Breaking News
Home / ਪੰਜਾਬ / ਏਜੀ ਨੂੰ ਹਟਾਉਣ ਲਈ ਬਾਜਵਾ ਨੇ ਫਿਰ ਕੀਤਾ ਟਵੀਟ

ਏਜੀ ਨੂੰ ਹਟਾਉਣ ਲਈ ਬਾਜਵਾ ਨੇ ਫਿਰ ਕੀਤਾ ਟਵੀਟ

ਕੈਪਟਨ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਸੁਝਾਅ ‘ਤੇ ਕਰ ਸਕਦੇ ਹਨ ਅਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸਿਆਸੀ ਮੁਕਾਬਲੇਬਾਜ਼ੀ ਲੁਕੀ ਛਿਪੀ ਹੋਈ ਨਹੀਂ ਹੈ ਪਰ ਹੁਣ ਦੋਵਾਂ ਆਗੂਆਂ ਵਿਚ ਖਾਸੀ ਤਬਦੀਲੀ ਆ ਰਹੀ ਹੈ। ਬਾਜਵਾ ਨੇ ਪੱਤਰ ਲਿਖ ਕੇ ਜੋ ਸੁਝਾਅ ਦਿੱਤੇ ਸਨ, ਕੈਪਟਨ ਅਗਲੇ ਹੀ ਦਿਨ ਉਸ ‘ਤੇ ਅਮਲ ਕਰਦੇ ਹੋਏ ਆਦੇਸ਼ ਜਾਰੀ ਕਰ ਰਹੇ ਹਨ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਨੂੰ ਹਾਈਕੋਰਟ ਨੇ 9 ਅਪ੍ਰੈਲ ਨੂੰ ਰੱਦ ਕਰਕੇ ਨਵੀਂ ਐੱਸਆਈਟੀ ਬਣਾਉਣ ਦੇ ਆਦੇਸ਼ ਦਿੱਤੇ ਸਨ। ਮਹੀਨੇ ਤਕ ਨਵੀਂ ਐੱਸਆਈਟੀ ਦਾ ਗਠਨ ਨਹੀਂ ਹੋਇਆ ਤਾਂ ਬਾਜਵਾ ਨੇ ਕੈਪਟਨ ਨੂੰ ਪੱਤਰ ਲਿਖ ਕੇ ਨਵੀਂ ਐੱਸਆਈਟੀ ਦੇ ਗਠਨ ਸਬੰਧੀ ਸੁਝਾਅ ਦਿੱਤਾ। ਮਹੀਨੇ ਤੋਂ ਸ਼ਾਂਤ ਬੈਠੇ ਕੈਪਟਨ ਨੇ ਤੁਰੰਤ ਆਦੇਸ਼ ਜਾਰੀ ਕਰਕੇ ਐੱਸਆਈਟੀ ਦਾ ਗਠਨ ਕਰ ਦਿੱਤਾ। ਨਾਲ ਹੀ ਆਖਿਆ ਕਿ ਅਦਾਲਤ ਵੱਲੋਂ ਦਿੱਤੇ ਗਏ ਆਦੇਸ਼ ਦੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇਨ੍ਹਾਂ ਵਿੱਚੋਂ ਇਕ ਨਿਰਦੇਸ਼ ਇਹ ਵੀ ਸੀ ਕਿ ਜਾਂਚ ਛੇ ਮਹੀਨਿਆਂ ਤਕ ਪੂਰੀ ਕੀਤੀ ਜਾਵੇ। ਬਾਜਵਾ ਨੇ ਪਿਛਲੇ ਦਿਨੀਂ ਇਸ ‘ਤੇ ਮੁੱਖ ਮੰਤਰੀ ਨੂੰ ਇਕ ਹੋਰ ਪੱਤਰ ਲਿਖ ਕੇ ਦੋ ਸੁਝਾਅ ਦਿੱਤੇ। ਪਹਿਲਾਂ ਇਹ ਕਿ ਜਾਂਚ ਪੂਰੀ ਕਰਨ ਲਈ ਛੇ ਮਹੀਨੇ ਦਾ ਸਮਾਂ ਜ਼ਿਆਦਾ ਹੈ, ਐੱਸਆਈਟੀ ਨੂੰ ਮਹੀਨੇ ਦੇ ਅੰਦਰ ਜਾਂਚ ਪੂਰੀ ਕਰਨ ਨੂੰ ਆਖਿਆ ਜਾਵੇ। ਦੂਸਰਾ ਇਹ ਕਿ ਨਵੀਂ ਐੱਸਆਈਟੀ ਵਿਚ ਜਿਨ੍ਹਾਂ ਤਿੰਨ ਪੁਲਿਸ ਅਫ਼ਸਰਾਂ ਨੂੰ ਲਾਇਆ ਗਿਆ ਹੈ, ਤਿੰਨੇਂ ਵੱਖ-ਵੱਖ ਥਾਈਂ ਤਾਇਨਾਤ ਹਨ, ਅਜਿਹੇ ਵਿਚ ਜਾਂਚ ਜਲਦੀ ਕਿਵੇਂ ਹੋਵੇਗੀ, ਤਿੰਨਾਂ ਨੂੰ ਇਕੱਠੇ ਕੀਤਾ ਜਾਵੇ।
ਮੁੱਖ ਮੰਤਰੀ ਨੇ ਅਗਲੇ ਹੀ ਦਿਨ ਆਦੇਸ਼ ਜਾਰੀ ਕਰਕੇ ਕਿਹਾ ਕਿ ਐੱਸਆਈਟੀ ਆਪਣੀ ਜਾਂਚ ਪਹਿਲਾਂ ਹੀ ਪੂਰੀ ਕਰ ਸਕਦੀ ਹੈ, ਛੇ ਮਹੀਨੇ ਖ਼ਤਮ ਹੋਣ ਦਾ ਇੰਤਜ਼ਾਰ ਨਾ ਕੀਤਾ ਜਾਵੇ। ਹਾਲਾਂਕਿ ਦੂਜੇ ਸੁਝਾਅ ‘ਤੇ ਹਾਲੇ ਅਮਲ ਨਹੀਂ ਕੀਤਾ ਗਿਆ ਹੈ ਪਰ ਸੰਭਾਵਨਾ ਹੈ ਕਿ ਤਿੰਨੇਂ ਪੁਲਿਸ ਅਫ਼ਸਰਾਂ ਨੂੰ ਫਰੀਦਕੋਟ ਵਿਚ ਲਾਉਣ ਸਬੰਧੀ ਆਦੇਸ਼ ਕਿਸੇ ਵੀ ਵਕਤ ਆ ਸਕਦੇ ਹਨ। ਦਰਅਸਲ, ਬਾਜਵਾ ਪਹਿਲਾਂ ਵੀ ਮੁੱਖ ਮੰਤਰੀ ਨੂੰ ਸੁਝਾਅ ਦਿੰਦੇ ਰਹੇ ਹਨ ਪਰ ਉਦੋਂ ਕੈਪਟਨ ਜਵਾਬ ਨਹੀਂ ਦਿੰਦੇ ਸਨ ਪਰ ਹੁਣ ਅਚਾਨਕ ਹਾਲਾਤ ਬਦਲ ਗਏ ਹਨ। ਇਸ ਬਾਰੇ ਬਾਜਵਾ ਨੇ ਕਿਹਾ ਕਿ ਉਹ ਵਿਰੋਧ ਲਈ ਵਿਰੋਧ ਨਹੀਂ ਕਰਦੇ ਸਗੋਂ ਸੁਝਾਅ ਦਿੰਦੇ ਹਨ। ਇਹ ਸਰਕਾਰ ‘ਤੇ ਹੈ ਕਿ ਮੰਨੇ ਜਾਂ ਨਾ ਮੰਨੇ। ਮੁੱਖ ਮੰਤਰੀ ਨੂੰ ਐਡਵੋਕੇਟ ਜਨਰਲ ਤੁਰੰਤ ਹਟਾਉਣ ਲਈ ਕਈ ਵਾਰ ਮੰਗ ਕਰ ਚੁੱਕਾ ਹਾਂ। ਨਵੀਂ ਐੱਸਆਈਟੀ ਨੂੰ ਕ੍ਰਿਸ਼ਨ ਭਗਵਾਨ ਸਿੰਘ ਦਾ ਪਰਿਵਾਰ ਰੱਦ ਕਰ ਚੁੱਕਾ ਹੈ। ਉਸ ਨੇ ਕਿਹਾ ਕਿ ਏਜੀ ਅਦਾਲਤ ਵਿਚ ਉਨ੍ਹਾਂ ਦਾ ਪੱਖ ਰੱਖਣ ਵਿਚ ਨਾਕਾਮ ਰਹੇ ਹਨ। ਬਾਜਵਾ ਨੇ ਇਸ ਨੂੰ ਲੈ ਕੇ ਸੋਮਵਾਰ ਨੂੰ ਟਵੀਟ ਕੀਤਾ ਤੇ ਇਕ ਵਾਰ ਫੇਰ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਦੀ ਮੰਗ ਕੀਤੀ।

 

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …