-9.7 C
Toronto
Monday, January 5, 2026
spot_img
Homeਪੰਜਾਬਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਖਿਲਾਫ ਪੱਕੇ ਮੋਰਚੇ ਸ਼ੁਰੂ

ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਖਿਲਾਫ ਪੱਕੇ ਮੋਰਚੇ ਸ਼ੁਰੂ

ਮੰਨੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਅਤੇ ਅਧੂਰੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਕ) ਵੱਲੋਂ ਪੰਜਾਬ ਸਰਕਾਰ ‘ਤੇ ਵਾਅਦਾਖਿਲਾਫੀ ਦਾ ਆਰੋਪ ਲਗਾਉਂਦਿਆਂ ਬੁੱਧਵਾਰ ਨੂੰ ਸੂਬੇ ਦੀਆਂ ਛੇ ਮੁੱਖ ਸੜਕਾਂ ‘ਤੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਧਰਨਿਆਂ ਵਿੱਚ ਸ਼ਾਮਲ ਬੀਬੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਕੀਤਾ ਗਿਆ ਚੱਕਾ ਜਾਮ ਦਿਨ ਭਰ ਜਾਰੀ ਰਿਹਾ ਅਤੇ ਆਵਾਜਾਈ ਨੂੰ ਮੁਕੰਮਲ ਬੰਦ ਰੱਖਿਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੇਗੀ, ਉਦੋਂ ਤੱਕ ਇਹ ਮੋਰਚਾ ਜਾਰੀ ਰੱਖਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਨੇ ਅੰਮ੍ਰਿਤਸਰ, ਅਮਰਜੀਤ ਸਿੰਘ ਤੇ ਬਲਦੇਵ ਸਿੰਘ ਸਿਰਸਾ ਨੇ ਮੁਕੇਰੀਆਂ ਅਤੇ ਕਾਕਾ ਸਿੰਘ ਕੋਟੜਾ ਨੇ ਬਠਿੰਡਾ ‘ਚ ਕਿਸਾਨ ਮੋਰਚੇ ‘ਤੇ ਪਹੁੰਚ ਕੇ ਸੰਬੋਧਨ ਕੀਤਾ। ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਵੱਲੋਂ ਪਟਿਆਲਾ-ਚੰਡੀਗੜ੍ਹ ਸੜਕ ‘ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ਾ, ਫ਼ਰੀਦਕੋਟ-ਟਹਿਣਾ ਟੀ-ਪੁਆਇੰਟ ਕੋਲ, ਅੰਮ੍ਰਿਤਸਰ ਵਿੱਚ ਭੰਡਾਰੀ ਪੁਲ ਦੇ ਨਜ਼ਦੀਕ, ਮਾਨਸਾ, ਮੁਕੇਰੀਆਂ ਅਤੇ ਤਲਵੰਡੀ ਸਾਬੋ ਵਿਚ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਤਲਵੰਡੀ ਸਾਬੋ ਦੇ ਧਰਨੇ ਵਿੱਚ ਵੱਡੀ ਗਿਣਤੀ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇ ਅਕਤੂਬਰ ਦੀ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਅਤੇ ਜਲਦ ਹੀ ਇਨ੍ਹਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਨੂੰ ਇਕ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਜਾਰੀ ਕਰਨ, ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਕਾਰਨ ਦਰਜ ਕੇਸ ਰੱਦ ਕਰਨ ਅਤੇ ਇਸ ਸਬੰਧੀ ਫਰਦ ਵਿੱਚ ਲਾਲ ਐਂਟਰੀ ਨਾ ਪਾਉਣ, ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਏਕੜ ਸਹਾਇਤਾ, ਗੰਨੇ ਦੀ ਕੀਮਤ ਵਿੱਚ ਵਾਧਾ ਕਰਨ, ਲੰਪੀ ਸਕਿਨ ਬਿਮਾਰੀ ਮਰਨ ਵਾਲੇ ਪਸ਼ੂਆਂ ਲਈ ਮੁਆਵਜ਼ਾ ਦੇਣ, ਕਿਸਾਨਾਂ ਨੂੰ ਮੂੰਗੀ ਦੀ ਐੱਮਐੱਸਪੀ ਤੋਂ ਘੱਟ ਕੀਮਤ ‘ਤੇ ਕੀਤੀ ਖ਼ਰੀਦ ਕਾਰਨ ਹੋਏ ਨੁਕਸਾਨ ਦੀ ਭਰਪਾਈ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਸਬੰਧੀ ਵੱਖ-ਵੱਖ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਹੈ।

RELATED ARTICLES
POPULAR POSTS