ਜੈਵੀਰ ਸ਼ੇਰਗਿੱਲ ਨੂੰ ਬਣਾਇਆ ਗਿਆ ਕੌਮੀ ਬੁਲਾਰਾ
ਚੰਡੀਗੜ੍ਹ : ਕਾਂਗਰਸ ਵਿਚੋਂ ਭਾਜਪਾ ਵਿਚ ਸ਼ਾਮਲ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੈਵੀਰ ਸ਼ੇਰਗਿੱਲ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਦੀ ਟੀਮ ਵਿਚ ਜਗ੍ਹਾ ਮਿਲ ਗਈ ਹੈ। ਕਾਂਗਰਸ ਦਾ ਬੁਲਾਰਾ ਰਹੇ ਸ਼ੇਰਗਿੱਲ ਨੂੰ ਭਾਜਪਾ ਨੇ ਆਪਣਾ ਕੌਮੀ ਬੁਲਾਰਾ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਰਾਸ਼ਟਰੀ ਕਾਰਜਕਾਰਨੀ ‘ਚ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਕੈਪਟਨ ਦੀ ਧੀ ਜੈਇੰਦਰ ਬਣੀ ਭਾਜਪਾ ਦੀ ਸੂਬਾਈ ਮੀਤ ਪ੍ਰਧਾਨ
ਪਟਿਆਲਾ : ਭਾਜਪਾ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਧੀ ਜੈਇੰਦਰ ਕੌਰ ਨੂੰ ਵੀ ਸੂਬਾਈ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਜਾਟ ਮਹਾਸਭਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਵੀ ਹੈ। ਹਾਲਾਂਕਿ ਕੈਪਟਨ ਤੇ ਉਨ੍ਹਾਂ ਦੀ ਧੀ ਨੇ ਭਾਜਪਾ ਨੂੰ ਚੁਣ ਲਿਆ ਹੈ, ਪਰ ਪਰਨੀਤ ਕੌਰ ਹਾਲੇ ਵੀ ਕਾਂਗਰਸੀ ਸੰਸਦ ਮੈਂਬਰ ਵਜੋਂ ਹੀ ਕਾਰਜਸ਼ੀਲ ਹਨ। ਜਾਰੀ ਕੀਤੇ ਇੱਕ ਬਿਆਨ ਵਿੱਚ ਭਾਜਪਾ ਲੀਡਰਸ਼ਿਪ ਵੱਲੋਂ ਦਿੱਤੇ ਗਏ ਇਸ ਅਹੁਦੇ ਲਈ ਤਸੱਲੀ ਪ੍ਰਗਟ ਕਰਦਿਆਂ ਜੈਇੰਦਰ ਕੌਰ ਨੇ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਇਸੇ ਦੌਰਾਨ ਭਾਜਪਾ ਵੱਲੋਂ ਪਟਿਆਲਾ ਵਾਸੀ ਕੰਵਰਵੀਰ ਸਿੰਘ ਟੌਹੜਾ ਨੂੰ ‘ਭਾਜਪਾ ਯੁਵਾ ਮੋਰਚਾ’ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।