Breaking News
Home / ਪੰਜਾਬ / ਨਸ਼ੇ ਨੂੰ ਲੈ ਕੇ ਸਰਕਾਰ ‘ਤੇ ਦਬਾਅ

ਨਸ਼ੇ ਨੂੰ ਲੈ ਕੇ ਸਰਕਾਰ ‘ਤੇ ਦਬਾਅ

ਪਿਛਲੇ ਕਈ ਦਿਨਾਂ ਤੋਂ ਵਿਰੋਧੀ ਧਿਰ ਕੈਪਟਨ ਸਰਕਾਰ ਨੂੰ ਨਸ਼ੇ ਦੇ ਮੁੱਦੇ ‘ਤੇ ਘੇਰ ਰਹੀ ਹੈ ਅਤੇ ਸਰਕਾਰ ਵੀ ਇਸ ਦੇ ਦਬਾਅ ਹੇਠ ਨਜ਼ਰ ਆ ਰਹੀ ਹੈ। ਸ਼ਾਇਦ ਇਸ ਲਈ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਬੁਲਾਈ ਹੈ। ਇਸ ‘ਚ ਉਹ ਮੰਤਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦੇਣ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਮਾਮਲਾ ਰਾਜਨੀਤਿਕ ਸ਼ਮੂਲੀਅਤ ਵਾਲਾ ਮਿਲਦਾ ਹੈ ਤਾਂ ਮੰਤਰੀ ਨੂੰ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਕਰਨੀ ਹੋਵੇਗੀ ਤਾਂ ਕਿ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕਸਿਆ ਜਾ ਸਕੇ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਆਰੋਪ ਲਗਾਉਣ ਦਾ ਮੌਕਾ ਨਾ ਮਿਲ ਸਕੇ।
ਨਾ ਰਾਜਨੀਤਿਕ ਦਬਾਅ, ਨਾ ਕੰਮ ਦੀ ਚਿੰਤਾ
ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਨਾਲ ਰਾਜ ਦੇ ਆਈਏਐਸ ਅਤੇ ਆਈਪੀਐਸ ਅਫ਼ਸਰ ਸੈਂਟਰ ‘ਚ ਡੈਪੂਟੇਸ਼ਨ ‘ਤੇ ਚਲੇ ਗਏ ਸਨ, ਹੁਣ ਵੀ ਉਸੇ ਤਰ੍ਹਾਂ ਹੀ ਕੁਝ ਅਫ਼ਸਰ ਸਰਕਾਰ ਦੀ ਅਫ਼ਸਰਾਂ ਦੇ ਪ੍ਰਤੀ ਨਾਰਾਜ਼ਗੀ ਦੇ ਚਲਦੇ ਡੈਪੂਟੇਸ਼ਨ ‘ਤੇ ਜਾਣ ਦੀ ਇੱਛਾ ਪ੍ਰਗਟਾ ਰਹੇ ਹਨ। ਇਕ ਅਫ਼ਸਰ ਨੇ ਤਾਂ ਦਬੀ ਅਵਾਜ਼ ‘ਚ ਕਿਹਾ ਹੈ ਕਿ ਦਿੱਲੀ ਦੀ ਤਾਂ ਗੱਲ ਹੀ ਕੁਝ ਹੋਰ ਹੈ, ਨਾ ਰਾਜਨੀਤਿਕ ਦਬਾਅ, ਨਾ ਹੀ ਕੰਮ ਨੂੰ ਲੈ ਕੇ ਚਿੰਤਾ। ਇਸ ਲਈ ਉਥੇ ਕੰਮ ਕਰਨਾ ਬੇਹਤਰ ਹੈ।
ਸਾਨੂੰ ਚਿੱਟਾ ਭਾਰੀ ਪੈ ਗਿਆ
ਨਸ਼ਾ ਤਸਕਰਾਂ ਦਾ ਸਫਾਇਆ ਕਰਨ ਦੇ ਦਾਅਵੇ ਇਨ੍ਹੀਂ ਸੱਤਾਧਾਰੀਆਂ ਨੂੰ ਕੁਝ ਜ਼ਿਆਦਾ ਹੀ ਭਾਰੀ ਪੈ ਰਹੇ ਹਨ। ਨਸ਼ੇ ਦੇ ਚਲਦੇ ਇਕ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ‘ਚ ਨੌਜਵਾਨ ਦੀ ਮੌਤ ਨੇ ਮਾਹੌਲ ਨੂੰ ਗਰਮਾ ਦਿੱਤਾ। ਐਤਵਾਰ ਨੂੰ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਅਤੇ ਮੰਤਰੀ ਨਾਰਾਜ਼ ਕਾਰੋਬਾਰੀਆਂ ਨੂੰ ਮਨਾਉਣ ਲਈ ਪਹੁੰਚ ਗਏ ਬਾਅਦ ‘ਚ ਇਸੇ ਮੁੱਦੇ ‘ਤੇ ਪ੍ਰੈਸ ਕਾਨਫਰੰਸ ਬੁਲਾਈ ਗਈ ਤਾਂ ਉਹ ਰੋਜ਼ਗਾਰ-ਕਾਰੋਬਾਰ ਦੀ ਬਜਾਏ ਨਸ਼ੇ ਦੇ ਮੁੱਦੇ ‘ਤੇ ਜ਼ਿਆਦਾ ਤਿੱਖੇ ਸਵਾਲ ਹੋਏ। ਇਹ ਦੇਖ ਭੀੜ ‘ਚ ਖੜ੍ਹੇ ਇਕ ਸੱਤਾਧਾਰੀ ਨੇਤਾ ਉਥੇ ਲੰਬਾ ਸਾਹ ਖਿੱਚ ਕੇ ਬੋਲ ਪਏ ਕਿ ਸਾਨੂੰ ਚਿੱਟਾ ਭਾਰੀ ਪੈ ਗਿਆ ਕੀ ਕਰੀਏ।
ਹੁੰਦਾ ਓਹੀ ਹੈ ਜੋ ਕੈਪਟਨ ਚਾਹੇ
ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਮੀਡੀਆ ‘ਚ ਕਹਿੰਦੇ ਫਿਰ ਰਹੇ ਸਨ ਕਿ ਜਲਦੀ ਹੀ ਸੂਬੇ ‘ਚ ਰੇਤ ਤੇਲੰਗਾਨਾ ਦੀ ਤਰ੍ਹਾਂ ਕਾਰਪੋਰੇਸ਼ਨ ਬਣਾ ਕੇ ਵੇਚਿਆ ਜਾਵੇਗਾ। ਇਸ ਦੇ ਲਈ ਉਹ ਬਕਾਇਦਾ ਟੀਮ ਦੇ ਨਾਲ ਉਕਤ ਰਾਜ ਦਾ ਦੌਰਾ ਵੀ ਕਰਕੇ ਆਏ ਹਨ। ਮੁੱਖ ਮੰਤਰੀ ਵੱਲੋਂ ਸਿੱਧੂ ਦੀ ਪ੍ਰਧਾਨਗੀ ‘ਚ ਬਣਾਈ ਗਈ ਤਿੰਨ ਮੰਤਰੀਆਂ ਦੀ ਟੀਮ ਨੇ ਇਕ ਰਿਪੋਰਟ ਵੀ ਮੁੱਖ ਮੰਤਰੀ ਨੂੰ ਸੌਂਪ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸਿੱਧੂ ਦੇ ਮਾਡਲ ਨੂੰ ਠੰਢੇ ਬਸਤੇ ‘ਚ ਪਾ ਦਿੱਤਾ ਅਤੇ ਖਨਣ ਮੰਤਰੀ ਸੁਖ ਸਰਕਾਰੀਆ ਨੂੰ ਨਵੀਂ ਨੀਤੀ ਬਣਾਉਣ ਦਾ ਹੁਕਮ ਦੇ ਦਿੱਤਾ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਿੱਧੂ ਜੇ ਮਰਜੀ ਕਰਕੇ ਪ੍ਰੰਤੂ ਹੁੰਦਾ ਓਹੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …