9.4 C
Toronto
Friday, November 7, 2025
spot_img
Homeਪੰਜਾਬਗੁਰਦੁਆਰਾ ਰਾਮਸਰ ਦੇ ਸਰੋਵਰ ਦੀ ਕਾਰ ਸੇਵਾ

ਗੁਰਦੁਆਰਾ ਰਾਮਸਰ ਦੇ ਸਰੋਵਰ ਦੀ ਕਾਰ ਸੇਵਾ

kar-sewa-1-copy-copyਸਿੱਖ ਸੰਗਤ ਨੇ ਦੋ ਘੰਟਿਆਂ ਵਿੱਚ ਹੀ ਸਰੋਵਰ ਵਿੱਚੋਂ ਕੱਢੀ ਗਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਇਤਿਹਾਸਕ ਪੰਜ ਸਰੋਵਰਾਂ ਵਿੱਚ ਸ਼ਾਮਲ ਗੁਰਦੁਆਰਾ ਰਾਮਸਰ ਦੇ ਸਰੋਵਰ ਦੀ ਕਾਰ ਸੇਵਾ ਸ਼ਨੀਵਾਰ ਨੂੰ ਖ਼ਾਲਸਾਈ ਪ੍ਰੰਪਰਾਵਾਂ ਨਾਲ ਸ਼ੁਰੂ ਹੋਈ, ਜੋ ਦੋ ਘੰਟਿਆਂ ਵਿੱਚ ਹੀ ਸੰਗਤ ਦੇ ਭਾਰੀ ਉਤਸ਼ਾਹ ਨਾਲ ਸੰਪੂਰਨ ਹੋ ਗਈ। ਇਹ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ।
ਦੱਸਣਯੋਗ ਹੈ ਕਿ ਇਹ ਸਰੋਵਰ ਅਤੇ ਗੁਰਦੁਆਰਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੱਲੋਂ ਬਣਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ। ਸਰੋਵਰ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਅਤੇ ਬੀਬੀ ਸੁਪਰੀਤ ਕੌਰ ਸੇਰੋਂ ਦੇ ਜਥੇ ਨੇ ਕੀਰਤਨ ਕੀਤਾ। ਅਰਦਾਸ ਭਾਈ ਸੁਲਤਾਨ ਸਿੰਘ ਅਰਦਾਸੀਏ ਨੇ ਕੀਤੀ ਤੇ ਹੁਕਮਨਾਮਾ ਗਿਆਨੀ ਸੁਖਜਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਹ ਪਵਿੱਤਰ ਅਸਥਾਨ ਹੈ, ਜਿਥੇ ਗੁਰੂ ਅਰਜਨ ਦੇਵ ਨੇ ਆਪਣੇ ਹਸਤ ਕਮਲਾਂ ਨਾਲ ਸਰੋਵਰ ਤਿਆਰ ਕਰਵਾਇਆ, ਜਿਸ ਦਾ ਨਾਂ ਰਾਮਸਰ ਸਾਹਿਬ ਰੱਖਿਆ। ਆਸ-ਪਾਸ ਦੇ ਸ਼ਾਂਤਮਈ ਮਾਹੌਲ ਨੂੰ ਦੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਕੰਢੇ ‘ਤੇ ਤੰਬੂ ਲਾ ਕੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਈ, ਜਿਸ ਵਿੱਚ ਆਪਣੇ ਸਮੇਤ ਪਹਿਲੇ ਚਾਰ ਗੁਰੂਆਂ ਅਤੇ ਭਗਤਾਂ ਦੀ ਬਾਣੀ ਸ਼ਾਮਲ ਕੀਤੀ ਗਈ। ਇਸ ਮੌਕੇ ਗਿਆਨੀ ਰਘਬੀਰ ਸਿੰਘ ਗ੍ਰੰਥੀ ਨੇ ਵੀ ਸੰਬੋਧਨ ਕੀਤਾ। ਸੇਵਾ ਦੀ ਸ਼ੁਰੂਆਤ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਰਘਬੀਰ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਅਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਪੰਜ ਪਿਆਰਿਆਂ ਵਜੋਂ ਸ਼ੁਰੂ ਕੀਤੀ ઠਜਦੋਂਕਿ ਬਾਟਿਆਂ ਦੀ ਸੇਵਾ ਬਾਬਾ ਅਨੂਪ ਸਿੰਘ ਹਜੂਰ ਸਾਹਿਬ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਬਾਬਾ ਰਣਜੀਤ ਸਿੰਘ ਸੇਵਾ ਪੰਥੀ ਅਤੇ ਬਾਬਾ ਅਜੀਤ ਸਿੰਘ ਮਿੱਠਾ ਟਿਵਾਣਾ ਵਾਲਿਆਂ ਨੇ ਕੀਤੀ। ਇਸ ਮੌਕੇ ਸੋਨੇ ਰੰਗੀ ਕਹੀ ਨਾਲ ਸਰੋਵਰ ਵਿਚੋਂ ਗਾਰ ‘ਤੇ ਟੱਕ ਲਾਇਆ ਗਿਆ। ਉਪਰੰਤ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤ ਨੇ ਸਰੋਵਰ ਵਿੱਚੋਂ ਗਾਰ ਕੱਢਣ ਦੀ ਸੇਵਾ ਸ਼ੁਰੂ ਕਰ ਦਿੱਤੀ। ਲਗਭਗ ਦੋ ਘੰਟਿਆਂ ਵਿੱਚ ਹੀ ਸੰਗਤ ਨੇ ਸਰੋਵਰ ਵਿੱਚੋਂ ਸਾਰੀ ਗਾਰ ਅਤੇ ਰੇਤ ਕੱਢ ਦਿੱਤੀ।

RELATED ARTICLES
POPULAR POSTS