੀਆਂ ਨੇ ਪੋਸਟਰਾਂ ’ਤੇ ਇਹ ਵੀ ਲਿਖਿਆ ਕਿ ‘ਕੈਪਟਨ ਇਕੋ ਹੀ ਹੁੰਦੇ -ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ’। ਨਵਜੋਤ ਸਿੱਧੂ ਦੇ ਹਮਾਇਤੀਆਂ ਨੇ ਵੀ ਪਟਿਆਲਾ ਅਤੇ ਹੋਰ ਕਈ ਥਾਵਾਂ ’ਤੇ ਪੋਸਟਰ ਲਗਾ ਦਿੱਤੇ ਹਨ ਅਤੇ ਪੋੋਸਟਰਾਂ ’ਤੇ ਲਿਖਿਆ ਗਿਆ ਕਿ ‘ਸਾਰਾ ਪੰਜਾਬ ਸਿੱਧੂ ਦੇ ਨਾਲ’। ਸਿੱਧੂ ਦੇ ਪੋਸਟਰਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਗਾਇਬ ਦੇਖੀ ਗਈ ਅਤੇ ਪੋੋਸਟਰਾਂ ’ਤੇ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ, ਰਾਹੁਲ ਅਤੇ ਪਿ੍ਰਅੰਕਾ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਇਹ ਪੋਸਟਰ ਜੰਗ ਕਾਂਗਰਸ ਨੂੰ ਕਿਸ ਪਾਸੇ ਲੈ ਕੇ ਜਾਂਦੀ ਹੈ। ਸਿਆਸੀ ਹਲਕਿਆਂ ਵਿਚ ਵੀ ਚਰਚਾ ਹੈ ਕਿ ਕਾਂਗਰਸ ਦਾ ਕਲੇਸ਼ ਪਹਿਲਾਂ ਸ਼ੋਸ਼ਲ ਮੀਡੀਆ ’ਤੇ ਚੱਲਦਾ ਰਿਹਾ ਅਤੇ ਹੁਣ ਇਹ ਪੋਸਟਰ ਜੰਗ ਵਿਚ ਤਬਦੀਲ ਹੋ ਚੁੱਕਾ ਹੈ।