ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਨੂੰ ਜਲੰਧਰ ਤੋਂ ਬਣਾਇਆ ਹੈ ਉਮੀਦਵਾਰ
ਜਲੰਧਰ/ਬਿਊਰੋ ਨਿਊਜ਼ : ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਨਾਲ ਇਹ ਹਲਕਾ ਹੁਣ ਸੁਰਖੀਆਂ ਵਿੱਚ ਆ ਗਿਆ ਹੈ।
ਉਧਰ, ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦੇ ਵਿਧਾਇਕਾਂ ਅਤੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ ਵਿੱਚ ਕਹਿ ਚੁੱਕੇ ਹਨ ਕਿ ਉਨ੍ਹਾਂ ਲਈ ਜਲੰਧਰ ਹਲਕਾ ਵੀ ਉਸੇ ਤਰ੍ਹਾਂ ਹੈ ਜਿਵੇਂ ਸੰਗਰੂਰ। ਭਾਜਪਾ ਵੱਲੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ‘ਆਪ’ ਨੇ ਉਮੀਦਵਾਰ ਬਣਾਇਆ ਸੀ ਪਰ ਉਹ ਪਾਲਾ ਬਦਲ ਕੇ ਭਾਜਪਾ ਵਿੱਚ ਚਲੇ ਗਏ ਸਨ। ਜਲੰਧਰ ਤੋਂ ਚੰਨੀ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਹੀ ਸੁਸ਼ੀਲ ਰਿੰਕੂ ਲਗਾਤਾਰ ਇਹ ਬਿਆਨ ਦੇ ਰਹੇ ਸਨ ਕਿ ਉਨ੍ਹਾਂ ਦੀ ਲੜਾਈ ਦੋ-ਦੋ ਮੁੱਖ ਮੰਤਰੀਆਂ ਨਾਲ ਹੋਵੇਗੀ ਇੱਕ ਸਾਬਕਾ ਤੇ ਇੱਕ ਮੌਜੂਦਾ।
ਰਿੰਕੂ ਦਾ ਮੰਨਣਾ ਸੀ ਕਿ ਭਗਵੰਤ ਮਾਨ ਨੇ ਜਲੰਧਰ ਦੀ ਚੋਣ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ ਤੇ ਇੱਕ ਤਰ੍ਹਾਂ ਨਾਲ ਉਨ੍ਹਾਂ ਨਾਲ ਹੀ ਅਸਲ ਮੁਕਾਬਲਾ ਹੋਵੇਗਾ।
ਬਸਪਾ ਨੇ ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਸੀਪੀਆਈ (ਐਮ) ਨੇ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਨੇ ਵੀ ਇੱਥੋਂ ਪਵਨ ਟੀਨੂੰ ਨੂੰ ਟਿਕਟ ਦਿੱਤੀਹੈ। ਬੀਤੇ ਦਿਨੀਂ ਦਲਿਤ ਆਗੂ ਪਵਨ ਕੁਮਾਰ ਟੀਨੂੰ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੰਨੀ
ਅੰਮ੍ਰਿਤਸਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਬਦਲਾਅ ਦੇ ਨਾਂ ਤੇ ਪੰਜਾਬ ਵਿੱਚ ਸਥਾਪਿਤ ਹੋਈ ਸਰਕਾਰ ਨੂੰ ਸਬਕ ਸਿਖਾਉਣ ਲਈ ਲੋਕਾਂ ਨੂੰ ਅਪੀਲ ਕੀਤੀ। ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਟਿਕਟ ਮਿਲਣ ਤੋਂ ਬਾਅਦ ਉਹ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ। ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜਲੰਧਰ ਤੋਂ ਲੋਕ ਸੇਵਾ ਕਰਨ ਲਈ ਚੁਣਿਆ ਹੈ। ਉਹ ਸੁਦਾਮਾ ਦੇ ਰੂਪ ਵਿੱਚ ਦੁਆਬੇ ਦੇ ਲੋਕਾਂ ਕੋਲ ਜਾਣਗੇ ਅਤੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਉਹ ਭਗਵਾਨ ਕ੍ਰਿਸ਼ਨ ਬਣ ਕੇ ਉਸ ਨੂੰ ਅਪਣਾਉਣ।