Breaking News
Home / ਪੰਜਾਬ / ਅਦਾਲਤਾਂ ‘ਚ ਪੰਜਾਬੀ ਭਾਸ਼ਾ ਛੇਤੀ ਲਾਗੂ ਕਰਾਂਗੇ: ਮੀਤ ਹੇਅਰ

ਅਦਾਲਤਾਂ ‘ਚ ਪੰਜਾਬੀ ਭਾਸ਼ਾ ਛੇਤੀ ਲਾਗੂ ਕਰਾਂਗੇ: ਮੀਤ ਹੇਅਰ

ਮਾਂ-ਬੋਲੀ ਨੂੰ ਸਮਰਪਿਤ ਪੰਜਾਬੀ ਮਾਹ ਦੀ ਸ਼ੁਰੂਆਤ ਕੀਤੀ; ਭਾਸ਼ਾ ਦੇ ਵਿਕਾਸ ਲਈ ਯਤਨ ਕਰਨ ‘ਤੇ ਜ਼ੋਰ
ਪਟਿਆਲਾ : ਪੰਜਾਬ ਦੇ ਭਾਸ਼ਾਵਾਂ ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਦੀਆਂ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ 2700 ਪੰਜਾਬੀ ਮਾਹਿਰ ਜਲਦ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਵਿਚ ਖ਼ਾਲੀ ਪਈਆਂ ਅਸਾਮੀਆਂ ‘ਤੇ ਭਰਤੀ ਵੀ ਜਲਦੀ ਕੀਤੀ ਜਾ ਰਹੀ ਹੈ। ਉਨ੍ਹਾਂ ਪਟਿਆਲਾ ਸਥਿਤ ਭਾਸ਼ਾ ਭਵਨ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਮਾਹ-2022 ਦੀ ਸ਼ੁਰੂਆਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਬਾਰੇ ਵੱਡਾ ਐਲਾਨ ਕਰਨਗੇ। ਹੇਅਰ ਨੇ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਅਮੀਰ ਸ਼ਬਦ ਭੰਡਾਰ ਨਾਲੋਂ ਟੁੱਟ ਰਹੀ ਹੈ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਰਤਨ ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਕੀਤੀ।
ਸਾਲ 2018 ਲਈ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ ਕੋਸ਼ਕਾਰੀ)- ਰਾਮ ਮੂਰਤ ਸਿੰਘ ਦੀ ਪੁਸਤਕ ਪਖਾਣ ਕੋਸ਼, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ)- ਗੁਰਮੁੱਖ ਸਿੰਘ ਦੀ ਪੁਸਤਕ ਸਮਕਾਲੀ ਦ੍ਰਿਸ਼ ਸਭਿਆਚਾਰ ਅਤੇ ਪੰਜਾਬੀ ਪਛਾਣ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ)- ਭੁਪਿੰਦਰ ਸਿੰਘ (ਖੋਜੀ ਕਾਫਿਰ) ਦੀ ਪੁਸਤਕ ਬਾਬਾ ਸੋਹਣ ਸਿੰਘ ਭਕਨਾ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ)- ਰਾਜਿੰਦਰ ਸਿੰਘ ਦੀ ਪੁਸਤਕ ਖਾਲਸਾ ਪੰਥ ਬਨਾਮ ਡੇਰਾਵਾਦ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫਰਨਾਮਾ)- ਸੁਲੱਖਣ ਸਰਹੱਦੀ ਦੀ ਪੁਸਤਕ ਸਾਡਾ ਆਸਟਰੇਲੀਆ, ਪ੍ਰਿੰ.ਤੇਜਾ ਸਿੰਘ ਪੁਰਸਕਾਰ (ਸੰਪਾਦਨ)- ਰਾਕੇਸ਼ ਕੁਮਾਰ ਦੀ ਪੁਸਤਕ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰ ਸਾਥੀਆਂ ਦਾ ਫਿਰੋਜ਼ਪੁਰ ਸ਼ਹਿਰ ਵਿਚ ਗੁਪਤ ਟਿਕਾਣਾ, ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ)- ਸਤਪਾਲ ਭੀਖੀ ਦੀ ਪੁਸਤਕ ਪੀਲਾਂ, ਨਾਨਕ ਸਿੰਘ ਪੁਰਸਕਾਰ (ਨਾਵਲ)- ਸੰਤਵੀਰ ਦੀ ਪੁਸਤਕ ਜ਼ਿੰਦਗੀ ਦੀ ਸਵੇਰ, ਗੁਰੂ ਹਰਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ)-ਜਗਜੀਤ ਸਿੰਘ ਲੱਡਾ ਦੀ ਪੁਸਤਕ ਰੁੱਖ ਦੇਣ ਸੁੱਖ ਨੂੰ ਦਿੱਤਾ ਗਿਆ। ਸਾਲ 2019 ਲਈ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ ਕੋਸ਼ਕਾਰੀ)- ਡਾ. ਓਮ ਪ੍ਰਕਾਸ਼ ਵਸ਼ਿਸਟ ਦੀ ਪੁਸਤਕ ਕੋਸ਼ ਅਧਿਐਨ ਮਾਡਲ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ)- ਡਾ. ਧਨਵੰਤ ਕੌਰ ਦੀ ਪੁਸਤਕ ਡਾਇਸਪੋਰਾ ਸਿਧਾਂਤ ਅਤੇ ਪੰਜਾਬੀ ਕਹਾਣੀ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ)- ਪ੍ਰੀਤ ਮਹਿੰਦਰ ਦੀ ਪੁਸਤਕ ਅੰਧ-ਰੂਪ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ)-ਗੱਜਣਵਾਲਾ ਸੁਖਮਿੰਦਰ ਸਿੰਘ ਦੀ ਪੁਸਤਕ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫਰਨਾਮਾ)-ਡਾ. ਗੁਰਮਿੰਦਰ ਸਿੱਧੂ ਦੀ ਪੁਸਤਕ ਚੇਤਿਆਂ ਦਾ ਸੰਦੂਕ, ਪ੍ਰਿੰ.ਤੇਜਾ ਸਿੰਘ ਪੁਰਸਕਾਰ (ਸੰਪਾਦਨ)-ਸੁਖਦੇਵ ਸਿੰਘ ਦੀ ਪੁਸਤਕ ਸੁਰ ਪੀਰੋ, ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ)-ਸਲੱਖਣ ਸਰਹੱਦੀ ਦੀ ਪੁਸਤਕ ਦਰਦ ਬੋਲਦਾ ਹੈ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ)-ਪਵਿੱਤਰ ਕੌਰ ਮਾਟੀ ਦੀ ਪੁਸਤਕ ਸ਼ਾਹ ਰਗ ਤੋਂ ਵੀ ਨੇੜੇ, ਗੁਰੂ ਹਰਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ)-ਡਾ. ਸੁਦਰਸ਼ਨ ਗਾਸੋ ਦੀ ਪੁਸਤਕ ਜੀ ਕਰਦੈ ਬੱਦਲ ਬਣ ਜਾਵਾਂ ਨੂੰ ਦਿੱਤਾ ਗਿਆ। ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਬਾਰੇ ਅੱਜ ਦੇ ਬੱਚਿਆਂ ਨੂੰ ਘੱਟ ਹੀ ਜਾਣਕਾਰੀ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਮਹਿੰਦਰ ਸਿੰਘ ਰੰਧਾਵਾ ਦੀ ਛਾਪੀ ਕਿਤਾਬ ‘ਪੰਜਾਬ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਂਜ ਉਨ੍ਹਾਂ ਹੋਰ ਵੰਨਗੀਆਂ ‘ਤੇ ਕਈ ਕਿਤਾਬਾਂ ਲਿਖੀਆਂ ਹਨ ਪਰ ‘ਪੰਜਾਬ’ ਵਿਚ ਜੋ ‘ਪੰਜਾਬ’ ਰਸਮ, ਰਿਵਾਜ ਅਤੇ ਵਹਿਮ ਭਰਮਾਂ ਬਾਰੇ ਇਕ ਚੈਪਟਰ ਲਿਖਿਆ ਹੈ, ਉਸ ਨੇ ਉਨ੍ਹਾਂ ਦੀ ਵੱਖਰੀ ਪਛਾਣ ਬਣਾਈ ਹੈ।
ਪੰਜਾਬੀ ਭਾਸ਼ਾ ਦੇ ਹੱਕ ‘ਚ ਹੰਭਲਾ ਮਾਰਨ ਦਾ ਸੱਦਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵੱਲੋਂ ਪਟਿਆਲਾ ‘ਚ ਦੋ-ਰੋਜ਼ਾ ‘ਸਰਬ ਭਾਰਤੀ ਪੰਜਾਬੀ ਕਾਨਫ਼ਰੰਸ’ ਕਰਵਾਈ ਗਈ। ‘ਪੰਜਾਬੀ ਭਾਸ਼ਾ ਅਤੇ ਸਾਹਿਤ: ਸਥਿਤੀ ਅਤੇ ਸੰਕਟ’ ਵਿਸ਼ੇ ‘ਤੇ ਆਧਾਰਿਤ ਇਸ ਕਾਨਫਰੰਸ ਦੌਰਾਨ ਹੋਈ ਡੂੰਘੀਆਂ ਤਕਰੀਰਾਂ ਦੌਰਾਨ ਪੰਜਾਬੀ ਭਾਸ਼ਾ ਦੇ ਖ਼ਾਤਮੇ ਦੇ ਖਦਸ਼ਿਆਂ ਨੂੰ ਸਿਰੇ ਤੋਂ ਹੀ ਖਾਰਜ ਕਰ ਦਿੱਤਾ ਗਿਆ ਬਲਕਿ ਪਰਵਾਸ ਦੇ ਵਧੇ ਰੁਝਾਨ ਦੇ ਹਵਾਲੇ ਨਾਲ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਦੇ ਹੁਣ ਸੱਤ ਸਮੁੰਦਰਾਂ ਦੀ ਭਾਸ਼ਾ ਬਣਨ ਦੀ ਗੱਲ ਵੀ ਜੋਰ-ਸ਼ੋਰ ਨਾਲ ਪ੍ਰਚਾਰੀ ਗਈ। ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬੀ ਨੂੰ ਹੋਰ ਪੱਕੇ ਪੈਰੀਂ ਕਰਨ ਦੇ ਹਵਾਲੇ ਨਾਲ ਸਰਕਾਰੀ ਦਫਤਰਾਂ ਸਮੇਤ ਅਦਾਲਤਾਂ ਦਾ ਕੰਮ ਵੀ ਪੰਜਾਬੀ ‘ਚ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ। ਉਘੇ ਵਿਦਵਾਨ ਡਾ. ਬੂਟਾ ਸਿੰਘ ਬਰਾੜ ਦਾ ਕਹਿਣਾ ਸੀ ਯੂਨੈਸਕੋ ਵੱਲੋਂ 6 ਹਜ਼ਾਰ ਭਾਸ਼ਾਵਾਂ ਵਿੱਚੋਂ 2500 ਭਾਸ਼ਾਵਾਂ ਦੇ ਖਤਮ ਹੋਣ ਦੀ ਗੱਲ ਆਖੀ ਗਈ ਹੈ ਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 13/14 ਕਰੋੜ ਹੋਣ ਕਰਕੇ ਸੰਸਾਰ ਭਰ ਦੀਆਂ ਭਾਸ਼ਾਵਾਂ ‘ਚ ਪੰਜਾਬੀ ਦਾ 10ਵਾਂ ਸਥਾਨ ਹੈ। ਕੋਆਡੀਨੇਟਰ ਡਾ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਵਿੱਚ ਪੰਜਾਬੀ ਭਾਸ਼ਾ ਗਿਆਰਵੇਂ ਸਥਾਨ ‘ਤੇ ਹੈ ਜਦਕਿ ਅਸਟਰੇਲੀਆ ਵਿੱਚ ਪੰਜਵੇਂ ਅਤੇ ਕੈਨੇਡਾ ਵਿੱਚ ਚੌਥੇ ਸਥਾਨ ‘ਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ। ਜਨਾਬ ਖਾਲਿਦ ਹੁਸੈਨ ਦਾ ਕਹਿਣਾ ਸੀ ਕਿ 1947 ਵਿੱਚ ਪੰਜਾਬੀ ਜ਼ੁਬਾਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਗੁਰਵਿੰਦਰ ਸਿੰਘ ਧਮੀਜ ਨੇ ਕੈਨੇਡਾ ਤੋਂ ਆਨਲਾਈਨ ਹੋ ਕੇ ਪੰਜਾਬੀ ਦੇ ਪ੍ਰਸਾਰ ਲਈ ਉਪਰਾਲਿਆਂ ‘ਤੇ ਗੱਲ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵੀ ਭਾਵੇਂ ਪੰਜਾਬੀ ਨੂੰ ਖ਼ਤਰਾ ਨਾ ਹੋਣ ਦੀ ਹੀ ਗੱਲ ਆਖੀ ਪਰ ਸੁਚੱਜੀ ਪੈਰਵੀ ਵਜੋਂ ਨਾ ਸਿਰਫ਼ ਸਰਕਾਰੀ ਅਦਾਰਿਆਂ ਬਲਕਿ ਅਦਾਲਤਾਂ ਦਾ ਕੰਮ ਵੀ ਪੰਜਾਬੀ ‘ਚ ਕਰਨ, ਇਥੋਂ ਤੱਕ ਕਿ ਇੰਜਨੀਅਰਿੰਗ ਅਤੇ ਮੈਡੀਕਲ ਸਿੱਖਿਆ ਸਮੇਤ ਹਰੇਕ ਕੋਰਸ ‘ਚ ਇੱਕ ਵਿਸ਼ੇ ਦਾ ਪੰਜਾਬੀ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …