ਨਵੀਂ ਐਸਆਈਟੀ ਬਣਾ ਕੇ ਕੈਪਟਨ ਅਮਰਿੰਦਰ ਫਿਰ ਲੱਗੇ ਘਿਰਨ
ਫਰੀਦਕੋਟ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਦੀ ਪੜਤਾਲ ਨੂੰ ਪੰਜਾਬ ਸਰਕਾਰ ਨੇ ਟੇਢੇ ਢੰਗ ਨਾਲ ਵਿਚਕਾਰ ਹੀ ਛੱਡ ਦਿੱਤਾ ਹੈ। ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 7 ਮਈ ਨੂੰ ਏਡੀਜੀਪੀ ਐੱਲ.ਕੇ. ਯਾਦਵ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕੋਟਕਪੂਰਾ ਗੋਲੀ ਕਾਂਡ ਸਬੰਧੀ ਦਰਜ ਹੋਈ ਐੱਫਆਈਆਰ 129 ਅਤੇ 192 ਮਿਤੀ 14-10-2015 ਦੀ ਪੜਤਾਲ ਕਰੇਗੀ। ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਬਹਿਬਲ ਗੋਲੀ ਕਾਂਡ ਦੀ ਪੜਤਾਲ ਕਰ ਰਹੇ ਸਨ ਪਰ ਹਾਈਕੋਰਟ ਵੱਲੋਂ ਉਨ੍ਹਾਂ ਖਿਲਾਫ ਪੱਖਪਾਤੀ ਟਿੱਪਣੀਆਂ ਉਪਰੰਤ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸ ਵੇਲੇ ਬਹਿਬਲ ਗੋਲੀ ਕਾਂਡ ਦੀ ਪੜਤਾਲ ਕਿਸੇ ਵੀ ਅਧਿਕਾਰੀ ਦੇ ਹੱਥ ਵਿੱਚ ਨਹੀਂ ਹੈ ਅਤੇ ਇਸ ਮਾਮਲੇ ਦੀ ਬਕਾਇਆ ਰਹਿੰਦੀ ਪੜਤਾਲ ਲਈ ਕੋਈ ਨਵਾਂ ਜਾਂਚ ਅਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਅਸਤੀਫ਼ੇ ਤੋਂ ਪਹਿਲਾਂ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਬਹਿਬਲ ਗੋਲੀ ਕਾਂਡ ਵਿੱਚ ਇੱਕ ਚਲਾਨ ਹੋਰ ਦਿੱਤਾ ਜਾਣਾ ਹੈ।
ਇਸ ਵਿੱਚ ਪੰਜਾਬ ਦੇ ਕੁਝ ਸਿਆਸੀ ਆਗੂਆਂ ਦੇ ਨਾਮ ਬੋਲਦੇ ਸਨ ਪਰ ਹੁਣ ਇਸ ਮਾਮਲੇ ਦੀ ਚੁੱਪ-ਚੁਪੀਤੇ ਪੜਤਾਲ ਹੀ ਬੰਦ ਹੋ ਗਈ ਹੈ। ਬਹਿਬਲ ਗੋਲੀ ਕਾਂਡ ਵਿੱਚ ਜਾਂਚ ਟੀਮ ਨੇ 16 ਫਰਵਰੀ 2021 ਨੂੰ ਆਖਰੀ ਚਲਾਨ ਪੇਸ਼ ਕੀਤਾ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਪੰਜਵਾਂ ਚਲਾਨ ਕਿਸੇ ਵੀ ਵੇਲੇ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਬਹਿਬਲ ਗੋਲੀ ਕਾਂਡ ਵਿੱਚ ਜਾਂਚ ਟੀਮ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਸਮੇਤ 7 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ।