ਨਹੀਂ ਬਚਿਆ ‘ਫਤਹਿ’ਲੋਕਾਂ ‘ਚ ਗੁੱਸਾ
ਚੰਡੀਗੜ੍ਹ ਤੋਂ ਸੰਗਰੂਰ ਤੱਕ ਗੁੱਸਾ
ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਜਾਮ, ਸੁਨਾਮ ਰਿਹਾ ਬੰਦ
ਭੀੜ ਜਮ੍ਹਾਂ ਨਾ ਹੋਵੇ ਇਸ ਲਈ ਪ੍ਰਸ਼ਾਸਨ ਨੇ ਸਸਕਾਰ ਦਾ ਸਮਾਂ ਦੱਸਿਆ ਸ਼ਾਮ 3.00 ਵਜੇ ਅਤੇ ਪਹਿਲਾਂ ਹੀ ਕਰਾ ਦਿੱਤਾ ਸਸਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਭਗਵਾਨਪੁਰਾ ਦਾ 2 ਸਾਲ ਦਾ ਫਤਹਿਵੀਰ ਬੋਰਵੈਲ ਵਿਚ ਹੀ ਜ਼ਿੰਦਗੀ ਦੀ ਜੰਗ ਹਾਰ ਗਿਆ। ਮੰਗਲਵਾਰ ਸਵੇਰੇ ਕਰੀਬ 5.30 ਵਜੇ ਯਾਨੀ ਛੇਵੇਂ ਦਿਨ ਬੱਚੇ ਨੂੰ ਬਾਹਰ ਕੱਢਿਆ ਗਿਆ। ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦੇ ਹਵਾਲੇ ਨਾਲ ਜਿਵੇਂ ਹੀ ਫਤਹਿਵੀਰ ਦੀ ਮੌਤ ਦੀ ਖਬਰ ਬਾਹਰ ਆਈ, ਚੰਡੀਗੜ੍ਹ ਤੋਂ ਲੈ ਕੇ ਸੰਗਰੂਰ ਤੱਕ ਲੋਕਾਂ ਵਿਚ ਗੁੱਸਾ ਦੀ ਲਹਿਰ ਫੈਲ ਗਈ। ਚੰਡੀਗੜ੍ਹ ਪੀਜੀਆਈ ਵਿਚ ਰਾਜਨੀਤਕ ਆਗੂਆਂ ਦੇ ਪਹੁੰਚਣ ਨਾਲ ਲੋਕ ਭੜਕ ਗਏ ਅਤੇ ਉਨ੍ਹਾਂ ਸਿਆਸਤ ਚਮਕਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਰੋਸ ਪ੍ਰਗਟ ਕੀਤਾ।
ਉਧਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਭੜਕੇ ਲੋਕ ਪਿੰਡ ਬਡਰੁੱਖਾਂ ਵਿਚ ਨੈਸ਼ਨਲ ਹਾਈਵੇਅ ‘ਤੇ ਆਵਜਾਈ ਰੋਕ ਕੇ ਧਰਨੇ ‘ਤੇ ਬੈਠ ਗਏ। ਇਸ ਨਾਲ ਚਾਰ ਮਾਰਗੀ ਹਾਈਵੇਅ ‘ਤੇ ਦੂਰ-ਦੂਰ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪੁਲਿਸ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਟ੍ਰੈਫਿਕ ਨੂੰ ਕੰਟਰੋਲ ਕੀਤਾ। ਇਸ ਤੋਂ ਇਲਾਵਾ ਮੰਗਲਵਾਰ ਨੂੰ ਸੁਨਾਮ ਬੰਦ ਰਿਹਾ, ਜਦਕਿ ਬੁੱਧਵਾਰ ਨੂੰ ਸੰਗਰੂਰ ਬੰਦ ਰੱਖਿਆ ਗਿਆ। ਧਰਨੇ ਦੌਰਾਨ ਭਾਜਪਾ ਆਗੂ ਰਣਦੀਪ ਸਿੰਘ ਦਿਓਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਵਿੰਦਰ ਸਿੰਘ, ਨਿਰੰਜਨ ਸਿੰਘ, ਗੁਰਦੀਪ ਸਿੰਘ ਸੰਧੂ, ਦੀਪ ਬਡਰੁੱਖਾਂ, ਰੋਮੀ ਸਿੱਧੂ ਅਤੇ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 6 ਦਿਨਾਂ ਤੋਂ ਪੀੜਤ ਪਰਿਵਾਰ ਅਤੇ ਸਮੂਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਰੱਖਿਆ ਗਿਆ ਅਤੇ ਕਹਿੰਦੇ ਰਹੇ ਕਿ ਕੁਝ ਹੀ ਸਮੇਂ ਬਾਅਦ ਫਤਹਿਵੀਰ ਨੂੰ ਬੋਰਵੈਲ ਵਿਚੋਂ ਬਾਹਰ ਕੱਢ ਲਿਆ ਜਾਵੇਗਾ। ਜਦਕਿ ਬਿਨਾ ਕਿਸੇ ਤਕਨੀਕ ਅਤੇ ਸਿਸਟਮ ਨਾਲ ਪ੍ਰਸ਼ਾਸਨ ਲਗਾਤਾਰ ਯਤਨ ਕਰਦਾ ਰਿਹਾ। ਉਨ੍ਹਾਂ ਨੇ ਕਿਹਾ ਕਿ ਬੋਰਵੈਲ ਵਿਚ ਫਤਹਿਵੀਰ ਮੌਤ ਦੇ ਖਿਲਾਫ ਜੰਗ ਲੜਦਾ ਰਿਹਾ, ਪਰੰਤੂ ਸਰਕਾਰੀ ਤੰਤਰ ਦੀ ਲਾਪਰਵਾਹੀ ਨਾਲ ਸਮਾ ਬਿਤਾਉਂਦਾ ਰਿਹਾ, ਜਿਸ ਕਾਰਨ ਫਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਦੌਰਾਨ ਲੋਕਾਂ ਵਲੋਂ ਫਤਹਿਵੀਰ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਕਰਵਾਉਣ ਦਾ ਫੈਸਲਾ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਨਿਰੰਜਨ ਸਿੰਘ ਨੇ ਦੱਸਿਆ ਕਿ 19 ਜੂਨ ਨੂੰ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ।
ਸਸਕਾਰ ਵਿਚ ਦਿਖਾਈ ਜਲਦਬਾਜ਼ੀ
ਸਸਕਾਰ ਵਿਚ ਪਹੁੰਚੇ ਲੋਕਾਂ ਦਾ ਆਰੋਪ ਹੈ ਕਿ ਪ੍ਰਸ਼ਾਸਨ ਨੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸਸਕਾਰ ਦਾ ਸਮਾਂ 3.00 ਵਜੇ ਦੱਸਿਆ ਸੀ। ਪਰ ਸਸਕਾਰ ਪਹਿਲਾਂ ਹੀ ਕਰ ਦਿੱਤਾ ਗਿਆ ਤਾਂ ਕਿ ਜ਼ਿਆਦਾ ਗਿਣਤੀ ਵਿਚ ਲੋਕ ਇਕੱਠੇ ਨਾ ਹੋ ਸਕਣ।
ਪਿੰਡਾਂ ਦੇ ਲੋਕਾਂ ਦਾ ਆਰੋਪ ਹੈ ਕਿ ਸਰਕਾਰ ਨੇ ਸੋਮਵਾਰ ਰਾਤ ਨੂੰ ਚੌਪਰ ਮੰਗਵਾ ਲਿਆ ਸੀ, ਪ੍ਰੰਤੂ ਫਤਹਿਵੀਰ ਨੂੰ ਐਂਬੂਲੈਂਸ ਵਿਚ ਪੀਜੀਆਈ ਲਿਜਾਉਣਾ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਹੀ ਹਿੱਸਾ ਹੈ। ਅਜਿਹੀ ਹੀ ਲਾਪਰਵਾਹੀ ਦੇ ਕਾਰਨ ਫਤਹਿਵੀਰ ਅੱਜ ਸਾਡੇ ਵਿਚਕਾਰ ਨਹੀਂ ਹੈ।
ਫਤਹਿਵੀਰ ਨੂੰ ਨਾ ਬਚਾ ਸਕਣ ਲਈ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਮੰਗੀ ਮੁਆਫੀ
ਐਨ.ਡੀ.ਆਰ.ਐਫ. ਨੇ ਸਫਾਈ ਦਿੰਦਿਆਂ ਕਿਹਾ – ਅਸੀਂ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ, ਪਰ ਸਫਲ ਨਹੀਂ ਹੋਏ
ਸੰਗਰੂਰ/ਬਿਊਰੋ ਨਿਊਜ਼ : ਫਤਿਹਵੀਰ ਸਿੰਘ ਨੂੰ ਨਾ ਬਚਾਏ ਜਾ ਸਕਣ ਕਰਕੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ. ਐਸ.ਪੀ. ਨੇ ਆਪਣੀ ਗ਼ਲਤੀ ਮੰਨਦਿਆਂ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਛੇ ਦਿਨ ਪਹਿਲਾਂ ਦੋ ਸਾਲ ਦਾ ਫ਼ਤਹਿਵੀਰ ਸਿੰਘ ਬੋਰਵੈੱਲ ਵਿਚ ਡਿੱਗ ਗਿਆ ਸੀ ਜਿਸ ਨੂੰ ਬਚਾਉਣ ਲਈ ਲਗਾਤਾਰ ਰੈਸਕਿਊ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ । ਂਿੲਸ ਦੇ ਬਾਵਜੂਦ ਕੁਝ ਕਮੀਆਂ ਕਾਰਨ ਫ਼ਤਹਿਵੀਰ ਨੂੰ ਜ਼ਿੰਦਾ ਬਾਹਰ ਨਾ ਕੱਢਿਆ ਜਾ ਸਕਿਆ। ਉਧਰ ਦੂਜੇ ਪਾਸੇ ਬਚਾਅ ਕਾਰਜਾਂ ਵਿਚ ਲੱਗੀ ਐਨ.