Breaking News
Home / ਪੰਜਾਬ / ਗ੍ਰਿਫ਼ਤਾਰੀ ਤੋਂ ਪਹਿਲਾਂ ਕਿੰਝ ਚਲੇ ਗਏ ਸਿਆਸੀ ਦਾਅ-ਇੰਝ ਸਮਝੋ

ਗ੍ਰਿਫ਼ਤਾਰੀ ਤੋਂ ਪਹਿਲਾਂ ਕਿੰਝ ਚਲੇ ਗਏ ਸਿਆਸੀ ਦਾਅ-ਇੰਝ ਸਮਝੋ

ਬੇਟਾ ਬਚਾਓ, ਬੇਟੀ ਨੂੰ ਬਦਨਾਮ ਕਰੋ
ਕਿਉਂਕਿ ਵਿਕਾਸ ਬਰਾਲਾ ਹਰਿਆਣਾ ਸੂਬੇ ‘ਚ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਦਾ ਮੁੰਡਾ ਹੈ
ਕਿਉਂਕਿ ਉਸ ਨੇ ਰਾਤ ਨੂੰ ਇਕੱਲਿਆਂ ਨਿਕਲਣ ਦਾਦਮ ਦਿਖਾਇਆ ਹੈ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਅਸ਼ੀਸ਼ ਕੁਮਾਰ ਨੇ ਸ਼ੁੱਕਰਵਾਰ ਦੇਰ ਰਾਤ ਚੰਡੀਗੜ੍ਹ ਦੀਆਂ ਸੜਕਾਂ ‘ਤੇ ਹਰਿਆਣਾ ਸੂਬੇ ਦੇ ਹੀ ਆਈਏਐਸ ਅਫ਼ਸਰ ਦੀ ਧੀ ਵਰਣਿਕਾ ਦਾ ਕਾਰ ਵਿਚ ਕਈ ਵਾਰ ਰਾਹ ਰੋਕਿਆ। ਉਸ ਨਾਲ ਛੇੜਛਾੜ ਕੀਤੀ ਅਤੇ ਕਿਡਨੈਪ ਕਰਨ ਦੀ ਕੋਸ਼ਿਸ਼ ਤੱਕ ਕੀਤੀ। ਇਸ ਬਿਗੜੈਲ ਮੁੰਡੇ ਖਿਲਾਫ਼ ਬਣਦੀ ਕਾਰਵਾਈ ਕਰਵਾਉਣ ਦੀ ਬਜਾਏ ਸੱਤਾਧਾਰੀ ਧਿਰ ਭਾਜਪਾ ਉਸ ਨੂੰ ਬਚਾਉਣ ਵਿਚ ਜੁਟ ਰਹੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਸੀ ਕਿ ਇਸ ਵਿਚ ਸੁਭਾਸ਼ ਬਰਾਲਾ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਦਾਅਵਾ ਵੀ ਕੀਤਾ ਕਿ ਪੂਰੇ ਮਾਮਲੇ ‘ਚ ਭਾਜਪਾ ਦਾ ਕੋਈ ਦਖਲ ਨਹੀਂ।
ਪੁਲਿਸ ਨੇ ਮੀਡੀਆ ਦੇ ਦਬਾਅ ਹੇਠ ਕੀਤੀ ਗ੍ਰਿਫ਼ਤਾਰੀ
ਜਿਹੜੀ ਚੰਡੀਗੜ੍ਹ ਪੁਲਿਸ ਆਰੋਪੀਆਂ ਨੂੰ ਸਿਆਸੀ ਦਬਾਅ ਹੇਠ ਬਚਾਉਣ ‘ਚ ਜੁਟੀ ਹੋਈ ਸੀ। ਉਸੇ ਪੁਲਿਸ ਨੇ ਆਖਰ ਕੇਂਦਰ ਦੀਆਂ ਝਾੜਾਂ ਤੇ ਮੀਡੀਆ ਦੇ ਦਬਾਅ ਹੇਠ ਆ ਕੇ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸ਼ਾਮ ਨੂੰ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ।
ਭਾਜਪਾਈਆਂ ਨੇ ਆਰੋਪੀਆਂ ਦੀ ਦਿੱਤੀ ਜ਼ਮਾਨਤ
ਦਾਅਵਾ ਕਰ ਰਹੇ ਹਨ ਕਿ ਰਾਜਨੀਤਿਕ ਦਬਾਅ ਨਹੀਂ ਜਦੋਂਕਿ ਹਕੀਕਤ ਇਹ ਹੈ ਕਿ ਵਿਕਾਸ ਬਰਾਲਾ ਦੀ ਜ਼ਮਾਨਤ ਦੇ ਲਈ ਹਰਿਆਣਾ ਭਾਜਪਾ ਦੇ ਬੁਲਾਰੇ ਕ੍ਰਿਸ਼ਨ ਕੁਮਾਰ ਢੁੱਲ ਨੇ 50 ਹਜ਼ਾਰ ਦਾ ਬੇਲ ਬਾਊਂਡ ਖੁਦ ਭਰਿਆ ਤੇ ਦੂਸਰੇ ਆਰੋਪੀ ਅਸ਼ੀਸ਼ ਕੁਮਾਰ ਦੀ ਜ਼ਮਾਨਤ ਵੀ ਚੰਡੀਗੜ੍ਹ ਸੈਕਟਰ 11 ਨਿਵਾਸੀ ਭਾਜਪਾ ਆਗੂ ਸੁਧੀਰ ਨੇ ਦਿੱਤੀ। ਸ਼ਨੀਵਾਰ ਘਟਨਾ ਤੋਂ ਅਗਲੇ ਦਿਨ ਦੁਪਹਿਰ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਢੁੱਲ ਸੈਕਟਰ 26 ਪੁਲਿਸ ਸਟੇਸ਼ਨ ਦੇ ਫਸਟ ਫਲੋਰ ‘ਤੇ ਹੀ ਰਹੇ। ਫਿਰ ਭਾਜਪਾ ਕਿਹੜੇ ਮੂੰਹ ਨਾਲ ਆਖ ਰਹੀ ਕਿ ਇਸ ਪੂਰੇ ਮਾਮਲੇ ‘ਚ ਕੋਈ ਦਖਲ ਨਹੀਂ। ਸੱਤਾਧਾਰੀ ਧਿਰ ਦੀ ਦਖਲਅੰਦਾਜ਼ੀ ਦਾ ਸਬੂਤ ਇਸ ਗੱਲੋਂ ਵੀ ਮਿਲ ਜਾਂਦਾ ਹੈ ਕਿ ਕਿਡਨੈਪ ਕਰਨ ਦੀ ਕੋਸ਼ਿਸ਼ ਦੀ ਗੱਲ ਤਾਂ ਚੰਡੀਗੜ੍ਹ ਪੁਲਿਸ ਕਰਦੀ ਰਹੀ ਪਰ ਇਹ ਧਾਰਾ ਲਾਉਣ ਤੋਂ ਸਿਆਸੀ ਦਬਾਅ ਹੇਠ ਬਚ ਗਈ ਕਿਉਂਕਿ ਇਹ ਨਾਨ ਬੇਲਏਬਲ ਧਾਰਾ ਸੀ ਪਰ ਸਿਆਸੀ ਦਬਾਅ ਹੇਠ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਨੂੰ ਥਾਣੇ ‘ਚੋਂ ਹੀ ਜ਼ਮਾਨਤ ਦੇ ਦਿੱਤੀ ਗਈ।
ਵਰਣਿਕਾ ਦਾ ਮੂੰਹ ਤੋੜ ਜਵਾਬ
ਹੁਣ ਮੇਰੇ ਹੀ ਕਰੈਕਟਰ ‘ਤੇ ਸੁਆਲ ਚੁੱਕੇ ਜਾ ਰਹੇ ਹਨ। ਵਿਕਾਸ ਨੂੰ ਬਚਾਉਣ ਲਈ ਸੋਸ਼ਲ ਮੀਡੀਆ ‘ਤੇ ਝੂਠੀਆਂ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ ਜਦ ਉਸ ਰਾਤ ਇਕੱਲਿਆਂ ਹੁੰਦਿਆਂ ਮੈਂ ਡਰੀ ਨਹੀਂ ਤਾਂ ਹੁਣ ਮੇਰਾ ਪਰਿਵਾਰ ਤੇ ਸਮਾਜ ਮੇਰੇ ਨਾਲ ਹੈ। ਜਿਹੜੇ ਲੋਕ ਕਹਿ ਰਹੇ ਹਨ ਕਿ ਮੈਂ ਰਾਤ ਨੂੰ ਬਾਹਰ ਕੀ ਕਰ ਰਹੀ ਸੀ, ਉਸ ਬਿਗੜੈਲ ਮੁੰਡੇ ਨੂੰ ਪੁੱਛੋ ਕਿ ਉਹ ਰਾਤ ਨੂੰ ਸ਼ਰਾਬ ਪੀ ਕੇ ਕੁੜੀਆਂ ਛੇੜਦਾ ਕਿਉਂ ਫਿਰਦਾ ਹੈ। ਮੈਂ ਆਈਏਐਸ ਦੀ ਧੀ ਹਾਂ ਪਰ ਮਿਹਨਤ ਕਰਦੀ ਹਾਂ ‘ਗਰਲ ਕੈਫੇ ਚਲਾਉਂਦੀ ਹਾਂ’ ਇਸ ਲਈ ਰਾਤ ਨੂੰ ਬਾਹਰ ਸੀ। ਹੁਣ ਮੈਨੂੰ ਵੀ ਸ਼ਰਾਬੀ ਸਾਬਤ ਕਰਨ ਵਾਲੀਆਂ ਫੋਟੋਆਂ ਪਾਈਆਂ ਜਾ ਰਹੀਆਂ ਹਨ। ਅਜਿਹੀ ਮਾਨਸਿਕਤਾ ਵਾਲਿਆਂ ‘ਤੇ ਸ਼ਰਮ ਆਉਂਦੀ ਹੈ, ਜੇ ਇਕ ਪਲ ਲਈ ਮੰਨ ਵੀ ਲਈਏ ਕਿ ਮੈਂ ਉਸ ਰਾਤ ਸ਼ਰਾਬ ਪੀ ਰੱਖੀ ਸੀ ਤਾਂ ਕੀ ਕਿਸੇ ਨੂੰ ਵੀ ਮੈਨੂੰ ਛੇੜਨ ਦਾ ਜਾਂ ਕਿਡਨੈਪ ਕਰਨ ਦਾ ਹੱਕ ਮਿਲ ਜਾਂਦਾ ਹੈ। -ਵਰਣਿਕਾ

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …