Breaking News
Home / ਪੰਜਾਬ / ਨੈਸ਼ਨਲ ਅਚੀਵਮੈਂਟ ਸਰਵੇ: ਪੰਜਾਬ ਦੇ ਪਾੜ੍ਹਿਆਂ ਦੀ ਕਾਰਗੁਜ਼ਾਰੀ ਮਾੜੀ

ਨੈਸ਼ਨਲ ਅਚੀਵਮੈਂਟ ਸਰਵੇ: ਪੰਜਾਬ ਦੇ ਪਾੜ੍ਹਿਆਂ ਦੀ ਕਾਰਗੁਜ਼ਾਰੀ ਮਾੜੀ

logo-2-1-300x105-3-300x105ਕੌਮੀ ਪੱਧਰ ਦੇ ਔਸਤਨ ਅੰਕੜਿਆਂ ਤੱਕ ਵੀ ਨਾ ਪੁੱਜ ਸਕੇ ਵਿਦਿਆਰਥੀ, ਗਣਿਤ ਵਿਸ਼ੇ ‘ਚ ਪਈ ਵੱਡੀ ਮਾਰ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਸਕੂਲਾਂ ਦੇ ਬੱਚੇ ਪੜ੍ਹਾਈ ਦੇ ਮਾਮਲੇ ਵਿੱਚ ਕੌਮੀ ਪੱਧਰ ‘ਤੇ ਔਸਤਨ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ਹਨ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਦੇ ‘ਨੈਸ਼ਨਲ ਅਚੀਵਮੈਂਟ ਸਰਵੇ’ ਦੇ ਅੰਕੜਿਆਂ ਨੇ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ‘ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਇਸ ਸਰਵੇ ਵਿੱਚ ਪੰਜਾਬ ਦੇ 284 ਸਕੂਲਾਂ ਦੇ 12,510 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਰਮਸਾ ਅਧੀਨ ਹੋਏ ਇਸ ਸਰਵੇ ਵਿੱਚ 400 ਅੰਕਾਂ ਦੀ ਪ੍ਰੀਖਿਆ ਵਿਚੋਂ ਕੌਮੀ ਔਸਤ 250 ਅੰਕਾਂ ਦੀ ਰਹੀ। ਇਹ ਸਰਵੇ ਦਸਵੀਂ ਦੇ ਬੱਚਿਆਂ ‘ਤੇ ਅਧਾਰਿਤ ਸੀ।
ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਦੇ ਸਕੂਲੀ ਬੱਚੇ ਹਰ ਵਿਸ਼ੇ ਵਿੱਚ ਕੌਮੀ ਔਸਤ ਤੋਂ ਕਮਜ਼ੋਰ ਹਨ।
ਕੌਮੀ ਔਸਤ 250 ਦੇ ਅੰਕਾਂ ਦੇ ਮੁਕਾਬਲੇ ਪੰਜਾਬ ਨੂੰ ਅੰਗਰੇਜ਼ੀ ਵਿਸ਼ੇ ਵਿੱਚ 226, ਗਣਿਤ ਵਿਚ ਵੀ 226, ਸਾਇੰਸ ਵਿਚ 224, ਭਾਸ਼ਾ ਵਿੱਚ 220 ਤੇ ਸਭ ਤੋਂ ਘੱਟ 211 ਸੋਸ਼ਲ ਸਾਇੰਸ ਵਿੱਚ ਪ੍ਰਾਪਤ ਹੋਏ ਹਨ। ਪੇਂਡੂ ਖੇਤਰ ਦੇ ਬੱਚਿਆਂ ਦੀ ਕੌਮੀ ਔਸਤ ਅੰਗਰੇਜ਼ੀ ਵਿਸ਼ੇ ਵਿੱਚ 244 ਅੰਕਾਂ ਦੀ ਰਹੀ ਹੈ, ਜਿਸ ਵਿੱਚ ਪੰਜਾਬ ਦੇ ਪੇਂਡੂ ਖੇਤਰ ਨੂੰ ਇਸ ਵਿਸ਼ੇ ਵਿਚ 227 ਅੰਕ ਮਿਲੇ ਹਨ। ਇਸੇ ਤਰ੍ਹਾਂ ਸ਼ਹਿਰੀ ਸਕੂਲਾਂ ਦੀ ਕਾਰਗੁਜ਼ਾਰੀ ਕੌਮੀ ਔਸਤ 263 ਦੇ ਮੁਕਾਬਲੇ 255 ਅੰਕ ਰਹੀ। ਇਸ ਸਰਵੇ ਵਿੱਚ ਸਰਕਾਰੀ, ਏਡਿਡ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਨੂੰ ਗਣਿਤ ਵਿਸ਼ੇ ਵਿੱਚ ਵੱਡੀ ਮਾਰ ਪਈ ਹੈ। ਇਸ ਵਿਸ਼ੇ ਵਿਚ ਲੜਕੇ-ਲੜਕੀਆਂ ਦੇ ਅੰਕਾਂ ਦੀ ਕੌਮੀ ਔਸਤ 250 ਅੰਕਾਂ ਦੀ ਰਹੀ ਹੈ। ਇਸ ਵਿਚੋਂ ਪੰਜਾਬ ਦੇ ਲੜਕਿਆਂ ਨੂੰ 226 ਅਤੇ ਲੜਕੀਆਂ ਨੂੰ 225 ਅੰਕ ਮਿਲੇ ਹਨ। ਸਰਕਾਰੀ ਸਕੂਲਾਂ ਦੀ ਅੰਗਰੇਜ਼ੀ ਵਿਸ਼ੇ ਦੀ ਕੌਮੀ ਔਸਤ 236 ਅੰਕਾਂ ਦੀ ਰਹੀ ਹੈ, ਜਦੋਂਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇਸ ਵਿਸ਼ੇ ਵਿੱਚ 224 ਅੰਕ ਮਿਲੇ ਹਨ। ਇਵੇਂ ਗਣਿਤ ਵਿਸ਼ੇ ਵਿੱਚ ਸਰਕਾਰੀ ਸਕੂਲਾਂ ਦੀ ਕੌਮੀ ਔਸਤ 239 ਅੰਕਾਂ ਦੀ ਸੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇਸ ਵਿਸ਼ੇ ਵਿੱਚ 224 ਅੰਕ ਮਿਲੇ ਹਨ। ਮਾਤ ਭਾਸ਼ਾ ਵਿੱਚ ਕੌਮੀ ਪੱਧਰ ‘ਤੇ ਸਰਕਾਰੀ ਸਕੂਲਾਂ ਦੀ ਔਸਤ 235 ਅੰਕਾਂ ਦੀ ਰਹੀ ਹੈ, ਜਦੋਂਕਿ ਪੰਜਾਬ ਵਿੱਚ ਮਾਤ ਭਾਸ਼ਾ ਪੰਜਾਬੀ ਦੇ ਮਾਮਲੇ ਵਿਚ ਸਰਕਾਰੀ ਸਕੂਲਾਂ ਨੂੰ 219 ਅੰਕ ਮਿਲੇ ਹਨ। ਮਾਤ ਭਾਸ਼ਾ ਪੜ੍ਹਨ ਦੇ ਅੰਕਾਂ ਦੀ ਕੌਮੀ ਔਸਤ 250 ਦੇ ਮੁਕਾਬਲੇ ਪੰਜਾਬ ਵਿੱਚ ਪੰਜਾਬੀ ਪੜ੍ਹਨ ਦੇ ਮਾਮਲੇ ਵਿਚ 220 ਅੰਕ ਮਿਲੇ ਹਨ। ਇਤਿਹਾਸ ਦੀ ਕੌਮੀ ਔਸਤ 247 ਅੰਕਾਂ ਦੀ ਹੈ, ਜਦੋਂਕਿ ਪੰਜਾਬ ਦੇ ਪੱਲੇ 205 ਅੰਕ ਹੀ ਪਏ ਹਨ।
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਦੋਸ਼ੀ ਕਰਾਰ
ਵਿਦਿਅਕ ਮਾਹਿਰ ਅਤੇ ਪ੍ਰਿੰਸੀਪਲ ਡਾ. ਤਰਲੋਕ ਬੰਧੂ (ਰਾਮਪੁਰਾ) ਦਾ ਪ੍ਰਤੀਕਰਮ ਹੈ ਕਿ ਸਰਕਾਰ ਦੀ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਹੈ, ਉਸ ਨੇ ਵਿਦਿਅਕ ਮਿਆਰ ਨੂੰ ਢਾਹ ਲਾਈ ਹੈ। ਠੇਕਾ ਪ੍ਰਣਾਲੀ ਕਾਰਨ ਪ੍ਰਤਿਭਾਸ਼ਾਲੀ ਅਧਿਆਪਕ ਵਿਦਿਅਕ ਖੇਤਰ ਤੋਂ ਦੂਰ ਹੋ ਰਹੇ ਹਨ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋ. ਰਵਿੰਦਰ ਰਵੀ ਦਾ ਕਹਿਣਾ ਸੀ ਕਿ ਪੰਜਾਬ ਦਾ ਮਾਤ ਭਾਸ਼ਾ ਵਿੱਚ ਵੀ ਕੌਮੀ ਪੱਧਰ ਦੇ ਔਸਤਨ ਅੰਕੜਿਆਂ ਤੋਂ ਪਛੜ ਜਾਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਸਰਕਾਰੀ ਨੀਤੀ ਵੀ ਪੰਜਾਬੀ ਭਾਸ਼ਾ ਦੇ ਅਨੁਕੂਲ ਨਹੀਂ ਹੈ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …