Home / ਪੰਜਾਬ / ਗੁਜਰਾਤ ਵਿੱਚ ਪੰਜਾਬ ਦੇ ਕਿਸਾਨਾਂ ‘ਤੇ ਮੁੜ ਸੰਕਟ ਦੇ ਬੱਦਲ

ਗੁਜਰਾਤ ਵਿੱਚ ਪੰਜਾਬ ਦੇ ਕਿਸਾਨਾਂ ‘ਤੇ ਮੁੜ ਸੰਕਟ ਦੇ ਬੱਦਲ

logo-2-1-300x105ਭਾਜਪਾ ਆਗੂਆਂ ਵਲੋਂ ਕਿਸਾਨ ਦੀ 20 ਏਕੜ ਜ਼ਮੀਨ ‘ਤੇ ਕਬਜ਼ਾ; ਕਿਸਾਨਾਂ ਨੂੰ ਗੁਜਰਾਤ ਛੱਡਣ ਦੀਆਂ ਧਮਕੀਆਂ
ਬਠਿੰਡਾ/ਬਿਊਰੋ ਨਿਊਜ਼
ਗੁਜਰਾਤ ਦੇ ਕੱਛ ਖੇਤਰ ਵਿੱਚ ਪੰਜਾਬ ਦੇ ਕਿਸਾਨਾਂ ‘ਤੇ ਮੁੜ ਸੰਕਟ ਦੇ ਬੱਦਲ ਛਾ ਗਏ ਹਨ। ਜ਼ਿਲ੍ਹਾ ਭੁਜ ਦੇ ਪਿੰਡ ਲੋਰੀਆ ਵਿੱਚ ਇੱਕ ਪੰਜਾਬੀ ਕਿਸਾਨ ਦੀ ਕਰੀਬ 20 ਏਕੜ ਜ਼ਮੀਨ ‘ਤੇ ਗੁਜਰਾਤ ਦੇ ਭਾਜਪਾ ਆਗੂਆਂ ਨੇ ਕਬਜ਼ਾ ਕਰ ਲਿਆ ਹੈ। ਕਈ ਕਿਸਾਨਾਂ ਨੂੰ ਧਮਕੀ ਵੀ ਦਿੱਤੀ ਹੈ, ਜਿਸ ਕਰਕੇ ਪੰਜਾਬ ਦੇ ਕਿਸਾਨਾਂ ਵਿੱਚ ਦਹਿਸ਼ਤ ਹੈ। ਦੋ ਦਿਨ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਥਾਣਾ ਭੁਜ ਦੇ ਡਵੀਜ਼ਨ ਨੰਬਰ ਇੱਕ ਤੱਕ ਵੀ ਪਹੁੰਚ ਕੀਤੀ ઠਸੀ ਪਰ ਪੁਲਿਸ ਨੇ ਗੱਲ ਅਣਸੁਣੀ ਕਰ ਦਿੱਤੀ ਹੈ। ਡੇਢ ਵਰ੍ਹੇ ਵਿੱਚ ਇਹ ਤੀਸਰੀ ਘਟਨਾ ਹੈ, ਜਿਸ ਕਰਕੇ ਇਨ੍ਹਾਂ ਕਿਸਾਨਾਂ ‘ਤੇ ਖਤਰਾ ਮੰਡਰਾਉਣ ਲੱਗਾ ਹੈ। ਪੰਜਾਬ ਦੇ ਕਿਸਾਨ ਰਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਕਰੀਬ 20 ਏਕੜ ਜ਼ਮੀਨ ‘ਤੇ ਗੁਜਰਾਤ ਦੇ ਭਾਜਪਾ ਦੇ ਸਥਾਨਕ ਆਗੂਆਂ ਨੇ ਕਬਜ਼ਾ ਕਰ ਲਿਆ ਹੈ। ਉਪਰੋਂ ਉਸ ਨੂੰ ਗੁਜਰਾਤ ਛੱਡਣ ਦੀ ਧਮਕੀ ਵੀ ਦੇ ਦਿੱਤੀ ਗਈ ਹੈ, ਜਿਸ ਕਰਕੇ ਉਹ ਡਰਦਾ ਹੋਇਆ ਵਾਪਸ ਆ ਗਿਆ ਹੈ। ਉਸ ਨੇ 12 ਅਗਸਤ ਨੂੰ 20 ਏਕੜ ਜ਼ਮੀਨ ਵਿੱਚ ਰਿੰਡ ਦੀ ਬਿਜਾਈ ਕੀਤੀ ਸੀ। ਉਹ ਬਿਜਾਈ ਕਰਨ ਮਗਰੋਂ ਵਾਪਸ ਪੰਜਾਬ ਆ ઠਗਿਆ ਸੀ ਅਤੇ ਮਗਰੋਂ ਗੁਜਰਾਤ ਤੋਂ ਫੋਨ ਆ ਗਿਆ ਜਿਸ ਕਰਕੇ ਉਹ ਵਾਪਸ ਗੁਜਰਾਤ ਮੁੜ ਗਿਆ। ਉਸ ਨੇ ਜਦੋਂ ਖੇਤ ਦੇਖੇ ਤਾਂ ਗੁਜਰਾਤ ਦੇ ਸਥਾਨਕ ਆਗੂਆਂ ਨੇ ਜ਼ਮੀਨ ਵਾਹੀ ਹੋਈ ਸੀ ਅਤੇ ਮੁੜ ਬਿਜਾਂਦ ਕੀਤੀ ਹੋਈ ਸੀ। ਕਿਸਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਖੇਤ ਵਿੱਚ ਦਾਖਲ ਨਹੀਂ ਹੋਣ ਦਿੱਤਾ। ਉਸ ਦੇ ਖੇਤ ‘ਤੇ ਪਹਿਲਾਂ ਵੀ ਜੁਲਾਈ ਮਹੀਨੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਦੋਂ ਉਸ ਨੇ ਥਾਣੇ ਵਿੱਚ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਵੀ ਸ਼ਿਕਾਇਤ ਕੀਤੀ ਹੈ ਤੇ ਕੋਈ ਸੁਣਵਾਈ ਨਹੀਂ ਹੋਈ। ਪਿੰਡ ਪਿੱਥੋ ਦੇ ਇੱਕ ਹੋਰ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਜਰਾਤ ਦੇ ਸਥਾਨਕ ਆਗੂ ਮੁੜ ਪੰਜਾਬੀ ਕਿਸਾਨਾਂ ਨੂੰ ਦਬਕੇ ਮਾਰਨ ਲੱਗੇ ਹਨ।
ਪਿੰਡ ਲੋਰੀਆ ਵਿੱਚ ਕਰੀਬ 22 ਪੰਜਾਬੀ ਪਰਿਵਾਰ ਹਨ। ਹੁਣ ਥਾਣੇ ਕੀਤੀ ਸ਼ਿਕਾਇਤ ਵਿੱਚ ਭਾਜਪਾ ਦੇ ਸਥਾਨਕ ਆਗੂ ਅੱਠੂ ਵਾਅ, ਪ੍ਰਤਾਪ ਜੀ, ਖੇਤਾ ਜੀ ਅਤੇ ਬੱਲੂ ਵਾਅ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਗੁਜਰਾਤ ਦੇ ਇਨ੍ਹਾਂ ਆਗੂਆਂ ਨੇ 24 ਜਨਵਰੀ-2015 ਨੂੰ ਪੰਜਾਬ ਦੇ ਕਿਸਾਨਾਂ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਕਈ ਕਿਸਾਨ ਜ਼ਖ਼ਮੀ ਹੋ ਗਏ ਸਨ। 24 ਫਰਵਰੀ-2016 ਨੂੰ ਮੁੜ ਪੰਜਾਬੀ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਤੇ ਕਿਸਾਨਾਂ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਅਤੇ ਫਸਲ ਵੱਢਣ ਨਹੀਂ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਸੀ। 1965 ਵਿੱਚ ਕੱਛ ਖੇਤਰ ਨੂੰ ਆਬਾਦ ਕਰਨ ਵਾਸਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਜਮੀਨਾਂ ਅਲਾਟ ਕੀਤੀਆਂ ਗਈਆਂ ਸਨ। ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਕੋਲ ਮਾਮਲਾ ਉਠਾਉਣ।

Check Also

ਕੇਜਰੀਵਾਲ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ

ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ …