Breaking News
Home / ਪੰਜਾਬ / ਆਰਐੱਸਐੱਸ ਸਿੱਖ ਮਸਲਿਆਂ ‘ਚ ਦਖਲ ਨਾ ਦੇਵੇ: ਸ਼੍ਰੋਮਣੀ ਕਮੇਟੀ

ਆਰਐੱਸਐੱਸ ਸਿੱਖ ਮਸਲਿਆਂ ‘ਚ ਦਖਲ ਨਾ ਦੇਵੇ: ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਨੇ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਲਿਖਿਆ ਪੱਤਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਇਕ ਪੱਤਰ ਲਿਖ ਕੇ ਆਰਐੱਸਐੱਸ ਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿੱਚ ਕੀਤੀ ਜਾ ਰਹੀ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਮੰਗਲਵਾਰ ਨੂੰ ਲਿਖੇ ਇਸ ਪੱਤਰ ‘ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਆਰੰਭੇ ਗਏ ਸੰਘਰਸ਼ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਦਾ ਮੁੱਢ ਬੰਨ੍ਹਿਆ ਸੀ, ਪਰ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਮੇਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਨੂੰ ਉਲਝਾਉਣ ਲਈ ਸਿੱਧੇ ਤੌਰ ‘ਤੇ ਦਖਲ ਦਿੱਤਾ ਜਾ ਰਿਹਾ ਹੈ। ਇਸ ਦੀ ਮਿਸਾਲ ਇਸੇ ਮਹੀਨੇ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਮੌਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਰਾਜਸੀ ਧਿਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਹਰਿਆਣਾ ਦੀ ਭਾਜਪਾ ਸਰਕਾਰ ਅਤੇ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਵਿਚ ਸਿੱਧੀ ਦਖਲਅੰਦਾਜ਼ੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਕਾਰਵਾਈ ਦੇਸ਼ ਦੇ ਬਹੁ-ਸੱਭਿਅਕ ਤੇ ਬਹੁ-ਧਰਮੀ ਸਮਾਜ ਅੰਦਰ ਆਪਸੀ ਧਾਰਮਿਕ ਦੂਰੀ ਵਧਾਉਣ ਵਾਲੀ ਹੈ। ਜੇਕਰ ਇਹ ਵਰਤਾਰਾ ਨਾ ਰੋਕਿਆ ਗਿਆ ਤਾਂ ਸਿੱਖਾਂ ਦੇ ਮਨਾਂ ਅੰਦਰ ਪੈਦਾ ਹੋਣ ਵਾਲੀ ਅਸਥਿਰਤਾ ਦੇਸ਼ ਲਈ ਘਾਤਕ ਹੋਵੇਗੀ। ਉਨ੍ਹਾਂ ਕਿਹਾ ਕਿ ਆਰਐੱਸਐੱਸ ਤੇ ਇਸ ਦੀ ਰਾਜਸੀ ਧਿਰ ਭਾਜਪਾ ਜਿਹੜੇ ਰਸਤੇ ‘ਤੇ ਚੱਲ ਰਹੀਆਂ ਹਨ, ਇਸ ਤੋਂ ਪਹਿਲਾਂ ਕਾਂਗਰਸ ਵੀ ਅਜਿਹੇ ਰਸਤੇ ‘ਤੇ ਚਲਦੀ ਸੀ। ਇਹ ਨੀਤੀ ਪ੍ਰਵਾਨ ਕਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ 102 ਸਾਲਾ ਦੇ ਸਫਰ ਦੌਰਾਨ ਕਦੇ ਵੀ ਕਿਸੇ ਦੂਜੇ ਧਰਮ ਵਿਚ ਦਖਲ ਨਹੀਂ ਦਿੱਤਾ। ਇਸ ਲਈ ਆਰਐੱਸਐੱਸ ਅਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਦਿੱਤਾ ਜਾ ਰਿਹਾ ਦਖਲ ਬੰਦ ਕੀਤਾ ਜਾਵੇ।

 

Check Also

ਭਗਵੰਤ ਮਾਨ ਨੇ ‘ਆਪ’ ਵਿਧਾਇਕਾਂ ਨੂੰ ਕੀਤਾ ਸੁਚੇਤ

ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ …