Breaking News
Home / ਪੰਜਾਬ / ਮਿਲੀਭੁਗਤ : ਨਸ਼ੇ ਦੇ ਖਿਲਾਫ਼ ਨੌਜਵਾਨਾਂ ਨੂੰ ਲਾਮਬੰਦ ਕਰਨ ਦੇ ਲਈ ਕਰਵਾਏ ਸੈਮੀਨਾਰ ‘ਚ ਪੁਲਿਸ ਦੀ ਕਿਰਕਿਰੀ, ਲੋਕ ਬੋਲੇ

ਮਿਲੀਭੁਗਤ : ਨਸ਼ੇ ਦੇ ਖਿਲਾਫ਼ ਨੌਜਵਾਨਾਂ ਨੂੰ ਲਾਮਬੰਦ ਕਰਨ ਦੇ ਲਈ ਕਰਵਾਏ ਸੈਮੀਨਾਰ ‘ਚ ਪੁਲਿਸ ਦੀ ਕਿਰਕਿਰੀ, ਲੋਕ ਬੋਲੇ

ਹੌਲਦਾਰ ਵਿਕਵਾਉਂਦਾ ਹੈ ਨਸ਼ਾ, ਸ਼ਿਕਾਇਤ ਕਰੋ ਤਾਂ ਕਰਵਾਉਂਦਾ ਹੈ ਹਮਲਾ
ਡੀਸੀ ਬੋਲੇ… ਸਿਸਟਮ ‘ਚ ਮੌਜੂਦ ਕਾਲੀਆਂ ਭੇਡਾਂ ਦੇ ਖਿਲਾਫ਼ ਚਲਾਈ ਜਾਵੇਗੀ ਮੁਹਿੰਮ
ਮਮਦੋਟ : ਨਸ਼ਾ ਮੁਕਤ ਪੰਜਾਬ ਦੇ ਤਹਿਤ ਕਰਵਾਏ ਗਏ ਸੈਮੀਨਾਰ ‘ਚ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਸੈਮੀਨਾਰ ਦੇ ਦੌਰਾਨ ਪੁਲਿਸ ਅਫ਼ਸਰ ਲੋਕਾਂ ਨੂੰ ਨਸ਼ੇ ਦੇ ਖਿਲਾਫ਼ ਅੱਗੇ ਆਉਣ ਦੇ ਲਈ ਪ੍ਰੇਰਿਤ ਕਰ ਰਹੇ ਸਨ। ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਜੇਕਰ ਕਿਤੇ ਨਸ਼ਾ ਵਿਕਦਾ ਦੇਖੋ ਤਾਂ ਪੁਲਿਸ ਨੂੰ ਖਬਰ ਕਰੋ। ਪੁਲਿਸ ਤੁਰੰਤ ਐਕਸ਼ਨ ਲਵੇਗੀ। ਇਸ ਦੌਰਾਨ ਇਕ ਪਿੰਡ ਵਾਸੀ ਨੇ ਪੁਲਿਸ ਥਾਣੇ ‘ਚ ਤਾਇਨਾਤ ਹੌਲਦਾਰ ‘ਤੇ ਨਸ਼ਾ ਵਿਕਵਾਉਣ ਦਾ ਆਰੋਪ ਲਗਾਇਆ। ਹੌਲਦਾਰ ਦਾ ਨਾਮ ਲੈ ਕੇ ਕਿਹਾ ਕਿ ਜੇਕਰ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਕਰਦੇ ਹਨ ਤਾਂ ਹੌਲਦਾਰ ਨਸ਼ਾ ਤਸਕਰਾਂ ਤੋਂ ਹਮਲਾ ਕਰਵਾ ਦਿੰਦਾ ਹੈ। ਅਜਿਹੇ ‘ਚ ਕੋਈ ਕਿਸ ਤਰ੍ਹਾਂ ਨਸ਼ਾ ਤਸਕਰਾਂ ਦੇ ਖਿਲਾਫ਼ ਆਵਾਜ਼ ਉਠਾਏਗਾ। ਐਸਟੀਐਫ ਦੇ ਆਈਜੀ ਬਲਕਾਰ ਸਿੰਘ, ਡੀਸੀ ਚੰਦਰ ਗੈਂਦ ਅਤੇ ਐਸ ਐਸ ਪੀ ਫਿਰੋਜ਼ਪੁਰ ਨੇ ਮਮਦੋਟ, ਲੱਖੋ ਦੇ ਬਹਿਰਾਮ ਅਤੇ ਗੁਰੂ ਹਰਸਹਾਏ ਦੇ ਲੋਕਾਂ ਨੂੰ ਬੁਲਾ ਕੇ ਬਹਿਰਾਮ ਦੇ ਇਕ ਪੈਲੇਸ ‘ਚ ਸੈਮੀਨਾਰ ਦਾ ਆਯੋਜਨ ਕੀਤਾ ਸੀ। ਪਿੰਡ ਕੜਮਾ, ਦਿਲਾ ਰਾਮ, ਰਾਓ ਕੇ ਹਿਠਾੜ, ਗੁਰੂ ਹਰ ਸਹਾਏ ਤੋਂ ਪਹੁੰਚੇ ਲੋਕਾਂ ਨੇ ਥਾਣਾ ਮਮਦੋਟ ਅਤੇ ਥਾਣਾ ਗੁਰੂ ਹਰ ਸਹਾਏ ਦੇ ਇੰਚਾਰਜਾਂ ‘ਤੇ ਨਸ਼ਾ ਤਸਕਰਾਂ ਦ ਨਾਲ ਸਬੰਧਾਂ ਦੇ ਆਰੋਪ ਲਗਾਏ। ਗੁਰੂ ਹਰ ਸਹਾਏ ਤੋਂ ਆਏ ਵਿਅਕਤੀ ਨੇ ਥਾਣੇ ‘ਚ ਤਾਇਨਾਤ ਇਕ ਹੌਲਦਾਰ ਦਾ ਨਾਂ ਲੈ ਕੇ ਅਧਿਕਾਰੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ ਰੁਪਏ ਲੈ ਕੇ ਸ਼ਰ੍ਹੇਆਮ ਨਸ਼ਾ ਵਿਕਵਾ ਰਿਹਾ ਹੈ। ਜੇਕਰ ਕੋਈ ਉਸ ਦੀ ਸ਼ਿਕਾਇਤ ਕਰਦਾ ਹੈ ਤਾਂ ਉਹ ਉਲਟਾ ਸ਼ਿਕਾਇਤਕਰਤਾ ‘ਤੇ ਹੀ ਮਾਮਲਾ ਦਰਜ ਕਰਵਾ ਦਿੰਦਾ ਹੈ। ਲੋਕਾਂ ਨੇ ਦੱਸਿਆ ਕਿ ਅੱਜ ਕੱਲ੍ਹ ਨਸ਼ਾ ਪਿੰਡਾਂ ਦੇ ਕਰਿਆਨੇ ਦੀਆਂ ਦੁਕਾਨਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ‘ਤੇ ਆਮ ਵਿਕ ਰਿਹਾ ਹੈ। ਇਕ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸ ਦੇ ਤਿੰਨ ਲੜਕੇ ਨਸ਼ੇ ਦੀ ਲਤ ‘ਚ ਲੱਗ ਗਏ ਅਤੇ ਹੁਣ ਨਸ਼ਾ ਕਰਨ ਦੇ ਲਈ ਪੈਸੇ ਨਾ ਮਿਲਣ ਕਰਕੇ ਉਹ ਘਰ ਦਾ ਸਮਾਨ ਵੇਚਣ ਲੱਗ ਪਏ ਹਨ। ਇਕ ਹੋਰ ਨੌਜਵਾਨ ਲੜਕੀ ਨੇ ਦੱਸਿਆ ਕਿ ਨਸ਼ੇ ਦੀ ਆਦਤ ਦੇ ਕਾਰਨ ਉਸ ਦੇ ਭਾਈ ਦੀ ਹਾਲਤ ਇੰਨੀ ਬੁਰੀ ਹੋ ਗਈ ਹੈ ਕਿ ਹੁਣ ਉਸ ਨੂੰ ਆਪਣਾ ਭਰਾ ਕਹਿਣ ਲੱਗੇ ਵੀ ਮੈਨੂੰ ਸ਼ਰਮ ਆਉਂਦੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਪੁਲਿਸ ਸੱਚੇ ਮਨ ਨਾਲ ਨਸ਼ਾ ਖਤਮ ਕਰਨਾ ਚਾਹੇ ਤਾਂ ਉਹ ਵੀ ਪੁਲਿਸ ਦਾ ਸਾਥ ਦੇਣਗੇ। ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਲੱਗਿਆਂ ਉਨ੍ਹਾਂ ਨੂੰ ਵੀ ਡਰ ਲਗਦਾ ਹੈ ਕਿ ਕਿਤੇ ਨਸ਼ਾ ਵੇਚਣ ਵਾਲੇ ਉਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਨਾ ਕਰ ਦੇਣ। ਡੀਸੀ ਨੇ ਕਿਹਾ ਕਿ ਸਿਸਟਮ ‘ਚ ਮੌਜੂਦ ਕਾਲੀਆਂ ਭੇਡਾਂ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਦਿਓ : ਆਈਜੀ
ਸੈਮੀਨਾਰ ‘ਚ ਐਸਟੀਐਫ ਦੇ ਆਈਜੀ ਬੀ.ਐਸ. ਸਿੱਧੂ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਦਾ ਫਰੀ ਇਲਾਜ ਓਟ ਕੇਂਦਰ ‘ਚ ਕਰਵਾਵਾਂਗੇ। ਉਨ੍ਹਾਂ ਦੇ ਖੇਤਰ ‘ਚ ਜੋ ਵੀ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਉਨ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਤੁਰੰਤ ਦਿਓ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਆਈਜੀ ਨੇ ਕਿਹਾ ਕਿ ਲੋਕ ਬੇਖੌਫ ਹੋ ਕੇ ਪੁਲਿਸ ਦਾ ਸਾਥ ਦੇਣ ਤਾਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਐਸਟੀਐਫ ਦਫ਼ਤਰ ਦੇ ਮੋਬਾਇਲ ਨੰਬਰ 79019-59595 ਅਤੇ 79019-39393 ਜਾਰੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੰਬਰਾਂ ‘ਤੇ ਗੁਪਤ ਰੂਪ ‘ਚ ਖਬਰ ਕਰਕੇ ਨਸ਼ਿਆਂ ਦਾ ਖਾਤਮਾ ਕਰੋ।
ਡੀਸੀ ਬੋਲੇ-ਪੁਲਿਸ ਨਾ ਸੁਣੇ ਤਾਂ ਐਸਟੀਐਫ ਨੂੰ ਦੱਸੋ
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਐਸਟੀਐਫ ਹੈਡਕੁਆਰਟਰ ਦੇ ਮੋਬਾਇਲ ਨੰਬਰ ਦੁਹਰਾਉਂਦੇ ਹੋਏ ਕਿਹਾ ਕਿ ਲੋਕਲ ਪੁਲਿਸ ਜੇਕਰ ਸੁਣਵਾਈ ਨਹੀਂ ਕਰਦੀ ਤਾਂ ਬਿਨਾ ਝਿਜਕ ਐਸਟੀਐਫ ਨੂੰ ਫੋਨ ਕਰਕੇ ਨਸ਼ੇ ਦੇ ਖਿਲਾਫ ਸੂਚਨਾ ਦਿਓ। ਐਸਐਸਪੀ ਸੰਦੀਪ ਗੋਇਲ ਨੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦੇ ਪ੍ਰਤੀ ਗੰਭੀਰਤਾ ਦਿਖਾਉਣ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸ਼ਿਕਾਇਤਾਂ ਅਤੇ ਸੁਝਾਅ ਨਾਲ ਸਾਡੇ ਸਿਸਟਮ ਦੀ ਜੋ ਕਮੀਆਂ ਹਨ ਉਹ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।

Check Also

ਨੈਸ਼ਨਲ ਗਰੀਨ ਟਿ੍ਰਬਿਊਨਲ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ

ਜਲਦੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਨੇ ਪੰਜਾਬ ਵਿੱਚ …