ਚੰਡੀਗੜ੍ਹ : ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ, ਪ੍ਰਗਟ ਸਿੰਘ ਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਜੋ ਆਮ ਤੌਰ ‘ਤੇ ਕਾਂਗਰਸ ਸਰਕਾਰ ਨੂੰ ਅੱਖਾਂ ਵਿਖਾਉਂਦੇ ਰਹਿੰਦੇ ਹਨ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਲਿਆਉਣ ਦੀਆਂ ਕੋਸ਼ਿਸ਼ਾਂ ਵਜੋਂ ਵਿਧਾਇਕ ਦੇ ਤੌਰ ‘ਤੇ ਨਵੀਆਂ ਨਕੋਰ ਕਾਰਾਂ ਅਲਾਟ ਕੀਤੀਆਂ ਗਈਆਂ ਹਨ। ਪਰ ਵਿਰੋਧੀ ਪਾਰਟੀਆਂ ਨੂੰ ਇਨ੍ਹਾਂ ਸਹੂਲਤਾਂ ਤੋਂ ਇਕ ਤਰ੍ਹਾਂ ਨਾਲ ਵਾਂਝਿਆ ਰੱਖਿਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀਆਂ ਕਾਰਾਂ ਮਿਥੇ ਹੋਏ ਸਫ਼ਰ ਤੋਂ ਵੱਧ ਕੰਮ ਕਰ ਚੁੱਕੀਆਂ ਹਨ। ‘ਆਪ’ ਵਿਧਾਇਕ ਦਲ ਦੇ ਚੀਫ਼ ਵਹਿਪ ਕੁਲਤਾਰ ਸਿੰਘ ਸੰਧਵਾਂ ਅਤੇ ਇਸੇ ਪਾਰਟੀ ਦੀ ਪੰਜਾਬ ਬਾਰੇ ਕੋਰ ਕਮੇਟੀ ਦੇ ਕਨਵੀਨਰ ਬੁੱਧ ਰਾਮ ਦਾ ਕਹਿਣਾ ਹੈ ਕਿ ਨਵੀਆਂ ਕਾਰਾਂ ਅਲਾਟ ਕਰਨ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਵਿਰੋਧੀ ਤੇ ਹੱਕਦਾਰ ਵਿਧਾਇਕਾਂ ਨਾਲ ਇਨਸਾਫ਼ ਨਹੀਂ ਕਰ ਰਹੀ। ਜਿਨ੍ਹਾਂ ਦੀਆਂ ਸਰਕਾਰੀ ਕਾਰਾਂ ਲਗਪਗ ਕੰਡਮ ਹੋ ਚੁੱਕੀਆਂ ਹਨ ਤੇ ਗਾਹੇ ਬਗਾਹੇ ਸਫ਼ਰ ਦੇ ਦੌਰਾਨ ਖ਼ਰਾਬ ਹੋ ਕੇ ਖੜ੍ਹੀਆਂ ਹੋ ਜਾਂਦੀਆਂ ਹਨ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਰਾਹ ਵਿਚ ਹੀ ਜ਼ਲੀਲ ਹੋਣਾ ਪੈਂਦਾ ਹੈ।
ਉਸ ਬਾਰੇ ਸਰਕਾਰ ਨੂੰ ਸੂਚਿਤ ਕਰਦੇ ਰਹਿੰਦੇ ਹਨ। ਦੋਹਾਂ ਵਿਰੋਧੀ ਵਿਧਾਇਕਾਂ ਨੇ ਦੋਸ਼ ਲਾਇਆ ਕਿ ਸਰਕਾਰੀ ਕਰਮਚਾਰੀਆਂ ਤੋਂ ਵਿਕਾਸ ਦੇ ਨਾਮ ‘ਤੇ 200 ਰੁਪਏ ਮਹੀਨੇ ਦੇ ਹਿਸਾਬ ਨਾਲ ਤਨਖ਼ਾਹ ਕੱਟੀ ਜਾਂਦੀ ਹੈ, ਜੇ ਸਰਕਾਰ ਨੂੰ ਫ਼ੰਡਾਂ ਦੀ ਕਮੀ ਹੈ, ਤਾਂ ਉਹ ਕੋਈ ਹੋਰ ਤਰੀਕਾ ਲੱਭੇ। ਖਰਚਾ ਘਟਾਉਣ ਦਾ ਕੁਲਹਾੜਾ ਵਿਚਾਰੇ ਸਰਕਾਰੀ ਕਰਮਚਾਰੀਆਂ ਵਿਸ਼ੇਸ਼ ਤੌਰ ‘ਤੇ ਪੁਲਿਸ ਕਰਮੀਆਂ ਦੇ ਸਿਰ ‘ਤੇ ਕਿਉਂ?