Breaking News
Home / ਪੰਜਾਬ / ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਹੜ੍ਹ ਪੀੜਤ ਲਈ ਪਹੁੰਚਾਇਆ ਲੰਗਰ

ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਹੜ੍ਹ ਪੀੜਤ ਲਈ ਪਹੁੰਚਾਇਆ ਲੰਗਰ

ਭਾਰਤੀ ਫੌਜ ਦੇ ਹੈਲੀਕਾਪਟਰਾਂ ਰਾਹੀਂ ਵੀ ਪਹੁੰਚਾਇਆ ਪਾਣੀ ਤੇ ਰਾਸ਼ਨ
ਜਲੰਧਰ/ਬਿਊਰੋ ਨਿਊਜ਼ : ਪਿਛਲੇ ਦਿਨਾਂ ਤੋਂ ਹੜ੍ਹਾਂ ਵਿਚ ਘਿਰੇ ਲੋਕਾਂ ਲਈ ਪੰਜਾਬ ਭਰ ਦੇ ਲੋਕਾਂ ਨੇ ਲੰਗਰ ਦਾ ‘ਹੜ੍ਹ’ ਲੈ ਆਂਦਾ ਹੈ। ਸੂਬੇ ਭਰ ਤੋਂ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਲੋਹੀਆਂ, ਸ਼ਾਹਕੋਟ ਅਤੇ ਫਿਲੌਰ ਦੇ ਹੜ੍ਹ ਪੀੜਤਾਂ ਲਈ ਲੰਗਰ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਹੜ੍ਹ ਵਿਚ ਘਿਰੇ ਲੋਕਾਂ ਨੂੰ ਪੰਜਾਬ ਦੇ ਬਰਗਾੜੀ, ਮਾਨਸਾ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨ ਤਾਰਨ, ਬਾਬਾ ਬਕਾਲਾ ਅਤੇ ਜ਼ਿਲ੍ਹਾ ਜਲੰਧਰ ਦੇ ਕਈ ਕਸਬਿਆਂ ਤੋਂ ਮਦਦ ਪੁੱਜ ਰਹੀ ਹੈ।
ਲੋਕਾਂ ਦੀ ਸੇਵਾ ਵਿਚ ਜੁਟੀਆਂ ਜਥੇਬੰਦੀਆਂ ਨੂੰ ਬੇੜੀਆਂ ਨਾ ਮਿਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਈ ਲੋਕਾਂ ਨੇ ਆਪਣੀ ਜ਼ਿੰਦਗੀ ਦਾਅ ‘ਤੇ ਲਾ ਕੇ ਦੇਸੀ ਜੁਗਾੜ ਨਾਲ ਲੋਕਾਂ ਤੱਕ ਖਾਣ-ਪੀਣ ਵਾਲੀਆਂ ਵਸਤਾਂ ਅਤੇ ਦਵਾਈਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਿੰਨ ਦਿਨਾਂ ਤੋਂ ਪਾਣੀ ਵਿਚ ਘਿਰੇ ਲੋਕਾਂ ਨੂੰ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਆ ਰਹੀ ਹੈ।
ਉਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ ਵਿਚ ਭਾਰਤੀ ਫ਼ੌਜ ਦੇ 6 ਹੈਲੀਕਾਪਟਰਾਂ ਰਾਹੀਂ ਪੀਣ ਵਾਲਾ ਪਾਣੀ, ਸੁੱਕਾ ਰਾਸ਼ਨ ਅਤੇ ਪ੍ਰਸ਼ਾਦੇ ਪਹੁੰਚਾਏ। ਪਿੰਡ ਜਾਨੀਆਂ ਚਾਹਲ, ਜਿੱਥੇ ਸਤਲੁਜ ਦੇ ਧੁੱਸੀ ਬੰਨ੍ਹ ਵਿਚ 175 ਮੀਟਰ ਦੇ ਕਰੀਬ ਪਾੜ ਪਿਆ ਹੋਇਆ ਹੈ, ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਵਧਦਾ ਜਾ ਰਿਹਾ ਹੈ। ਪਾਣੀ ਵਿਚ ਘਿਰੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਅਤੇ ਖ਼ਾਸ ਕਰਕੇ ਪੀਣ ਵਾਲਾ ਪਾਣੀ ਅਤੇ ਬੱਚਿਆਂ ਲਈ ਦੁੱਧ ਪਹੁੰਚਾਉਣ ਲਈ ਸੂਬੇ ਦੇ ਲੋਕ ਆਪਣੀਆਂ ਜਾਨਾਂ ਦੀ ਪ੍ਰਵਾਹ ਵੀ ਨਹੀਂ ਕਰ ਰਹੇ। ਪਿੰਡ ਤਲਵੰਡੀ ਚੌਧਰੀਆਂ ਤੋਂ ਆਏ 50 ਦੇ ਕਰੀਬ ਨੌਜਵਾਨਾਂ ਨੇ ਹੜ੍ਹ ਵਿਚ ਘਿਰੇ ਲੋਕਾਂ ਨੂੰ ਲੰਗਰ ਪਹੁੰਚਾਉਣ ਲਈ ਸੁਰੱਖਿਆ ਜੈਕਟਾਂ ਪਾਏ ਬਿਨਾਂ ਲੋਹੇ ਦੇ ਕੜਾਹੇ ਵਿਚ ਸਾਮਾਨ ਰੱਖ ਕੇ ਪਹੁੰਚਦਾ ਕੀਤਾ। ਜਿਉਂ ਹੀ ਇਹ ਨੌਜਵਾਨ ਪਾਣੀ ਵਿਚ ਫਸੇ ਪੀੜਤਾਂ ਕੋਲ ਪਹੁੰਚੇ ਤਾਂ ‘ਬੋਲੇ ਸੋ ਨਿਹਾਲ’ ਦੀ ਗੂੰਜ ਦੂਰ ਤੱਕ ਸੁਣਾਈ ਦੇ ਰਹੀ ਸੀ। ਇਸੇ ਤਰ੍ਹਾਂ ਲੋਕਾਂ ਨੇ ਪਿੰਡ ਚੱਕ ਬੁੰਡਾਲਾ, ਜਾਨੀਆਂ, ਮਹਿਰਾਜ ਵਾਲਾ, ਗੱਟਾ ਮੁੰਡੀ ਕਾਸੂ, ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਮੁੰਡੀ ਚੌਹਰੀਆਂ, ਕੰਗ ਖੁਰਦ, ਜਲਾਲਪੁਰ, ਥੇਹ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਕੋਠਾ, ਫਤਿਹਪੁਰ ਭਗਵਾਨ, ਇਸਮਾਇਲਪੁਰ, ਪਿੱਪਲੀ, ਮਿਆਣੀ, ਗੱਟੀ ਪੀਰ ਬਖ਼ਸ਼ ਅਤੇ ਰਾਏਪੁਰ ਵਿਚ ਘਿਰੇ ਪੀੜਤਾਂ ਨੂੰ ਸਾਮਾਨ ਪਹੁੰਚਾਇਆ।
ਇਨ੍ਹਾਂ ਪਿੰਡਾਂ ਦੇ ਬਹੁਤੇ ਲੋਕਾਂ ਦੇ ਪਸ਼ੂ ਅਜੇ ਵੀ ਪਾਣੀ ਵਿਚ ਘਿਰੇ ਹੋਏ ਹਨ ਤੇ ਉਨ੍ਹਾਂ ਨੂੰ ਚਾਰਾ ਨਹੀਂ ਮਿਲ ਰਿਹਾ। ਕੁਝ ਲੋਕਾਂ ਦੇ ਪਸ਼ੂ ਮਰ ਗਏ ਹਨ, ਜਿਸ ਕਾਰਨ ਉਥੇ ਬਦਬੂ ਫੈਲ ਰਹੀ ਹੈ। ਐੱਨਆਰਆਈ ਤੇ ਸਮਾਜ ਸੇਵੀ ਰਤਨ ਸਿੰਘ ਕਾਕੜਾ ਨੇ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਪਾਣੀ ਵਿਚ ਘਿਰੇ ਲੋਕਾਂ ਨੂੰ ਦਵਾਈਆਂ ਪਹੁੰਚਾਈਆਂ। ਇਸੇ ਤਰ੍ਹਾਂ ਤਰਨ ਤਾਰਨ ਤੋਂ ਦੋ ਡਾਕਟਰ ਐਂਬੂਲੈਂਸ ਲੈ ਕੇ ਆਏ ਹੋਏ ਸਨ, ਜੋ ਪੀੜਤ ਲੋਕਾਂ ਦਾ ਚੈਕਅੱਪ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦੇ ਰਹੇ ਸਨ।
ਪਿੰਡ ਚੱਕ ਬੁੰਡਾਲਾ ਦੇ ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਜਾਨੀਆਂ ਚਾਹਲ ਨੇੜਿਓਂ ਬੰਨ੍ਹ ਟੁੱਟਾ ਤਾਂ ਪਾਣੀ ਏਨਾ ਤੇਜ਼ ਸੀ ਕਿ ਉਨ੍ਹਾਂ ਨੂੰ ਪਸ਼ੂ ਖੋਲ੍ਹਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਦੇ ਪਸ਼ੂ ਪਾਣੀ ਵਿਚ ਡੁੱਬਣ ਨਾਲ ਹੀ ਮਰ ਗਏ ਹਨ। ਲੈਂਟਰ ਵਾਲੇ ਮਕਾਨਾਂ ਨੂੰ ਵੀ ਹੜ੍ਹ ਦੀ ਮਾਰ ਕਾਰਨ ਤਰੇੜਾਂ ਆ ਗਈਆਂ ਹਨ। ਐੱਨਡੀਆਰਐੱਫ ਦੀਆਂ ਕਿਸ਼ਤੀਆਂ ਨੂੰ ਉਹ ਕੋਠੇ ਚੜ੍ਹ ਕੇ ਆਵਾਜ਼ਾਂ ਮਾਰਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸੇ ਪਿੰਡ ਦੇ ਬੂਟਾ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਡੇਰਿਆਂ ਤੱਕ ਕੋਈ ਰਾਹਤ ਨਹੀਂ ਪਹੁੰਚ ਰਹੀ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …