ਭਗਵੰਤ ਮਾਨ ਨੇ ਮੋਦੀ ਸਰਕਾਰ ‘ਤੇ ਲਾਏ ਵੱਡੇ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਤੇ ਨਖਿੱਧ ਲੀਡਰਸ਼ਿਪ ਕਾਰਨ ਕਰੋਨਾ ਵਿਰੁੱਧ ‘ਆਪ੍ਰੇਸ਼ਨ ਫ਼ਤਹਿ’ ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ ਬਣ ਗਿਆ ਹੈ। ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ‘ਪ੍ਰਵਚਨ’ ਸੁਣਾਉਣ ਤੋਂ ਸਿਵਾਏ ਕੁਝ ਨਹੀਂ ਕਰ ਰਹੀ। ਵਿੱਤੀ ਤੌਰ ‘ਤੇ ਸੂਬਿਆਂ ਦੇ ਬਹੁਗਿਣਤੀ ਸਾਧਨਾਂ-ਸੰਸਾਧਨ’ ‘ਤੇ ਕਬਜ਼ਾ ਕਰ ਚੁੱਕੀ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਔਖੀ ਘੜੀ ‘ਚ ਵੀ ਪੰਜਾਬ ਵਰਗੇ ਸੂਬੇ ਦੀ ਅਣਦੇਖੀ ਕਰ ਦਿੱਤੀ ਹੈ, ਜਿਸ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਪੇਟ ਭਰਨ ਲਈ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ। ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਇੱਕ ਸਾਂਝੇ ਮਤੇ ਰਾਹੀਂ ਕੇਂਦਰ ਸਰਕਾਰ ਉੱਤੇ ਦਬਾਅ ਦੀ ਸਲਾਹ ਦਿੱਤੀ ਹੈ।