ਚੰਡੀਗੜ੍ਹ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਆਉਂਦੇ ਬਾਬਾ ਬਕਾਲਾ ਵਿਧਾਨ ਸਭ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਕੋਰਟ ਨੇ ਅੱਜ ਭਗੌੜਾ ਕਰਾਰ ਦੇ ਦਿੱਤਾ। ਸਾਲ 2020 ‘ਚ ਦਰਜ ਹੋਏ ਇਕ ਮਾਮਲੇ ਵਿਚ ਉਹ ਕੋਰਟ ਵਿਚ ਪੇਸ਼ ਨਹੀਂ ਹੋਏ ਜਿਸ ਦੇ ਚਲਦਿਆਂ ਕੋਰਟ ਨੇ ਉਨ੍ਹਾਂ ਦੀ ਸੰਪੰਤੀ ਕੁਰਕ ਕਰਨ ਦੇ ਵੀ ਹੁਕਮ ਦਿੱਤੇ ਹਨ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਸਾਲ 2020 ਵਿਚ ਤਰਨਤਾਰਨ ਡੀਸੀ ਦਫ਼ਤਰ ਦੇ ਬਾਹਰ ਨਕਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ ਵਿਅਕਤੀਆਂ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਗਾਇਆ ਸੀ। ਇਸ ਧਰਨੇ ਵਿਚ ਸ਼ਾਮਲ ਹੋਣ ਵਾਲੇ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਰੋੜੀ, ਲਾਲਜੀਤ ਭੁੱਲਰ, ਗੁਰਮੀਤ ਸਿੰਘ ਮੀਤ ਹੇਅਰ, ਹਰਭਜਨ ਸਿੰਘ ਈਟੀਓ, ਕਸ਼ਮੀਰ ਸਿੰਘ ਸੋਹਲ, ਮਨਿੰਦਰ ਸਿੰਘ ਲਾਲਪੁਰਾ ਅਤੇ ਦਲਬੀਰ ਸਿੰਘ ਟੌਂਗ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਗੈਰਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਉਕਤ ਵਿਅਕਤੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੇਠਲੀ ਅਦਾਲਤ ‘ਚ ਪੇਸ਼ ਹੋਏ, ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਪ੍ਰੰਤੂ ਮੌਜੂਦਾ ਵਿਧਾਇਕ ਦਲਬੀਰ ਸਿੰਘ ਟੌਂਗ ਹੁਣ ਤੱਕ ਕੋਰਟ ‘ਚ ਪੇਸ਼ ਹੀ ਨਹੀਂ ਹੋਏ।