ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਫੁਲਕਾਰੀ ਭੇਟ ਕਰਕੇ ਸਮੂਹ ਪੰਜਾਬੀਆਂ ਵੱਲੋਂ ਸਨਮਾਨਿਤ ਕੀਤਾ
ਅਟਾਰੀ/ਬਿਊਰੋ ਨਿਊਜ਼ : ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਹਿੱਸਾ ਲੈ ਕੇ ਲੇਖਕਾਂ ਤੇ ਬੁੱਧੀਜੀਵੀਆਂ ਦਾ 53 ਮੈਂਬਰੀ ਵਫ਼ਦ ਵਤਨ ਪਰਤ ਆਇਆ ਹੈ। ਡਾ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਵਫਦ ਦੇ ਮੁਖੀ ਸਹਿਜਪ੍ਰੀਤ ਸਿੰਘ ਮਾਂਗਟ ‘ਤੇ ਆਧਾਰਤ ਤਿੰਨ ਮੈਂਬਰੀ ਵਫ਼ਦ ਵਿੱਚ ਸ਼ਾਮਲ ਡਾ. ਜਸਵਿੰਦਰ ਕੌਰ ਮਾਂਗਟ ਤੇ ਜਸਵਿੰਦਰ ਕੌਰ ਗਿੱਲ ਨੇ ਪਾਕਿਸਤਾਨੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਫੁਲਕਾਰੀ ਭੇਟ ਕਰਕੇ ਸਮੂਹ ਪੰਜਾਬੀਆਂ ਵੱਲੋਂ ਸਨਮਾਨਿਤ ਕੀਤਾ। ਇਸ ਵਫ਼ਦ ਵਿੱਚ ਦਰਸ਼ਨ ਬੁੱਟਰ, ਗਾਇਕ ਰਵਿੰਦਰ ਗਰੇਵਾਲ ਤੇ ਗੁਰਭਜਨ ਸਿੰਘ ਗਿੱਲ ਨੇ ਵੀ ਸ਼ਾਮਿਲ ਹੋਣਾ ਸੀ ਪਰ ਕਿਸੇ ਕਾਰਨ ਵੱਸ ਉਹ ਇਹ ਮਾਣ ਹਾਸਲ ਨਾ ਕਰ ਸਕੇ।
ਸਹਿਜਪ੍ਰੀਤ ਸਿੰਘ ਮਾਂਗਟ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਫੁਲਕਾਰੀ ਪਟਿਆਲਾ ਦੀ ਅਸਲੀ ਫੁਲਕਾਰੀ ਹੈ। ਉਨ੍ਹਾਂ ਪੰਜਾਬ ਕੈਬਨਿਟ ਵਿੱਚ 1947 ਮਗਰੋਂ ਪਹਿਲੀ ਵਾਰ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਨੂੰ ਸ਼ਾਮਲ ਕਰਨ ਲਈ ਸਮੂਹ ਪੰਜਾਬੀਆਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਕਿ ਇਹ ਫੁਲਕਾਰੀ ਉਸ ਦੇ ਪੇਕਿਆਂ ਜਾਤੀ ਉਮਰਾ (ਤਰਨ ਤਾਰਨ) ਤੋਂ ਆਇਆ ਗਹਿਣਾ ਹੈ ਜੋ ਉਨ੍ਹਾਂ ਹਿੰਦ-ਪਾਕਿ ਰਿਸ਼ਤੇ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੰਦੀ ਰਹੇਗੀ।
ਵਿਸ਼ਵ ਪੰਜਾਬੀ ਸਭਾ ਟੋਰਾਂਟੋ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਤੇ ਉਨ੍ਹਾਂ ਦੀ ਜੀਵਨ ਸਾਥਣ ਸਮੇਤ ਡਾ. ਕਲਿਆਣ ਸਿੰਘ ਕਲਿਆਣ ਨੇ ਮਰੀਅਮ ਨਵਾਜ਼ ਨੂੰ ਦੋਸ਼ਾਲਾ ਭੇਟ ਕੀਤਾ।
ਪਾਕਿ ਹੈਰੀਟੇਜ ਹੋਟਲ ਲਾਹੌਰ ਵਿੱਚ ਵਿਦਾਇਗੀ ਸਮਾਗਮ ਕੀਤਾ ਗਿਆ ਜਿਸ ਨੂੰ ਫ਼ਖ਼ਰ ਜ਼ਮਾਂ, ਪ੍ਰੋ. ਗੁਰਭਜਨ ਸਿੰਘ ਗਿੱਲ, ਜੰਗ ਬਹਾਦਰ ਗੋਇਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸੰਬੋਧਨ ਕੀਤਾ। ਪਾਕਿਸਤਾਨ ਦੇ ਉੱਘੇ ਲੇਖਕ ਬਾਬਾ ਨਜ਼ਮੀ ਨੇ ਪੰਜਾਬ ਤੋਂ ਗਏ ਲੇਖਕਾਂ ਨਾਲ ਵਿਚਾਰ ਸਾਂਝੇ ਕੀਤੇ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …