Breaking News
Home / ਪੰਜਾਬ / ਕੁਰਾਨ ਸ਼ਰੀਫ਼ ਦੀ ਬੇਅਦਬੀ ਤੋਂ ਮਾਲੇਰਕੋਟਲਾ ਵਿੱਚ ਤਣਾਅ

ਕੁਰਾਨ ਸ਼ਰੀਫ਼ ਦੀ ਬੇਅਦਬੀ ਤੋਂ ਮਾਲੇਰਕੋਟਲਾ ਵਿੱਚ ਤਣਾਅ

Kuran Sareef Three Arestਵਿਧਾਇਕਾ ਫਰਜ਼ਾਨਾ ਦੀ ਰਿਹਾਇਸ਼ ‘ਤੇ ਹਮਲਾ, ਸੁਰੱਖਿਆ ਕਰਮੀਆਂ ਵਲੋਂ ਕੀਤੀ ਫਾਇਰਿੰਗ ‘ਚ ਦੋ ਜ਼ਖ਼ਮੀ
ਮਲੇਰਕੋਟਲਾ/ਬਿਊਰੋ ਨਿਊਜ਼
ਮਾਲੇਰਕੋਟਲਾ ਸ਼ਹਿਰ ਵਿੱਚ ਜਰਗ ਰੋਡ ‘ਤੇ ਇਕ ਮਦਰੱਸੇ ਨੇੜੇ ਪਵਿੱਤਰ ਕੁਰਾਨ ਸ਼ਰੀਫ ਦੇ ਪੰਨੇ ਪਾੜ ਕੇ ਸੁੱਟੇ ਜਾਣ ਬਾਅਦ ਸ਼ਹਿਰ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਸ ਘਟਨਾ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਜਰਗ ਰੋਡ ‘ਤੇ ਧਰਨਾ ਲਾਇਆ ਅਤੇ ਬਾਅਦ ਵਿਚ ਦੇਰ ਰਾਤ ਮਾਲੇਰਕੋਟਲਾ ਤੋਂ ਅਕਾਲੀ ਵਿਧਾਇਕਾ ਫਰਜਾਨਾ ਆਲਮ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਦੀ ਲੁਧਿਆਣਾ ਰੋਡ ਸਥਿਤ ਰਿਹਾਇਸ਼ ‘ਤੇ ਹਮਲਾ ਕਰਕੇ ਉਥੇ ਖੜ੍ਹੀ ਇਕ ਸਰਕਾਰੀ ਜਿਪਸੀ ਨੂੰ ਅੱਗ ਲਗਾ ਦਿੱਤੀ ਅਤੇ ਕੋਲ ਹੋਰ ਖੜ੍ਹੀਆਂ ਸਰਕਾਰੀ ਕਾਰਾਂ ਦੀ ਭੰਨਤੋੜ ਕੀਤੀ।ਅੱਧੀ ਰਾਤ ਪ੍ਰਦਰਸ਼ਕਾਰੀਆਂ ਨੇ ਬੱਸ ਅੱਡੇ ਵਿੱਚ ਖੜ੍ਹੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਵੀ ਅੱਗ ਲਗਾ ਦਿੱਤੀ। ਭੜਕੀ ਭੀੜ ਨੇ ਆਲਮ ਹਾਊਸ ਦੇ ਬਾਹਰ ਸੁਰੱਖਿਆ ਦਸਤਿਆਂ ਲਈ ਬਣਾਏ ਕਮਰੇ ਨੂੰ ਵੀ ਅੱਗ ਲਗਾ ਦਿੱਤੀ, ਜਿਸ ਕਾਰਨ ਉਥੇ ਪਿਆ ਸਾਮਾਨ ਸੜ ਗਿਆ। ਆਲਮ ਹਾਊਸ ‘ਤੇ ਹੋਏ ਹਮਲੇ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਕੀਤੀ ਹਵਾਈ ਫਾਇਰਿੰਗ ਵਿੱਚ ਦੋ ਵਿਅਕਤੀ ਜ਼ਖ਼ਮੀ ઠ ਹੋ ਗਏ।
ਦਿਨ ਚੜ੍ਹਦੇ ਸਾਰ ਹੀ ਮਾਲੇਰਕੋਟਲਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਡੀਜੀਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ, ਆਈਜੀ ਪਟਿਆਲਾ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਪਟਿਆਲਾ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਅਤੇ ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਸਮੇਤ ਹੋਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਮਾਲੇਰਕੋਟਲਾ ਪਹੁੰਚੇ ਅਤੇ ਇਸ ਘਟਨਾ ਦੀ ਨਿਖੇਧੀ ਕੀਤੀ।  ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਾਮਧਾਰੀ ਸੰਪਰਦਾਇ ਦੀ ਮਾਤਾ ਚੰਦ ਕੌਰ ਦੀ ਹੱਤਿਆ ਅਤੇ ਹੁਣ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਜਾਣਕਾਰੀ ਅਨੁਸਾਰ ਫਾਇਰਿੰਗ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਵਿੱਚੋਂ ਇਕ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਜਦੋਂ ਕਿ ਦੂਜਾ ਜ਼ਖ਼ਮੀ ਸਿਵਲ ਹਸਪਤਾਲ, ਮਾਲੇਰਕੋਟਲਾ ਵਿੱਚੋਂ ਗਾਇਬ ਹੋ ਗਿਆ ਹੈ। ਪੁਲਿਸ ਉਸ ਦੀ ਭਾਲ ਵਿੱਚ ਜੁਟ ਗਈ ਹੈ।
ਮੇਰੀ ਰਿਹਾਇਸ਼ ‘ਤੇ ਸਾਜ਼ਿਸ਼ ਤਹਿਤ ਹੋਇਆ ਹਮਲਾ: ਇਜ਼ਹਾਰ ਆਲਮ
ਵਿਧਾਇਕਾ ਫਰਜ਼ਾਨਾ ਦੇ ਪਤੀ ਤੇ ਸਾਬਕਾ ਡੀਜੀਪੀ ਮੁਹੰਮਦ ਇਹਜਾਰ ਆਲਮ ਨੇ ਆਪਣੀ ਰਿਹਾਇਸ਼ ਤੋਂ ਬਿਨਾਂ ਦਸਤਖਤਾਂ ਤੋਂ ਪ੍ਰੈੱਸ ਬਿਆਨ ਜਾਰੀ ਕੀਤਾ। ਇਸ ਬਿਆਨ ਅਨੁਸਾਰ ਉਨ੍ਹਾਂ ਦੀ ਰਿਹਾਇਸ ‘ਤੇ ਹਮਲਾ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਹਮਲੇ ਲਈ ਇਕ ਕਾਂਗਰਸੀ ਆਗੂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਖ਼ਤ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਉਹ ਸ਼ਹਿਰ ਵਾਸੀਆਂ ਨਾਲ ਖੜ੍ਹੇ ਹਨ।
ਕੁਰਾਨ ਸ਼ਰੀਫ਼ ਦੀ ਬੇਅਦਬੀ ਮਾਮਲੇ ‘ਚ ਤਿੰਨ ਕਾਬੂ
ਸੰਗਰੂਰ/ਬਿਊਰੋ ਨਿਊਜ਼
ਮਾਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਮਾਮਲੇ ઠਵਿੱਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਸਬੰਧਤ ਘਟਨਾ ਦਾ ਮਾਸਟਰ ਮਾਈਂਡ ਅਤੇ ਪਠਾਨਕੋਟ ਦੇ ਰਹਿਣ ਵਾਲੇ ਪਿਓ-ਪੁੱਤ ਹਨ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀਆਂ ਵੱਲੋਂ ਪਠਾਨਕੋਟ ਅਤੇ ਦੀਨਾਨਗਰ ਹਮਲਿਆਂ ਦੀ ਰੰਜਿਸ਼ ਦੇ ਚਲਦਿਆਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਬੇਅਦਬੀ ਲਈ ਵਰਤਿਆ ਗਿਆ ਲਾਈਟਰ, ਸਰਜੀਕਲ ਦਸਤਾਨੇ, 50 ਗ੍ਰਾਮ ਸੋਨੇ ਦਾ ਸਿੱਕਾ, ਇੱਕ ਸੋਨੇ ਦੀ ਚੇਨ, ਇੱਕ ਚਿੱਟੇ ਸੋਨੇ ਦੀ ਮਾਲਾ, ਟੌਲ ਪਲਾਜ਼ਾ ਦੀਆਂ ਪਰਚੀਆਂ ਅਤੇ ਸਲੀਮ ਪਾਰਕਿੰਗ ਸਟੈਂਡ ਮਾਲੇਰਕੋਟਲਾ ਦੀ ਪਰਚੀ ਬਰਾਮਦ ਕਰ ਲਈ ਹੈ। ਪਟਿਆਲਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਇਥੇ ਪੁਲੀਸ ਲਾਈਨ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਦੀ ਜਾਂਚ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਇਸ ਦੌਰਾਨ ਪੁਲਿਸ ਨੇ ਮੁਖ਼ਬਰ ਦੀ ਇਤਲਾਹ ‘ਤੇ ਪੁਲ ਨਦੀ ਪਟਿਆਲਾ ਘਲੌੜੀ ਗੇਟ ਸ਼ਮਸ਼ਾਨਘਾਟ ‘ਤੇ ਲਾਏ ਨਾਕੇ ਦੌਰਾਨ ਜੀਪ ਸਵਾਰ ਤਿੰਨ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਵਿਜੇ ਕੁਮਾਰ ਵਾਸੀ ਥਾਣਾ ਭਿਵਾਨੀ ਰੋਡ ਜੀਂਦ ਹਾਲ ਵਾਸੀ ਪਾਲਮ ਕਲੋਨੀ ਦਿੱਲੀ, ਨੰਦ ਕਿਸ਼ੋਰ ਗੋਲਡੀ ਵਾਸੀ ਬੇਗੋਵਾਲ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਅਤੇ ਉਸ ਦੇ ਪੁੱਤਰ ਗੌਰਵ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਕੀਤੀ ਪੁੱਛ-ਪੜਤਾਲ ਤੇ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਬੇਅਦਬੀ ਲਈ ਵਰਤਿਆ ਉਪਰੋਕਤ ਸਾਮਾਨ ਤੇ ਟੌਲ ਪਲਾਜ਼ਾ ਤੇ ਪਾਰਕਿੰਗ ਆਦਿ ਦੀ ਪਰਚੀਆਂ ਬਰਾਮਦ ਕੀਤੀਆਂ। ਆਈਜੀ ਨੇ ਦੱਸਿਆ ਕਿ ਘਟਨਾ ਦਾ ਮਾਸਟਰ ਮਾਈਂਡ ਵਿਜੇ ਕੁਮਾਰ ਸ਼ਾਤਰ ਦਿਮਾਗ ਹੈ ਤੇ ਗਾਜ਼ੀਆਬਾਦ ਵਿੱਚ ਪਹਿਲਾਂ ਵੀ ਅਜਿਹੀ ਘਟਨਾ ਨੂੰ ਅੰਜਾਮ ਦੇ ਚੁੱਕਾ ਹੈ। ਨੰਦ ਕਿਸ਼ੋਰ ਤੇ ਉਸ ਦਾ ਪੁੱਤਰ ਗੌਰਵ ਪਠਾਨਕੋਟ ਅਤੇ ਦੀਨਾਨਗਰ ਸਮੇਤ ਹੋਰਨਾਂ ਥਾਵਾਂ ‘ਤੇ ਅੱਤਵਾਦੀ ਹਮਲਿਆਂ ਕਰਕੇ ਬੇਅਦਬੀ ਦੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਏ ਸਨ।

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …