Breaking News
Home / ਪੰਜਾਬ / ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਪੰਜਾਬੀ ‘ਚ ਸਹੁੰ ਚੁੱਕੀ

‘ਆਪ’ ਵਿਧਾਇਕ ਜਰਨੈਲ ਸਿੰਘ ਨੇ ਪੰਜਾਬੀ ‘ਚ ਸਹੁੰ ਚੁੱਕੀ

ਨਵੀਂ ਦਿੱਲੀ : ਦਿੱਲੀ ਦੇ ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਚੁਣੇ ਗਏ ਜਰਨੈਲ ਸਿੰਘ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਉਹ ਤਿਲਕ ਨਗਰ ਖੇਤਰ ਤੋਂ ਲਗਾਤਾਰ ਤੀਜੀ ਵਾਰ ਦਿੱਲੀ ਵਿਧਾਨ ਸਭਾ ਲਈ ਚੁਣੇ ਗਏ ਹਨ। ਹਲਕੇ ਦੀ ਜਨਤਾ ਨੇ ਜਰਨੈਲ ਸਿੰਘ ਨੂੰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਨਾਲ ਜਿਤਾਇਆ ਤੇ ਉਨ੍ਹਾਂ ਨੂੰ ਹਰ ਵਰਗ ਦੀਆਂ ਵੋਟਾਂ ਮਿਲੀਆਂ ਹਨ। ਵਿਧਾਇਕ ਜਰਨੈਲ ਸਿੰਘ ਨੇ ਵਿਧਾਨ ਸਭਾ ‘ਚ ਪੰਜਾਬੀ ਵਿੱਚ ਸਹੁੰ ਚੁੱਕੀ। ਇਸੇ ਦੌਰਾਨ ਵਿਧਾਇਕ ਨੇ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਹਰ ਕਿਸੇ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਤਿਲਕ ਨਗਰ ਹਲਕੇ ਵਿੱਚ 60 ਤੋਂ ਵੱਧ ਸਿੱਖ ਵੋਟਰਾਂ ਤੋਂ ਇਲਾਵਾ ਪੰਜਾਬੀਆਂ ਤੇ ਹੋਰ ਵਰਗਾਂ ਦੇ ਵੋਟਰ ਰਹਿੰਦੇ ਹਨ। ਸਥਾਨਕ ਇਲਾਕਾ ਵਾਸੀਆਂ ਨੇ ਕਿਹਾ ਕਿ ਜਰਨੈਲ ਸਿੰਘ ਨੇ ਪਿਛਲੀ ਪਾਰੀ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਤਿਲਕ ਨਗਰ ਵਿੱਚ ਅਣਗਿਣਤ ਵਿਕਾਸ ਕਾਰਜ ਕੀਤੇ, ਜਿਸ ਦੇ ਮੱਦੇਨਜ਼ਰ ਜਨਤਾ ਨੇ ਜਰਨੈਲ ਸਿੰਘ ਨੂੰ ਪੂਰਨ ਵਿਸ਼ਵਾਸ ਅਤੇ ਸਮਰਥਨ ਨਾਲ ਆਪਣਾ ਪੂਰਾ ਸਮਰਥਨ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਧਾਇਕ ਜਰਨੈਲ ਸਿੰਘ ਅਗਲੇ ਪੰਜ ਸਾਲਾਂ ਵਿੱਚ ਤਿਲਕ ਨਗਰ ਵਿੱਚ ਹੋਰ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਉਣਗੇ। ਸਿੱਖ ਭਾਈਚਾਰੇ, ਪੰਜਾਬੀ ਸਮਾਜ ਨੂੰ ਜਰਨੈਲ ਸਿੰਘ ਤੋਂ ਵੱਡੀਆਂ ਉਮੀਦਾਂ ਹਨ।
ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਘਰ ਤੱਕ ਪੁੱਜਿਆ ਖੁਫ਼ੀਆ ਤੰਤਰ
ਕਾਹਨੂੰਵਾਨ/ਬਿਊਰੋ ਨਿਊਜ਼ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਪਿੰਡ ਡੇਅਰੀਵਾਲ ਦੇ ਕੁਝ ਸਿੱਖ ਸ਼ਰਧਾਲੂਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਪੁੱਛ-ਪੜਤਾਲ ਤੋਂ ਸਿੱਖ ਸੰਗਤ ‘ਚ ਭਾਰੀ ਰੋਸ ਹੈ। ਇਹ ਸ਼ਰਧਾਲੂ ਪਿਛਲੇ ਦਿਨੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਗਏ ਸਨ। ਪਿੰਡ ਵਾਸੀ ਰਣਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਜਦੋਂ ਉਹ ਦਰਸ਼ਨ ਕਰਕੇ ਪਰਤੇ ਤਾਂ ਡੇਰਾ ਬਾਬਾ ਨਾਨਕ ਦੀ ਸਰਹੱਦ ‘ਤੇ ਕੁਝ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ। ਉਪਰੰਤ ਉਹ ਘਰ ਆ ਗਏ। ਪਰ ਕੁਝ ਦਿਨਾਂ ਬਾਅਦ ਥਾਣਾ ਧਾਰੀਵਾਲ ਦੀ ਪੁਲਿਸ ਉਨ੍ਹਾਂ ਦੇ ਘਰ ਆ ਪੁੱਜੀ ਤੇ ਉਨ੍ਹਾਂ ਨੂੰ ਪਾਕਿਸਤਾਨ ਫੇਰੀ ਬਾਰੇ ਪੁੱਛ-ਪੜਤਾਲ ਕਰਨ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਨੌਜਵਾਨਾਂ ਨੇ ਆਖਿਆ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਪੁੱਛਿਆ, ”ਪਾਕਿਸਤਾਨ ਦੀ ਪੁਲਿਸ ਅਤੇ ਫ਼ੌਜ ਨੇ ਤੁਹਾਡੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਹੈ? ਪਾਕਿਸਤਾਨ ਦੇ ਲੋਕਾਂ ਦਾ ਤੁਹਾਡੇ ਨਾਲ ਵਤੀਰਾ ਕਿਸ ਤਰ੍ਹਾਂ ਦਾ ਸੀ?” ਸਿੱਖ ਨੌਜਵਾਨਾਂ ਨੇ ਪੁਲਿਸ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਤੇ ਪੁਲਿਸ ਦਾ ਵਿਵਹਾਰ ਨਿਮਰਤਾ ਤੇ ਮਹਿਮਾਨ-ਨਿਵਾਜ਼ੀ ਵਾਲਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਵਿੱਚ ਬੁਲਾ ਕੇ ਵੀ ਵਾਰ-ਵਾਰ ਪੁੱਛ ਪੜਤਾਲ ਕੀਤੀ ਗਈ ਕਿ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਕੌਣ-ਕੌਣ ਲੋਕ ਮਿਲੇ ਅਤੇ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ। ਪਿੰਡ ਦੇ ਮੋਹਤਬਰ ਨਾਜ਼ਰ ਸਿੰਘ ਅਤੇ ਸਿੱਖ ਆਗੂ ਭਾਈ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਦਾ ਇਹ ਵਤੀਰਾ ਨਿੰਦਣਯੋਗ ਹੈ ਅਤੇ ਪਾਕਿਸਤਾਨ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜਦੋਂ ਪੰਜਾਬ ਪੁਲਿਸ ਦਾ ਮੁਖੀ ਹੀ ਸਿੱਖ ਸ਼ਰਧਾਲੂਆਂ ਪ੍ਰਤੀ ਮਾੜੀ ਸੋਚ ਰੱਖਦਾ ਹੋਵੇ ਤਾਂ ਵਿਭਾਗ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਉਨ੍ਹਾਂ ਆਖਿਆ ਕਿ ਉਹ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਉਠਾਉਣਗੇ। ਪਿੰਡ ਵਾਸੀ ਮਨਿੰਦਰਪਾਲ ਸਿੰਘ ਘੁੰਮਣ ਨੇ ਕਿਹਾ ਕਿ ਇਸ ਘਟਨਾ ਕ੍ਰਮ ਤੋਂ ਬਾਅਦ ਉਨ੍ਹਾਂ ਦੇ ਪਿੰਡ ਦੇ ਕਰਤਾਰਪੁਰ ਸਾਹਿਬ ਜਾਣ ਦੇ ਇਛੁੱਕ ਸ਼ਰਧਾਲੂ ਬਹੁਤ ਡਰੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਪਾਕਿਸਤਾਨ ਗਏ ਤਾਂ ਉਨ੍ਹਾਂ ਨੂੰ ਸ਼ਾਇਦ ਅੱਤਵਾਦੀ ਗਰਦਾਨ ਦਿੱਤਾ ਜਾਵੇਗਾ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਸ਼ੱਕ ਤਹਿਤ ਕਾਨੂੰਨੀ ਘੇਰੇ ਵਿੱਚ ਫਸਾ ਕੇ ਹੋਰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ। ਕੁਝ ਨੌਜਵਾਨਾਂ ਨੇ ਆਖਿਆ ਕਿ ਉਹ ਡਰ ਦੇ ਮਾਰੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ ਨਹੀਂ ਜਾ ਰਹੇ।
ਵਿਭਾਗੀ ਹੁਕਮਾਂ ‘ਤੇ ਹੋ ਰਹੀ ਹੈ ਪੁੱਛ-ਪੜਤਾਲ : ਥਾਣਾ ਮੁਖੀ
ਪੁਲਿਸ ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਪੁੱਛ-ਪੜਤਾਲ ਕਰਨ ਦੀ ਹਦਾਇਤ ਪ੍ਰਾਪਤ ਹੋਈ ਹੈ, ਜਿਸ ਦੇ ਆਧਾਰ ‘ਤੇ ਉਹ ਨੌਜਵਾਨਾਂ ਕੋਲੋਂ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਵੀ ਨਾਗਰਿਕ ਤੋਂ ਪੁੱਛ-ਪੜਤਾਲ ਕਰਨ ਦਾ ਅਧਿਕਾਰ ਰੱਖਦੀ ਹੈ।
ਅਨਵਰ ਮਸੀਹ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਅੰਮ੍ਰਿਤਸਰ : ਸੁਲਤਾਨਵਿੰਡ ਰੋਡ ਸਥਿਤ ਇਕ ਕੋਠੀ ਤੋਂ 194 ਕਿਲੋ ਹੈਰੋਇਨ ਅਤੇ ਸਿੰਥੈਟਿਕ ਡਰੱਗ ਦੀ ਵਰਤੋਂ ‘ਚ ਆਉਣ ਵਾਲੇ ਖਤਰਨਾਕ ਕੈਮੀਕਲ ਦੀ ਬਰਾਮਦਗੀ ਦੇ ਆਰੋਪ ‘ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀਦਲ ਅਤੇ ਐਸਐਸਬੀ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੂੰ ਡਿਊਟੀ ਮੈਜਿਸਟ੍ਰੇਟ ਗੌਰਵ ਗੁਪਤਾ ਦੀ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਸ਼ੁੱਕਰਵਾਰ ਦੁਪਹਿਰ ਬਾਅਦ ਅਨਵਰ ਮਸੀਹ ਨੂੰ ਸਖਤ ਸੁਰੱਖਿਆ ਦਰਮਿਆਨ ਕਚਹਿਰੀ ਸਥਿਤ ਡਿਊਟੀ ਮੈਜਿਸਟ੍ਰੇਟ ਗੌਰਵ ਗੁਪਤਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਐਸਟੀਐਫ ਨੇ ਬੁੱਧਵਾਰ ਨੂੰ ਅਨਵਰ ਮਸੀਹ ਨੂੰ ਦੋ ਦਿਨ ਦੇ ਰਿਮਾਂਡ ‘ਤੇ ਲਿਆ ਸੀ। ਸ਼ੁੱਕਰਵਾਰ ਨੂੰ ਰਿਮਾਂਡ ਦਾ ਸਮਾਂ ਖਤਮ ਹੋ ਗਿਆ ਸੀ। ਜਿਸ ਕੋਠੀ ‘ਚ ਨਸ਼ੇ ਦੀ ਫੈਕਟਰੀ ਚੱਲ ਰਹੀ ਸੀ ਉਸ ਦਾ ਮਾਲਿਕ ਅਨਵਰ ਮਸੀਹ ਹੈ। ਅਨਵਰ ਨੇ ਜਿਮ ਦਾ ਸੰਚਾਲਨ ਕਰਨ ਵਾਲੇ ਸੁਖਵਿੰਦਰ ਨੂੰ ਇਹ ਕੋਠੀ ਕਿਰਾਏ ‘ਤੇ ਦੇਣ ਦਾ ਦਾਅਵਾ ਕੀਾ ਸੀ। ਦੋ ਦਿਨ ਦੀ ਪੁੱਛਗਿੱਛ ਦੇ ਦੌਰਾਨ ਐਸਟੀਐਫ ਦੇ ਹੱਥ ਕਿਹੜੀ ਜਾਣਕਾਰੀ ਲੱਗੀ ਇਸ ਦੀ ਸੂਚਨਾ ਨਹੀਂ। ਐਸਟੀਐਫ ਨੂੰ ਅਨਵਰ ਮਸੀਹ ਅਤੇ ਕੁਝ ਆਗੂਆਂ ਦਰਮਿਆਨ ਗੱਠਜੋੜ ਦੇ ਸੰਕੇਤ ਮਿਲੇ। ਉਧਰ ਪੰਜਾਬ ਵਿਧਾਨ ਸਭਾ ‘ਚ ਵੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅਨਵਰ ਮਸੀਹ ਅਤੇ ਬਿਕਰਮ ਮਜੀਠੀਆ ਦੇ ਸਬੰਧਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ‘ਚ ਹੁਣ ਤੱਕ ਐਸਟੀਐਫ ਕਾਂਗਰਸ ਕੌਂਸਲਰ ਪ੍ਰਦੀਪ ਸ਼ਰਮਾ ਦੇ ਬੇਟੇ ਸਾਹਿਲ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ‘ਚ ਨਾਕਾਮ ਰਹੀ ਹੈ। ਸਾਹਿਲ ਸ਼ਰਮਾ ਦੀ ਗ੍ਰਿਫ਼ਤਾਰੀ ਦੇ ਇਸ ਨਸ਼ਾ ਤਸਕਰੀ ‘ਚ ਸ਼ਾਮਿਲ ਆਗੂਆਂ ਅਤੇ ਤਸਕਰਾਂ ਦੇ ਸਬੰਧਾਂ ਦੀ ਨਵੀਂ ਕੜੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਮਾਮਲੇ ‘ਚ ਹੁਣ ਤੱਕ ਇਕ ਅਫ਼ਗਾਨ ਨਾਗਰਿਕ ਅਤੇ ਔਰਤ ਸਮੇਤ 13 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।
ਡਾ. ਸਰੂਪ ਸਿੰਘ ਅਲਗ ਵੱਲੋਂ ਲਿਖੀ ਕਿਤਾਬ ”ਗੁਰੂ ਨਾਨਕ- ਦਾ ਮਾਸਟਰ ਡਿਵਾਈਨ” ਲੋਕ ਅਰਪਣ
ਫਗਵਾੜਾ : ਪੰਜਾਬ ਲਿਟਰਰੀ ਫੋਰਮ,ਪੰਜਾਬੀ ਵਿਰਸਾ ਟਰਸਟ ਅਤੇ ਪਿੰਡ ਗੰਡਵਾਂ ਦੇ ਪਰਵਾਸੀ ਪੰਜਾਬੀਆਂ ਵਲੋਂ ਸਮਾਗਮ ਦੌਰਾਨ ਪ੍ਰਸਿੱਧ ਸਿੱਖ ਲੇਖਕ ਅਤੇ ਸਕਾਲਰ ਡਾ. ਸਰੂਪ ਸਿੰਘ ਅਲਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਪੰਜਾਬੀ ਵਿਚ ਲਿਖੀ ਪੁਸਤਕ ਦਾ ਅੰਗਰੇਜ਼ੀ ਐਡੀਸ਼ਨ ”ਗੁਰੂ ਨਾਨਕ- ਦਾ ਮਾਸਟਰ ਡਿਵਾਈਨ” ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਪੁਸਤਕ ਦੇ ਯੂ.ਕੇ. ‘ਚ ਵਸੇ ਐਨ.ਆਰ.ਆਈ ਸਪਾਂਸਰ ਚਰਨਜੀਤ ਸਿੰਘ ਗੰਢਮ ਅਤੇ ਸਰਦਾਰਨੀ ਗੁਰਮੇਜ ਕੌਰ ਗੰਢਮ ਦੇ ਜੱਦੀ ਪਿੰਡ ਗੰਡਵਾਂ ਵਿਚਲੇ ਫਾਰਮ ਹਾਊਸ ਵਿਚ ਕੀਤਾ ਗਿਆ। ਇਸ ਵਿਚ ਇਲਾਕੇ ਦੇ ਮੁਹਤਬਰ ਸ਼ਾਮਲ ਹੋਏ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਬਡਰੁੱਖਾਂ ਪਹੁੰਚ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ

ਸ਼ੋ੍ਰਮਣੀ ਅਕਾਲੀ ਦਲ ’ਤੇ ਵੀ ਕਸਿਆ ਤੰਜ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅੱਜ …