Breaking News
Home / ਪੰਜਾਬ / ਮੀਂਹ ਤੇ ਝੱਖੜ ਨੇ ਮਲੋਟ ‘ਚ ਪਿਓ ਤੇ ਦੋ ਧੀਆਂ ਦੀ ਲਈ ਜਾਨ

ਮੀਂਹ ਤੇ ਝੱਖੜ ਨੇ ਮਲੋਟ ‘ਚ ਪਿਓ ਤੇ ਦੋ ਧੀਆਂ ਦੀ ਲਈ ਜਾਨ

ਜ਼ਖ਼ਮੀ ਗਰਭਵਤੀ ਪਤਨੀ ਨੇ ਦਿੱਤਾ ਦੋ ਲੜਕਿਆਂ ਨੂੰ ਜਨਮ
ਮਲੋਟ/ਬਿਊਰੋ ਨਿਊਜ਼ : ਮਲੋਟ ਇਲਾਕੇ ਵਿੱਚ ਆਏ ਤੇਜ਼ ਝੱਖੜ ਕਾਰਨ ਵੱਖ-ਵੱਖ ਥਾਵਾਂ ‘ਤੇ 5 ਮੌਤਾਂ ਹੋ ਗਈਆਂ ਅਤੇ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਵਾਰਡ ਨੰ. 14 ਦੀ ਗਲੀ ਨੰ: 9 ਐਸਏਐਸ ਨਗਰ ਵਿੱਚ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਜੀਆਂ ਅੰਮ੍ਰਿਤਪਾਲ ਸਿੰਘ ਅਤੇ ਉਹਦੀਆਂ ਦੋ ਧੀਆਂ ਮਨਸੀਰਤ (7) ਅਤੇ ਅਗਮਨਜੋਤ ਕੌਰ (5) ਦੀ ਮੌਤ ਹੋ ਗਈ। ਹਾਦਸੇ ਵਿੱਚ ਅੰਮ੍ਰਿਤਪਾਲ ਦੀ ਗਰਭਵਤੀ ਪਤਨੀ ਤੇਜਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰ ਦੀ ਗੈਰਮੌਜੂਦਗੀ ਦੇ ਚਲਦਿਆਂ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਨੇ ਜੁੜਵਾਂ ਲੜਕਿਆਂ ਨੂੰ ਜਨਮ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਹਾਦਸੇ ਵਿੱਚ ਜ਼ਖ਼ਮੀ ਹੋਏ ਉਪਰੋਕਤ ਤਿੰਨਾਂ ਨੂੰ ਲੈ ਕੇ ਪੂਰੀ ਰਾਤ ਸ਼ਹਿਰ ਦੇ ਅੱਧੀ ਦਰਜਨ ਹਸਪਤਾਲਾਂ ਵਿੱਚ ਘੁੰਮਦੇ ਰਹੇ, ਪਰ ਕਿਸੇ ਨੇ ਵੀ ਉਨ੍ਹਾਂ ਦੇ ਇਲਾਜ ਲਈ ਹਾਂ ਨਹੀਂ ਕੀਤੀ। ਸਵੇਰੇ 5 ਵਜੇ ਉਹ ਇੱਕ ਹੋਰ ਨਿੱਜੀ ਹਸਪਤਾਲ ਵਿੱਚ ਗਏ ਤਾਂ ਉਥੋਂ ਦੇ ਡਾਕਟਰ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਐਸਐਮਓ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਵਾ ਕੇ ਅਣਗਹਿਲੀ ਵਰਤਣ ਵਾਲੇ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਨਜ਼ਦੀਕੀ ਪਿੰਡ ਭਗਵਾਨਪੁਰਾ ਦੀ ਬਸਤੀ ਹਿੰਮਤਪੁਰਾ ਨੇੜੇ ਲੁੱਕ ਪਲਾਂਟ ਵਿਖੇ ਮਕਾਨ ਦੀ ਛੱਤ ਡਿੱਗਣ ਕਰਕੇ ਹੇਠਾਂ ਪਈ ਗਰਭਵਤੀ ਔਰਤ ਹਰਜਿੰਦਰ ਕੌਰ ਮੌਤ ਹੋ ਗਈ। ਪਿੰਡ ਮਾਹੂਆਣਾ ਵਿੱਚ ਵੀ ਛੱਤ ਡਿੱਗਣ ਕਰਕੇ ਤਰਸੇਮ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ।
ਜੋਧਪੁਰ ਦੇ ਨਜ਼ਰਬੰਦਾਂ ਨੂੰ ਕੇਂਦਰ ਸਰਕਾਰ ਦੇਵੇਗੀ 2 ਕਰੋੜ 17 ਲੱਖ ਰੁਪਏ ਦਾ ਮੁਆਵਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : 1984 ਵਿਚ ਸਾਕਾ ਨੀਲਾ ਤਾਰਾ ਸਮੇਂ ਜੋਧਪੁਰ ਦੇ ਨਜ਼ਰਬੰਦਾਂ ਨੂੰ ਕੇਂਦਰ ਸਰਕਾਰ 2 ਕਰੋੜ 17 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਇਸ ਸਬੰਧੀ ਕੇਂਦਰ ਸਰਕਾਰ ਨੇ ਹਾਈਕੋਰਟ ਵਿਚ ਜਵਾਬ ਦਾਖਲ ਕਰਕੇ ਜਾਣਕਾਰੀ ਦਿੱਤੀ ਕਿ 40 ਸਿੱਖਾਂ ਨੂੰ 2 ਕਰੋੜ 17 ਲੱਖ ਰੁਪਏ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਨ੍ਹਾਂ ਬੰਦੀ ਸਿੰਘਾਂ ਨੂੰ ਮੁਆਵਜ਼ਾ ਰਾਸ਼ੀ ਦੇ ਅੱਧੇ ਹਿੱਸੇ ਦੀ ਰਕਮ ਅਲਾਟ ਕਰ ਦਿੱਤੀ ਸੀ। ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਹ ਬੰਦੀ ਸਿੰਘਾਂ ਨੂੰ ਮੁਆਵਜ਼ੇ ਦੇ ਪੈਸੇ ਨਹੀਂ ਦੇ ਸਕਦੀ ਤਾਂ ਉਨ੍ਹਾਂ ਦੀ ਸਰਕਾਰ ਕੇਂਦਰ ਦੇ ਹਿੱਸੇ ਦੀ ਰਾਸ਼ੀ ਵੀ ਦੇ ਦੇਵੇਗੀ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …