Breaking News
Home / ਪੰਜਾਬ / ਗੰਧਲੀ ਹੋ ਗਈ ਪੰਜਾਬ ਦੀ ਸਿਆਸਤ

ਗੰਧਲੀ ਹੋ ਗਈ ਪੰਜਾਬ ਦੀ ਸਿਆਸਤ

logo-2-1-300x105-3-300x105ਸਾਬਕਾ ਪ੍ਰੀਮੀਅਰ ਉਜਲ ਦੁਸਾਂਝ ਦੇ ਬੋਲ
ਪੰਜਾਬ ‘ਚ ਤਾਂ ਹੁਣ ਗੱਲਾਂ ਵੀ ਗਾਲ੍ਹਾਂ ਵਾਂਗ ਲਗਦੀਆਂ ਨੇ
ਉਜਲ ਦੁਸਾਂਝ ਦੀ ਆਟੋਬਾਇਓਗ੍ਰਾਫੀ ਰਿਲੀਜ਼
ਜਲੰਧਰ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਅਤੇ ਸਾਬਕਾ ਪ੍ਰੀਮੀਅਰ ਸ਼੍ਰੀ ਉੱਜਲ ਦੋਸਾਂਝ ਨੇ ਆਪਣੀ ਪੰਜਾਬ ਦੀ ਫੇਰੀ ਦੌਰਾਨ ਸੂਬੇ ਦੀ ਸਿਆਸਤ ‘ਤੇ ਟਿੱਪਣੀ ਕਰਦਿਆਂ ਕਿਹਾ, ”ਪੰਜਾਬ ਦੀ ਸਿਆਸਤ ਬਹੁਤ ਗੰਦੀ ਹੋ ਚੁੱਕੀ ਹੈ। ਜੋ ਵੀ ਇਸ ‘ਚ ਪੈਰ ਪਾਵੇਗਾ, ਉਹ ਲਿੱਬੜ ਜਾਵੇਗਾ। ਇਸ ਸਿਆਸਤ ‘ਚ ਗੱਲਾਂ ਵੀ ਗਾਲ੍ਹਾਂ ਵਰਗੀਆਂ ਕੀਤੀਆ ਜਾਂਦੀਆਂ ਨੇ।” ਆਪਣੀ ਸਵੈ-ਜੀਵਨੀ ‘ਜਰਨੀ ਆਫਟਰ ਮਿਡਨਾਈਟ’ ਦੇ ਰਿਲੀਜ਼ ਸੰਬੰਧੀ ਪੰਜਾਬ ਆਏ ਸ਼੍ਰੀ ਦੋਸਾਂਝ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਜਾਂ ਦੇਸ਼ ਦੀ ਸਿਆਸਤ ‘ਚ ਅੱਜ ਆਦਰਸ਼ ਵਰਗੀ ਕੋਈ ਗੱਲ ਨਹੀਂ ਹੈ। ਇੱਥੋਂ ਦੇ ਸਿਆਸੀ ਨੇਤਾ ਵਿਧਾਇਕ, ਸੰਸਦ ਮੈਂਬਰ ਜਾਂ ਮੰਤਰੀ ਤਾਂ ਬਣ ਜਾਂਦੇ ਹਨ ਅਤੇ ਕੁਰਸੀਆਂ-ਸਹੂਲਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਦੇਸ਼ ਜਾਂ ਲੋਕਾਂ ਵਾਸਤੇ ਕੁਝ ਨਹੀਂ ਕਰਦੇ। ਉਨ੍ਹਾਂ ਦਾ ਸਾਰਾ ਸਮਾਂ ਹੜੱਪਣ ‘ਚ ਹੀ ਲੱਗਾ ਰਹਿੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦਰਭ ‘ਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਝਾੜੂ ਫੜ ਲੈਣ ਨਾਲ ‘ਸਵੱਛ ਭਾਰਤ’ ਦੀ ਮੁਹਿੰਮ ਕਾਮਯਾਬ ਨਹੀਂ ਹੁੰਦੀ, ਸਗੋਂ ਇਸ ਵਾਸਤੇ ਪੂਰੇ ਦੇਸ਼ ਦੀ ਸੋਚ ਬਦਲਣ ਦੀ ਲੋੜ ਹੈ।ઠ ਸ਼੍ਰੀ ਦੋਸਾਂਝ ਨੇ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜਾਂ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਇੱਥੇ ਲੋਕਾਂ ‘ਚ ਕਲਚਰ ਲਿਆਉਣ ਦੀ ਗੱਲ ਨਹੀਂ ਕੀਤੀ ਗਈ। ਦੇਸ਼ ਨੂੰ ਜਿਸ ਤਰ੍ਹਾਂ ਦੀ ਅਗਵਾਈ ਚਾਹੀਦੀ ਸੀ ਅਤੇ ਲੋਕਾਂ ‘ਚ ਜਿਸ ਤਰ੍ਹਾਂ ਦੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਸੀ, ਅਜਿਹਾ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਇੱਕ ਵਾਰ ਇੱਕ ਅੰਗਰੇਜ਼ ਪੱਤਰਕਾਰ ਨੇ ਪੁੱਛਿਆ ਸੀ ਕਿ ਕੀ ਉਹ ਨਵਾਂ ਇੰਡੀਆ ਬਣਾਉਣ ਲਈ ਯਤਨਸ਼ੀਲ ਹਨ? ਇਸ ਦੇ ਜਵਾਬ ‘ਚ ਗਾਂਧੀ ਜੀ ਨੇ ਕਿਹਾ ਸੀ ਕਿ ਉਹ ਨਵਾਂ ਇੰਡੀਆ ਨਹੀਂ, ਸਗੋਂ ਨਵਾਂ ਇੰਡੀਅਨ ਬਣਾਉਣਾ ਚਾਹੁੰਦੇ ਹਨ। ਅੱਜ ਦੇਸ਼ ਆਜ਼ਾਦ ਹੋਏ ਨੂੰ ਸੱਤ ਦਹਾਕੇ ਬੀਤ ਚੱਲੇ ਹਨ ਪਰ ਅਸੀਂ ਪੁਰਾਣੇ ਇੰਡੀਅਨ ਤੋਂ ਵੀ ਗਏ-ਗੁਜ਼ਰੇ ਹੋ ਗਏ ਹਾਂ। ਸ਼੍ਰੀ ਉੱਜਲ ਦੋਸਾਂਝ ਨੇ ਕਿਹਾ ਕਿ ਦੇਸ਼ ‘ਚ ਕਦਰ-ਕੀਮਤਾਂ ਬੁਰੀ ਤਰ੍ਹਾਂ ਨਾਲ ਨਿੱਘਰ ਗਈਆਂ ਹਨ। ਇਸ ਕਾਰਨ ਹਰ ਪਾਸੇ ਹਫੜਾ-ਦਫੜੀ ਦਾ ਦੌਰ ਹੈ ਅਤੇ ਲੋਕਾਂ ‘ਚ ਬੇਚੈਨੀ ਦੀ ਭਾਵਨਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪਾਰਟੀਆਂ ਅਤੇ ਨੇਤਾਵਾਂ ‘ਚ ਦੇਸ਼ ਦੀਆਂ ਸਮੱਸਿਆਵਾਂ ਬਾਰੇ ਕੋਈ ਚਿੰਤਾ ਨਹੀਂ ਹੈ। ਦੇਸ਼ ਦੀ ਤਰੱਕੀ ਦੀ ਥਾਂ ਲੋਕ ਆਪਣੀ ਤਰੱਕੀ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।
‘ਆਪ’ ਨੇ ਵੀ ਕਰ ਦਿੱਤਾ ਨਿਰਾਸ਼
ਵਿਦੇਸ਼ੀ ਧਰਤੀ ‘ਤੇ ਰਹਿੰਦੇ ਭਾਰਤੀ ਜਾਂ ਪੰਜਾਬੀ ਆਪਣੇ ਦੇਸ਼ ‘ਚ ਕ੍ਰਾਂਤੀਕਾਰੀ ਤਬਦੀਲੀ ਚਾਹੁੰਦੇ ਹਨ। ਇਸ ਕਰਕੇ ਜਦੋਂ ਵੀ ਕੋਈ ਨਵੀਂ ਪਾਰਟੀ ਉੱਠਦੀ ਹੈ ਤਾਂ ਉਹ ਆਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਣ ਲੱਗ ਪੈਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਾਬਕਾ ਮੰਤਰੀ ਅਤੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮਨਪ੍ਰੀਤ ਬਾਦਲ ਨੇ ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ ਤਾਂ ਕੈਨੇਡਾ ਦੇ ਲੋਕ ਇੱਕਦਮ ਉਸ ਵੱਲ ਉੱਲਰ ਪਏ ਸਨ। ਸਰੀ ਦੀ ਰੈਲੀ ‘ਚ ਮਨਪ੍ਰੀਤ ਬਾਦਲ ਨੂੰ ਸੁਣਨ ਲਈ ਹਜ਼ਾਰਾਂ ਲੋਕ ਆਣ ਜੁੜੇ ਸਨ ਪਰ ਛੇਤੀ ਹੀ ਲੋਕਾਂ ਦੀ ਆਸ ਨਿਰਾਸ਼ਾ ‘ਚ ਬਦਲ ਗਈ। ਇਸੇ ਤਰ੍ਹਾਂ ਪਹਿਲਾਂ ਲੋਕ ਵੱਡੀ ਆਸ ਲੈ ਕੇ ‘ਆਪ’ ਵੱਲ ਉੱਲਰਦੇ ਨਜ਼ਰ ਆਏ, ਜਦੋਂਕਿ ਹੁਣ ਕੈਨੇਡਾ ‘ਚ ‘ਆਪ’ ਦਾ ਜਾਦੂ ਟੁੱਟਣ ਲੱਗਾ ਹੈ। ਇਸ ਪਾਰਟੀ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ‘ਚ ਨਿਰਾਸ਼ਾ ਭਰ ਰਹੀ ਹੈ। ਉਨ੍ਹਾਂ ਨੂੰ ਛੇਤੀ ਹੀ ਮਹਿਸੂਸ ਹੋਣ ਲੱਗਾ ਹੈ ਕਿ ‘ਆਪ’ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਨਹੀਂ ਕਰ ਸਕਦੀ। ਹੁਣ ਵਿਦੇਸ਼ਾਂ ‘ਚ ਬੈਠੇ ਲੋਕ ਕਿਸੇ ਹੋਰ ਪਾਰਟੀ ਦੇ ਉਭਾਰ ਵੱਲ ਦੇਖਣ ਲੱਗੇ ਹਨ।
ਭਾਰਤ ਵਰਗੀ ਰਿਸ਼ਵਤਖੋਰੀ ਕੈਨੇਡਾ ‘ਚ ਨਹੀਂ
ਜਲੰਧਰ : ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਅਤੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਭਾਰਤ ‘ਚ ਹੈ, ਉਸ ਦੀ ਕੈਨੇਡਾ ‘ਚ ਕੋਈ ਹੋਂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਵਿਦੇਸ਼ੀ ਧਰਤੀ ‘ਤੇ ਰਹਿ ਰਿਹਾ ਹਾਂ ਪਰ ਅੱਜ ਤੱਕ ਕਿਸੇ ਵੀ ਕੰਮ ਲਈ ਨਾ ਮੇਰੇ ਤੋਂ ਕਿਸੇ ਨੇ ਰਿਸ਼ਵਤ ਮੰਗੀ ਹੈ ਅਤੇ ਨਾ ਮੈਨੂੰ ਰਿਸ਼ਵਤ ਦੇਣੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਦਿੱਲੀ ‘ਚ ਇੱਕ ਦਿਨ ਦੌਰਾਨ ਹੀ ਮੇਰੇ ਡਰਾਈਵਰ ਨੂੰ ਦੋ ਵਾਰ ਪੁਲਸ ਵਾਲਿਆਂ ਨੇ ਰੋਕਿਆ ਅਤੇ ਉਸ ਕੋਲੋਂ 800 ਰੁਪਏ ਰਿਸ਼ਵਤ ਲੈ ਲਈ। ਇਹ ਸ਼ਰੇਆਮ ਦੇਸ਼ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤ ਭ੍ਰਿਸ਼ਟਾਚਾਰ ਤੋਂ ਨਹੀਂ ਉੱਭਰਦਾ, ਇਸ ਦੇ ਚਿਹਰੇ ‘ਤੇ ਰੌਣਕ ਨਹੀਂ ਆ ਸਕਦੀ। ਸ਼੍ਰੀ ਦੁਸਾਂਝ ਨੇ ਕਿਹਾ ਕਿ ਭਾਰਤ ਦੇ ਭ੍ਰਿਸ਼ਟਾਚਾਰ ਦੀ ਤੁਲਨਾ ਚੀਨ ਨਾਲ ਕੀਤੀ ਜਾ ਸਕਦੀ ਹੈ, ਜਿੱਥੇ ਅੱਜ ਰਿਸ਼ਵਤਖੋਰੀ ਸਭ ਹੱਦਾਂ ਬੰਨ੍ਹੇ ਟੱਪ ਗਈ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਭਾਰੀ ਮਾਤਰਾ ‘ਚ ਕਾਲਾ ਧਨ ਕੈਨੇਡਾ ਪਹੁੰਚ ਰਿਹਾ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …