ਚਾਨਣਵਾਲਾ ਦੇ ਸਰਕਾਰੀ ਸਕੂਲ ਨੇ ਬਿਖੇਰਿਆ ‘ਚਾਨਣ’
ਫਾਜ਼ਿਲਕਾ/ਬਿਊਰੋ ਨਿਊਜ਼ : ਪੜ੍ਹਾਈ ਦੇ ਨਾਲ-ਨਾਲ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਸਰਕਾਰੀ ਸਕੂਲ ਸੁੰਦਰ ਇਮਾਰਤਸਾਜ਼ੀ ਕਰਕੇ ਵੀ ਸੂਬੇ ਦੇ ਹੋਰਨਾਂ ਸਕੂਲਾਂ ਲਈ ਮਾਰਗ ਦਰਸ਼ਕ ਬਣ ਕੇ ਉਭਰੇ ਹਨ। ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋਕਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਆਦਿ ਸਕੂਲਾਂ ਦੀਆਂ ਸੁੰਦਰ ਇਮਾਰਤਾਂ, ਅਤਿ ਆਧੁਨਿਕ ਸਾਜੋ ਸਮਾਨ, ਹਰਿਆ-ਭਰਿਆ ਵਾਤਾਵਰਨ, ਅੱਵਲ ਦਰਜੇ ਦੀ ਸਾਫ ਸਫਾਈ, ਛੋਟੇ ਬਾਲਨਾਂ ਲਈ ਸਮਾਰਟ ਕਲਾਸਾਂ, ਅੰਗਰੇਜ਼ੀ ਮਾਧਿਅਮ, ਲਾਇਬ੍ਰੇਰੀਆਂ, ਐਲਈਡੀ ਨਾਲ ਲੈਸ ਸਮਾਰਟ ਏਸੀ ਕਮਰੇ, ਪਾਰਕ ਕਿਸੇ ਪ੍ਰਾਈਵੇਟ ਸਕੂਲ ਦਾ ਭੁਲੇਖਾ ਪਾਉਂਦੇ ਹਨ। ਇਨ੍ਹਾਂ ਇਮਾਰਤਾਂ ਨੇ ਸਰਹੱਦੀ ਜ਼ਿਲ੍ਹੇ ਨੂੰ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੇ ਨਕਸ਼ੇ ਉਪਰ ਉਤਾਰ ਦਿੱਤਾ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ 133 ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਦਾ ਹਰ ਕਮਰਾ ਏਸੀ ਹੈ। ਸਕੂਲ ਵਿਚ ਲਾਇਬ੍ਰੇਰੀ ਸਮੇਤ ਕੁੱਲ 8 ਕਮਰੇ ਹਨ ਤੇ ਹਰ ਕਮਰਾ ਐਲਈਡੀ ਨਾਲ ਲੈਸ ਹੈ। ਸਕੂਲ ਵਿਖੇ ਇਕ ਪਾਰਕ, ਇਕ ਅੰਦਰ ਤੇ ਇਕ ਬਾਹਰ ਸਟੇਜ, ਹਰ ਕਮਰੇ ਵਿਚ ਮੈਟ ‘ਤੇ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ, ਬੱਚਿਆਂ ਲਈ ਪਲੇਅ-ਵੇਅ ਪਾਰਕ, ਮਿਡ ਡੇ ਮੀਲ ਤੇ ਦੇਸੀ ਰਸੋਈ ਵੀ ਸਥਾਪਿਤ ਕੀਤੀ ਗਈ ਹੈ। ਸਕੂਲ ਵਿਚ ਲਿਸਨਿੰਗ ਲੈਬ ਦੀ ਸਹੂਲਤ ਵੀ ਬਣਾਈ ਗਈ ਹੈ, ਜਿਸ ਤਹਿਤ 36 ਬੱਚੇ ਇਕੋ ਵਾਰ ਹੈਡਫੋਨ ਜ਼ਰੀਏ ਲੈਕਚਰ ਸੁਣ ਸਕਦੇ ਹਨ। ਵਿਦਿਆਰਥੀਆਂ ਲਈ ਪੀਣ ਵਾਲੇ ਸਾਫ ਪਾਣੀ ਦੇ ਫਿਲਟਰ ਦਾ ਇੰਤਜ਼ਾਮ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲ ਦੀ ਨੁਹਾਰ ਬਦਲਣ ਲਈ ਮੁੱਖ ਅਧਿਆਪਕ ਲਵਜੀਤ ਸਿੰਘ, ਪਿੰਡ ਦੀ ਪੰਚਾਇਤ, ਮਗਨਰੇਗਾ ਅਤੇ ਪਿੰਡ ਵਾਸੀ ਮੁਬਾਰਕਵਾਦ ਦੇ ਪਾਤਰ ਹਨ। ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਵੀ ਆਪਣੀ ਦਿੱਖ ਲਈ ਚੰਗਾ ਨਾਮਣਾ ਖੱਟ ਰਿਹਾ ਹੈ।
ਇੱਥੇ ਬਾਲਾਂ ਦੀ ਪੜ੍ਹਾਈ ਦੇ ਸੁਚੱਜੇ ਮਾਹੌਲ ਲਈ ਹਰ ਕਲਾਸ ਵਿਚ ਏਅਰ ਕੂਲਰ ਤੇ ਸ਼ਾਨਦਾਰ ਪਰਦੇ ਲਾਏ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋਕਾ ਵੀ ਸੂਬੇ ਦੇ ਹੋਰਨਾਂ ਸਕੂਲਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਗੁਰਜੀਤ ਸਿੰਘ ਤੇ ਵਾਈਸ ਪ੍ਰਿੰਸੀਪਲ ਮੁਖਤਿਆਰ ਸਿੰਘ ਖੁੰਡਵਾਲਾ ਤੇ ਸਮੂਹ ਸਟਾਫ ਦੀ ਸਖਤ ਮਿਹਨਤ ਸਦਕਾ ਸਕੂਲ ਦਾ ਨਤੀਜਾ ਹਰ ਵਾਰ ਸੌ ਫੀਸਦੀ ਰਹਿੰਦਾ ਹੈ।
ਸਕੂਲ ਦੀਆਂ ਕੰਧਾਂ ‘ਤੇ ਫੁੱਲ, ਬੂਟਿਆਂ ਅਤੇ ਦਰੱਖਤਾਂ ‘ਤੇ ਰੰਗ ਬਰੰਗੀ ਪੇਂਟਿੰਗ ਹੋਣ ਨਾਲ ਮਨਮੋਹਕ ਤੇ ਆਕਰਸ਼ਿਤ ਦ੍ਰਿਸ਼ ਨਜ਼ਰ ਆਉਂਦਾ ਹੈ। ਸਕੂਲ ਦੇ ਕਮਰਿਆਂ ‘ਤੇ ਵੱਖ-ਵੱਖ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਹੋਈ ਹੈ, ਜੋ ਬਹੁਤ ਸੋਹਣੀ ਜਾਪਦੀ ਹੈ। ਸਕੂਲ ਦੇ ਵਿਦਿਆਰਥੀਆਂ ਵਿਚ ਰਵਾਇਤੀ ਖੇਡਾਂ ਜਿਵੇਂ ਕਿ ਪਿੱਠੂ, ਰੱਸਾਕਸ਼ੀ, ਕੋਟਲਾ ਛਪਾਕੀ, ਸਹਾਇਕ ਦੌੜ, ਬੋਰੀ ਦੌੜ ਖਿਡਾਈਆਂ ਜਾਂਦੀਆਂ ਹਨ। ਸਕੂਲ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਾਲ ਵਿਚ ਇਕ ਵਾਰ ਸਪੋਰਟਸ ਮੀਟ ਕਰਵਾਈ ਜਾਂਦੀ ਹੈ। ਸਕੂਲ ਵਿਚ ਬਹੁਤ ਵੱਡੀ ਲਾਇਬ੍ਰੇਰੀ ਹੈ, ਜਿਸ ਵਿਚ 4000 ਦੇ ਕਰੀਬ ਅਕਾਦਮਿਕ, ਸਾਹਿਤਕ ਤੇ ਮਨਪ੍ਰਚਾਵੇ ਸਬੰਧੀ ਕਿਤਾਬਾਂ ਵਿਦਿਆਰਥੀਆਂ ਦੇ ਪੜ੍ਹਨ ਵਾਸਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਸਕੂਲਾਂ ਨੂੰ ਦੇਖ ਕੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਪੈਂਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਤੋਂ ਸੂਬੇ ਦੇ ਹੋਰਨਾਂ ਸਕੂਲਾਂ ਨੂੰ ਵੀ ਸਿੱਖਣ ਦੀ ਲੋੜ ਹੈ।
Check Also
ਪੰਜਾਬ ’ਚ 1 ਜਨਵਰੀ ਤੋਂ ਆਫਲਾਈਨ ਵੈਰੀਫਿਕੇਸ਼ਨ ਹੋਵੇਗੀ ਬੰਦ
ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਹੋਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 1 ਜਨਵਰੀ ਤੋਂ ਵੈਰੀਫਿਕੇਸ਼ਨ …