ਡੀ.ਆਰ.ਐਫ. ਦੀ ਕਾਰਗੁਜ਼ਾਰੀ ‘ਤੇ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਦੀ ਢਿੱਲੀ ਕਾਰਵਾਈ ਤੇ ਗਲਤ ਤਕਨੀਕ ਕਰਕੇ ਇਹ ਘਟਨਾ ਵਾਪਰੀ ਹੈ। ਇਸ ਸਬੰਧੀ ਐਨ.ਡੀ.ਆਰ.ਐਫ. ਦੇ ਡੀ.ਆਈ.ਜੀ.ਰਣਦੀਪ ਰਾਣਾ ਨੇ ਕਿਹਾ ਕਿ ਜੋ ਵੀ ਆਧੁਨਿਕ ਤਕਨੀਕ ਸੀ, ਉਸ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕ੍ਰੈਡਿਟ ਲੈਣਾ ਨਹੀਂ ਸੀ ਬਲਕਿ ਬੱਚੇ ਨੂੰ ਬਚਾਉਣਾ ਸੀ, ਪਰ ਅਸੀਂ ਸਫਲ ਨਹੀਂ ਹੋ ਸਕੇ।
ਖੁੱਲ੍ਹੇ ਪਏ ਬੋਰਵੈਲਾਂ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਪੱਤਰ
ਖੁੱਲ੍ਹੇ ਬੋਰਵੈੱਲਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਤੁਰੰਤ ਬੰਦ ਕਰਨ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਪੱਤਰ ਜਾਰੀ ਕੀਤਾ ਗਿਆ ਹੈ। ਇਹ ਪ੍ਰਗਟਾਵਾ ਮਿਸ਼ਨ ਦੇ ਡਾਇਰੈਕਟਰ ਕੇ.ਐਸ. ਪੰਨੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਖੁੱਲ੍ਹੇ ਪਏ ਬੋਰਵੈੱਲ ਮਨੁੱਖੀ ਸੁਰੱਖਿਆ ਅਤੇ ਖਾਸ ਤੌਰ ‘ਤੇ ਬੱਚਿਆਂ ਦੀ ਸੁਰੱਖਿਆ ਦੇ ਨਾਲ-ਨਾਲ ਭੂਮੀਗਤ ਪਾਣੀ ਨੂੰ ਵੀ ਗੰਦਾ ਕਰਨ ਕਰਕੇ ਚਿੰਤਾ ਦਾ ਮੁੱਖ ਵਿਸ਼ਾ ਹੈ। ਦੱਸਿਆ ਗਿਆ ਕਿ ਇਕ ਮਹੀਨੇ ਦੀ ਮਿਆਦ ਪਿੱਛੋਂ ਮਿਸ਼ਨ ਤੰਦਰੁਸਤ ਪੰਜਾਬ ਇਕ ਇਸ਼ਤਿਹਾਰ ਦੇਵੇਗਾ ਜਿਸ ਵਿੱਚ ਆਮ ਜਨਤਾ ਨੂੰ ਖੁੱਲ੍ਹੇ ਪਏ ਬੋਰਵੈੱਲਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਜਾਵੇਗਾ, ਜੋ ਅਜੇ ਤੱਕ ਬੰਦ ਨਹੀਂ ਕੀਤੇ ਗਏ ਹਨ। ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 5,000 /-ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਫਤਹਿਵੀਰ’ਤੇ ਸਿਆਸਤ …
ੲ ਫਤਹਿਵੀਰ ਦੀ ਮੌਤ ਦੀ ਖਬਰ ਸੁਣ ਕੇ ਕਾਫੀ ਦੁੱਖ ਹੋਇਆ। ਉਹ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਵੇ। ਉਨ੍ਹਾਂ ਨੇ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਖੁੱਲ੍ਹੇ ਬੋਰਵੈਲਾਂ ਦੀ ਰਿਪੋਰਟ ਮੰਗੀ ਹੈ, ਤਾਂਕਿ ਭਵਿੱਖ ਵਿਚ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ
ੲ ਫਤਹਿਵੀਰ ਦੀ ਮੌਤ ਸਾਰਿਆਂ ਲਈ ਇਕ ਦੁਖਦ ਦਿਨ ਹੈ। ਉਹ ਉਸਦੇ ਮਾਤਾ-ਪਿਤਾ ਦੇ ਨਾਲ ਇਸ ਦੁੱਖ ਦੀ ਘੜੀ ਵਿਚ ਖੜ੍ਹੇ ਹਨ ਅਤੇ ਫਤਹਿਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ। ਅਜਿਹੇ ਹਾਦਸੇ ਨਾ ਹੋਣ, ਇਸਦਾ ਪੂਰਾ ਇੰਤਜ਼ਾਮ ਕੀਤਾ ਜਾਵੇਗਾ।
ਵਿਜੇਇੰਦਰ ਸਿੰਗਲਾ, ਕੈਬਨਿਟ ਮੰਤਰੀ ਪੰਜਾਬ
ੲ ਪੀਜੀਆਈ ਦੇ ਫੋਰੈਂਸਿਕ ਮਾਹਿਰਾਂ ਦੇ ਬੋਰਡ ਨੂੰ ਵੀਡੀਓਗਰਾਫੀ ਨਾਲ ਪੋਸਟ ਮਾਰਟਮ ਕਰਨਾ ਚਾਹੀਦਾ ਸੀ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਫਤਹਿਵੀਰ ਦੀ ਮੌਤ ਦਾ ਸਹੀ ਸਮੇਂ ਅਤੇ ਸਹੀ ਦਿਨ ਦਾ ਪਤਾ ਲੱਗ ਸਕਦਾ। ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਨੇਤਾ
ੲ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ 125 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੇ ਦੋ ਸਾਲਾ ਫਤਹਿਵੀਰ ਦੀ ਮੌਤ ਦੁੱਖਦਾਈ ਹੈ। ਅੱਜ ਹਰ ਕੋਈ ਦੁਖੀ ਹੈ। ਉਹ ਉਸਦੇ ਮਾਤਾ-ਪਿਤਾ ਨਾਲ ਇਸ ਦੁੱਖ ਦੀ ਘੜੀ ਵਿਚ ਖੜ੍ਹੀ ਹੈ ਅਤੇ ਫਤਹਿਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ।
ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ
ੲ ਛੇ ਦਿਨਾਂ ਤੱਕ ਦੋ ਸਾਲ ਦਾ ਬੱਚਾ ਬੋਰਵੈਲ ਵਿਚ ਫਸਿਆ ਰਿਹਾ। ਕੈਪਟਨ ਸਰਕਾਰ-ਜ਼ਿਲ੍ਹਾ ਪ੍ਰਸ਼ਾਸਨ ਬਿਲਕੁਲ ਗੰਭੀਰ ਨਜ਼ਰ ਨਹੀਂ ਆਇਆ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਲਾਪਰਵਾਹੀ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਖਿਲਾਫ ਕਾਰਵਾਈ ਹੋਵੇ। ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ
ੲ ਜਿਸ ਤਰ੍ਹਾਂ ਦੀ ਗੰਭੀਰਤਾ ਦਿਖਾਉਣੀ ਚਾਹੀਦੀ ਸੀ, ਉਹ ਨਹੀਂ ਦਿਖਾ ਸਕੇ। ਕੈਪਟਨ ਨੂੰ ਸਮਝਾਉਣਾ ਚਾਹੀਦਾ ਕਿ ਉਹ ਪਟਿਆਲਾ ਦੇ ਨਹੀਂ ਪੂਰੇ ਪੰਜਾਬ ਦੇ ਸੀਐਮ ਹਨ। ਸਮੇਂ ‘ਤੇ ਠੀਕ ਫੈਸਲੇ ਨਾ ਲਏ ਜਾਣ ਕਰਕੇ ਮਾਸੂਮ ਬੱਚੇ ਦੀ ਜਾਨ ਚਲੀ ਗਈ।
ਸ਼ਵੇਤ ਮਲਿਕ, ਪੰਜਾਬ ਭਾਜਪਾ ਪ੍ਰਧਾਨ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਫਤਹਿਵੀਰ
ਸੰਗਰੂਰ/ਬਿਊਰੋ ਨਿਊਜ਼ : ਫ਼ਤਹਿਵੀਰ ਦੀ ਮੌਤ ਨਾਲ ਪੰਜਾਬ ਭਰ ਵਿਚ ਸੋਗ ਦੀ ਲਹਿਰ ਹੈ। ਫ਼ਤਹਿਵੀਰ ਦੀ ਸਲਾਮਤੀ ਲਈ ਪਿਛਲੇ ਦਿਨਾਂ ਤੋਂ ਦੁਆਵਾਂ ਕਰ ਰਹੇ ਹਰ ਇਨਸਾਨ ਦਾ ਦਿਲ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਰੋ ਪਿਆ ਅਤੇ ਹਰ ਮਾਂ ਦੀ ਅੱਖ ਵਿਚੋਂ ਹੰਝੂ ਵਗ ਤੁਰੇ। ਸੋਸ਼ਲ ਮੀਡੀਆ ‘ਤੇ ਫ਼ਤਹਿਵੀਰ ਦੇ ਵਿਛੋੜੇ ਦਾ ਦਰਦ ਸਾਫ਼ ਝਲਕ ਰਿਹਾ ਹੈ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਪੁੱਤਰਾਂ ਦੇ ਵਿਛੋੜੇ ਦੇ ਦਰਦ ਭਰੇ ਗੀਤ ਸੋਸ਼ਲ ਮੀਡੀਆ ‘ਤੇ ਹਰ ਦਿਲ ਨੂੰ ਪਸੀਜ ਰਹੇ ਹਨ। ਕੋਈ ਆਖ ਰਿਹਾ ਹੈ, ”ਮੁਆਫ਼ ਕਰੀਂ ਫ਼ਤਹਿਵੀਰ ਸਿਆਂ, ਤੇਰੇ ਨਾਲ ਖੂਨ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ, ਪਰ ਅੱਜ ਦਿਲ ਰੋਂਦਾ ਹੈ ਤੈਨੂੰ ਅਲਵਿਦਾ ਆਖਣ ਲੱਗਿਆਂ’, ਲੱਖ ਲਾਹਨਤਾਂ ਉਸ ਸਿਸਟਮ ‘ਤੇ ਜੋ ਤੇਰੇ ਕੰਮ ਨਾ ਆ ਸਕਿਆ।”ਫ਼ਤਹਿਵੀਰ ਦੀ ਪੰਜਾਬ ਅਤੇ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨਾਲ ਜਜ਼ਬਾਤੀ ਸਾਂਝ ਜੁੜ ਗਈ ਸੀ, ਜਿਸ ਦੀ ਸਲਾਮਤੀ ਲਈ ਹਰ ਕੋਈ ਦੁਆਵਾਂ ਕਰ ਰਿਹਾ ਸੀ ਪਰ ਇਹ ਦੁਆਵਾਂ ਪ੍ਰਵਾਨ ਨਾ ਚੜ੍ਹੀਆਂ ਤੇ ਫ਼ਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਫ਼ਤਹਿਵੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਆਪਣੇ ਮਾਪਿਆਂ ਦੇ ਘਰ ਵਿਆਹ ਤੋਂ ਛੇ ਸਾਲਾਂ ਬਾਅਦ ਪੈਦਾ ਹੋਇਆ ਸੀ। ਲੰਘੀ 10 ਜੂਨ ਨੂੰ ਫ਼ਤਹਿਵੀਰ ਦਾ ਦੂਜਾ ਜਨਮ ਦਿਨ ਸੀ ਤੇ ਪਰਿਵਾਰ ਨੇ ਉਸ ਦੇ ਜਨਮ ਦਿਨ ਦੀਆਂ ਖ਼ੁਸ਼ੀਆਂ ਮਨਾਉਣੀਆਂ ਸਨ ਪਰ ਪਰਿਵਾਰ ਨੂੰ ਉਸ ਦਾ ਜਨਮ ਦਿਨ ਮਨਾਉਣ ਦਾ ਮੌਕਾ ਨਸੀਬ ਨਹੀਂ ਹੋਇਆ।
ਬੱਚੇ ਨੂੰ ਬੋਰਵੈਲ ‘ਚੋਂ ਬਾਹਰ ਕੱਢਣ ਵਾਲੇ ਨੌਜਵਾਨ ਦਾ ਦਾਅਵਾ
ਮੈਂ 7 ਜੂਨ ਨੂੰ ਹੀ ਫਤਹਿਵੀਰ ਨੂੰ ਬਾਹਰ ਕੱਢਣ ਲਈ ਕਿਹਾ ਸੀ, ਪਰ ਕਿਸੇ ਨੇ ਮੇਰੀ ਨਹੀਂ ਸੁਣੀ
ਸੁਨਾਮ : ਪਿੰਡ ਮੰਗਵਾਲ ਦੇ ਗੁਰਿੰਦਰ ਸਿੰਘ ਗਿੰਦੀ ਦੀ ਫਤਹਿਵੀਰ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਵਿਚ ਅਹਿਮ ਭੂਮਿਕਾ ਰਹੀ ਹੈ। 35 ਸਾਲਾ ਗੁਰਿੰਦਰ ਨੇ ਦੱਸਿਆ ਕਿ ਉਹ 1998 ਤੋਂ ਸਬਮਰਸੀਬਲ ਮੋਟਰਾਂ ਦਾ ਕੰਮ ਕਰ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ 7 ਜੂਨ ਦੀ ਸਵੇਰੇ ਹੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਇਹ ਕੰਮ ਦੋ ਘੰਟਿਆਂ ਵਿਚ ਕਰ ਸਕਦਾ ਹੈ, ਪਰੰਤੂ ਮੇਰੀ ਗੱਲ ਨੂੰ ਅਣਗੌਲਿਆ ਕਰ ਦਿੱਤਾ ਗਿਆ। ਗੰਦੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਨਵੇਂ ਬੋਰ ਦੀ ਖੁਦਾਈ ਕਰਨ ਵਿਚ ਲੱਗਾ ਰਿਹਾ ਅਤੇ ਨਾਲ ਹੀ ਸੀਸੀ ਟੀਵੀ ਫੁਟੇਜ ‘ਤੇ ਵੀ ਨਜ਼ਰ ਰੱਖੀ। ਉਸ ਨੇ ਦੇਖਿਆ ਕਿ ਤੇਜ਼ੀ ਨਾਲ ਹੇਠਾਂ ਡਿੱਗਣ ਕਰਕੇ ਬੱਚੇ ਦੇ ਕੱਪੜੇ ਅਤੇ ਬੋਰੀ ਘੁੰਮਣ ਕਾਰਨ ਗੱਠ ਬਣ ਚੁੱਕੀ ਸੀ। ਮੇਰੇ ਦਿਮਾਗ ਵਿਚ ਸੀ ਕਿ ਬੱਚੇ ਨੂੰ ਬਾਹਰ ਕੱਢਣ ਤੋਂ ਪਹਿਲਾਂ ਗੱਠ ਖੋਲ੍ਹਣਾ ਜ਼ਰੂਰੀ ਸੀ। 10 ਜੂਨ ਦੀ ਰਾਤ ਨੂੰ ਜਦ 2.30 ਵਜੇ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ ਤਦ ਡੀਸੀ ਸੰਗਰੂਰ ਦੇ ਗਨਮੈਨ ਨੇ ਉਸਦੇ ਬਾਰੇ ਵਿਚ ਦੱਸਿਆ ਕਿ ਉਹ ਪਿਛਲੇ ਹਫਤੇ ਡੀਸੀ ਸਾਹਿਬ ਦੀ ਕੋਠੀ ਵਿਚ ਫਸੀ ਮੋਟਰ ਕੱਢ ਕੇ ਗਿਆ ਸੀ। ਉਸ ਨੇ ਫਿਰ ਅਧਿਕਾਰੀਆਂ ਅਤੇ ਮੰਤਰੀ ਗੱਲਬਾਤ ਕੀਤੀ। ਇਸ ਤੋਂ ਬਾਅਦ ਸਾਢੇ ਚਾਰ ਫੁੱਟ ਦੀ ਲੋਹੇ ਦੀ ਰਾਡ ਦੇ ਅੱਗੇ ਇਕ ਪੱਤੀ ਲਗਾਈ। ਮੋਟਰ ਦੇ ਉਪਰ ਕੱਸਣ ਵਾਲੀ ਪਾਈਪ ਪਹਿਲਾਂ ਤੋਂ ਹੀ ਇੱਥੇ ਸੀ। ਲਗਭਗ 2.45 ਵਜੇ ਉਹੀ ਔਜ਼ਾਰ ਬਣਵਾਇਆ ਗਿਆ। ਲਗਭਗ 4 ਵਜੇ ਇਸ ਔਜ਼ਾਰ ਦੇ ਜ਼ਰੀਏ ਬੋਰਵੈਲ ਵਿਚ ਉਸ ਨੇ ਪਹਿਲਾ ਟ੍ਰਾਇਲ ਕੀਤਾ ਤਾਂ ਬੱਚੇ ਨਾਲ ਲਿਪਟੀ ਬੋਰੀ ਦਾ ਕੁਝ ਹਿੱਸਾ ਹਾਸਲ ਹੋਇਆ। 4.15 ਵਜੇ ਉਸ ਨੇ ਫਿਰ ਟ੍ਰਾਇਲ ਕੀਤਾ ਤਾਂ ਪੂਰੀ ਬੋਰੀ ਅਤੇ ਰਸੀ ਨਿਕਲ ਆਈ। ਬੋਰੀ ਵਿਚੋਂ ਏਨੀ ਬਦਬੂ ਆ ਰਹੀ ਸੀ ਜੋ ਸਪੱਸ਼ਟ ਕਰ ਰਹੀ ਸੀ ਕਿ ਫਤਹਿਵੀਰ ਹੁਣ ਨਹੀਂ ਰਿਹਾ। ਉਸ ਨੇ ਦੱਸਿਆ ਕਿ ਇਸ ਦੌਰਾਨ ਬੱਚਾ ਤਿੰਨ ਇੰਚ ਹੋਰ ਹੇਠਾਂ ਚਲਾ ਗਿਆ। ਇਸ ਤੋਂ ਬਾਅਦ ਬੋਰਵੈਲ ਦੇ ਨਾਲ ਐਨ.ਡੀ.ਆਰ.ਐਫ. ਅਤੇ ਪੁਲਿਸ ਦੀ ਮੱਦਦ ਨਾਲ ਇਕ ਘੇਰਾ ਬਣਾਇਆ ਗਿਆ, ਪੁਰਾਣੇ ਬੋਰਵੈਲ ਦੇ ਉਪਰੋਂ ਬੱਚੇ ਨੂੰ ਬਾਹਰ ਖਿੱਚਿਆ ਗਿਆ।
ਫ਼ਤਹਿਵੀਰ ਦੀ ਮੌਤ ਦਾ ਮਾਮਲਾ ਹਾਈਕੋਰਟ ਪਹੁੰਚਿਆ
17 ਜੂਨ ਨੂੰ ਹੋਵੇਗੀ ਸੁਣਵਾਈ
ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈੱਲ ਵਿਚ ਡਿੱਗੇ ਦੋ ਸਾਲਾ ਬੱਚੇ ਫ਼ਤਹਿਵੀਰ ਸਿੰਘ ਦੀ ਮੌਤ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਗਿਆ ਹੈ। ਇਕ ਵਕੀਲ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ‘ਤੇ ਹਾਈਕੋਰਟ ਦਾ ਵਕੇਸ਼ਨ ਬੈਂਚ 17 ਜੂਨ ਨੂੰ ਸੁਣਵਾਈ ਕਰੇਗਾ। ਪਟੀਸ਼ਨ ਸੰਗਰੂਰ ਨਾਲ ਸਬੰਧਤ ਤੇ ਹਾਈ ਕੋਰਟ ਵਿਚ ਪ੍ਰੈਕਟਿਸ ਕਰ ਰਹੇ ਐਡਵੋਕੇਟ ਪਰਮਿੰਦਰ ਸਿੰਘ ਸੇਖੋਂ ਨੇ ਦਾਖ਼ਲ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਫ਼ਤਹਿਵੀਰ ਨੂੰ ਬਚਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਕਾਮ ਰਿਹਾ ਹੈ ਅਤੇ ਬਚਾਅ ਕਾਰਜ ਸਹੀ ਢੰਗ ਨਾਲ ਨਹੀਂ ਕੀਤੇ ਗਏ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਬੱਚੇ ਨੂੰ ਬੋਰਵੈੱਲ ਵਿਚੋਂ ਕੱਢਣ ਲਈ ਛੇ ਦਿਨ ਚੱਲੇ ਬਚਾਅ ਕਾਰਜ ਬਾਰੇ ਸਮੁੱਚੀ ਰਿਪੋਰਟ ਪੰਜਾਬ ਸਰਕਾਰ ਤੋਂ ਤਲਬ ਕੀਤੀ ਜਾਵੇ। ਇਹ ਜਾਣਕਾਰੀ ਵੀ ਮੰਗੀ ਜਾਵੇ ਕਿ ਇਸ ਸਭ ਦਾ ਇੰਚਾਰਜ ਕੌਣ ਸੀ, ਐਨਡੀਆਰਐਫ਼ ਟੀਮ ਦੀ ਜ਼ਿੰਮੇਵਾਰੀ ਬਾਰੇ ਵੀ ਰਿਪੋਰਟ ਲਈ ਜਾਵੇ। ਅਜਿਹੀਆਂ ਘਟਨਾਵਾਂ ਰੋਕਣ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਕੋਈ ਵਿਸ਼ੇਸ਼ ਪਾਲਿਸੀ ਬਣਾਈ ਜਾਵੇ ਜੋ ਕਿ ਕਾਰਗਰ ਹੋਵੇ। ਮਾਮਲੇ ਦੀ ਜਾਂਚ ਕਰਵਾਉਣ ਦਾ ਹੁਕਮ ਦੇਣ ਦੇ ਨਾਲ-ਨਾਲ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਪਟੀਸ਼ਨ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਸ ਵਿਚ ਕੇਂਦਰੀ ਗ੍ਰਹਿ ਵਿਭਾਗ, ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਸੰਗਰੂਰ, ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਅਤੇ ਐੱਸਡੀਐਮ ਸੁਨਾਮ ਨੂੰ ਵੀ ਧਿਰ ਬਣਾਇਆ ਗਿਆ ਹੈ।
ਇਸੇ ਕੜੀ ਤਹਿਤ ਸੰਗਰੂਰ ਦੇ ਵਕੀਲਾਂ ਨੇ ਵੀ ਫ਼ਤਹਿਵੀਰ ਦੇ ਪਰਿਵਾਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕਰਨ ਦਾ ਫ਼ੈਸਲਾ ਲਿਆ ਹੈ। ਐਡਵੋਕੇਟ ਦਲਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੁੰਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਕੇਸ ਦਾਇਰ ਕੀਤਾ ਜਾਵੇਗਾ। ਇਸ ਸਬੰਧੀ ਪੰਜ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ ਤੇ ਬੱਚੇ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਸਮਾਜ ਸੇਵੀ ਸੰਸਥਾ ਸਾਇੰਟਿਫ਼ਿਕ ਅਵੇਅਰਨੈੱਸ ਐਂਡ ਸੋਸ਼ਲ ਵੈਲਫ਼ੇਅਰ ਫੋਰਮ ਨੇ ਪੰਜਾਬ ਸਰਕਾਰ ਤੋਂ ਬੋਰਵੈੱਲ ਵਿਚ ਬੱਚਾ ਡਿੱਗਣ ਦੀ ਘਟਨਾ ਵਾਪਰਨ ‘ਤੇ ਬੋਰਵੈੱਲ ਮਾਲਕ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਬਚਾਅ ਕਾਰਜਾਂ ਦਾ ਸਾਰਾ ਖ਼ਰਚ ਵੀ ਮਾਲਕ ਤੋਂ ਵਸੂਲ ਕਰਨ ਦੀ ਮੰਗ ਕੀਤੀ ਗਈ ਹੈ।
ਸ਼ਨੀਵਾਰ ਨੂੰ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ
ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ ਫ਼ਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਪੀਜੀਆਈ ਵਿਚ ਵੀ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਉੱਥੇ ਮੌਜੂਦ ਕੁਝ ਪ੍ਰਦਰਸ਼ਨਕਾਰੀ ਬਚਾਅ ਕਾਰਜਾਂ ਵਿਚ ‘ਦੇਰੀ’ ਦੀ ਨਿਖੇਧੀ ਕਰ ਰਹੇ ਸਨ। ਫ਼ਤਹਿਵੀਰ ਦਾ ਪੋਸਟਮਾਰਟਮ ਫੋਰੈਂਸਿਕ ਮੈਡੀਸਿਨ ਵਿਭਾਗ ਦੇ ਡਾ. ਵਾਈ.ਐੱਸ ਬਾਂਸਲ ਤੇ ਡਾ. ਸੇਂਥਿਲ ਕੁਮਾਰ ਨੇ ਕੀਤਾ। ਬੱਚੇ ਨੂੰ ਸਵੇਰੇ ਕਰੀਬ ਸਾਢੇ ਸੱਤ ਵਜੇ ਪੀਜੀਆਈ ਲਿਆਂਦਾ ਗਿਆ ਸੀ। ਉਸ ਵੇਲੇ ਨਾ ਤਾਂ ਉਸ ਦੀ ਨਬਜ਼ ਚੱਲ ਰਹੀ ਸੀ, ਨਾ ਉਹ ਸਾਹ ਲੈ ਰਿਹਾ ਸੀ ਤੇ ਨਾ ਹੀ ਦਿਲ ਧੜਕ ਰਿਹਾ ਸੀ। ਪੀਜੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਡਾਕਟਰਾਂ ਦਾ ਕਹਿਣਾ ਸੀ ਕਿ ਫਤਹਿਵੀਰ ਦੀ ਮੌਤ ਉਸ ਨੂੰ ਬਾਹਰ ਕੱਢੇ ਜਾਣ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਹੋ ਗਈ ਸੀ। ਮਤਲਬ ਸ਼ਨੀਵਾਰ ਦਿਨੇਂ ਜਾਂ ਦੇਰ ਰਾਤ ਤੱਕ ਉਸ ਨੇ ਦਮ ਤੋੜ ਦਿੱਤਾ ਸੀ। ਮੌਤ ਦਾ ਮੁੱਖ ਕਾਰਨ ਵੀ ਸਾਹ ਘੁਟਣਾ ਦੱਸਿਆ ਜਾ ਰਿਹਾ ਹੈ। ਫਤਹਿਵੀਰ ਦੇ ਮੂੰਹ ਵਿਚੋਂ ਰੇਤ ਅਤੇ ਬੋਰੀ ਦੇ ਟੁਕੜੇ ਮਿਲੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਉਹ ਰੇਤ ਵਿਚ ਫਸਿਆ ਸੀ ਤੇ ਉਸ ਨੂੰ ਪੂਰੀ ਆਕਸੀਜਨ ਵੀ ਨਹੀਂ ਮਿਲ ਸਕੀ। ਜਦੋਂ ਉਸ ਨੂੰ ਪੀਜੀਆਈ ਲੈ ਕੇ ਪਹੁੰਚੇ ਤਦ ਉਸ ਦੇ ਸਰੀਰ ਵਿਚੋਂ ਮੁਸ਼ਕ ਆ ਰਹੀ ਸੀ ਤੇ ਸਰੀਰ ਗਲ਼ਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਸਪੱਸ਼ਟ ਸੀ ਕਿ ਮੌਤ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ। ਇਸ ਦੇ ਬਾਵਜੂਦ ਇਹ ਵੀ ਸਵਾਲ ਉਠਦੇ ਰਹੇ ਕਿ ਜਦੋਂ ਉਥੇ ਚਾਪਰ (ਛੋਟਾ ਹੈਲੀਕਾਪਟਰ) ਮੌਜੂਦ ਸੀ ਫਿਰ ਉਸ ਨੂੰ ਭਗਵਾਨਪੁਰ ਤੋਂ ਪੀਜੀਆਈ ਤੱਕ ਸੜਕ ਰਾਹੀਂ ਕਿਉਂ ਲਿਆਂਦਾ ਗਿਆ। ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸੀ।
ਸਸਕਾਰ ਵਾਲੀ ਥਾਂ ‘ਤੇ ਖੁੱਲ੍ਹਾ ਮਿਲਿਆ ਬੋਰਵੈਲ
ਜਦੋਂ ਫਤਹਿਵੀਰ ਸਿੰਘ ਦਾ ਸਸਕਾਰ ਕੀਤਾ ਗਿਆ, ਠੀਕ ਉਸ ਦੇ ਬਾਹਰ ਗੇਟ ਦੇ ਸਾਹਮਣੇ ਹੀ ਖੁੱਲ੍ਹਾ ਬੋਰਵੈਲ ਦੇਖਣ ਨੂੰ ਮਿਲਿਆ। ਇਸ ਨਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਕਿ ਉਸ ਨੇ ਫਤਹਿਵੀਰ ਨਾਲ ਹੋਏ ਹਾਦਸੇ ਤੋਂ ਸਬਕ ਨਹੀਂ ਲਿਆ। ਇਸ ਬੋਰਵੈਲ ਦੇ ਨੇੜਿਓਂ ਰੋਜ਼ਾਨਾ ਲੋਕ ਲੰਘਦੇ ਹਨ ਪਰ ਇਸ ਗੱਲ ਦਾ ਕਿਸੇ ਦਾ ਧਿਆਨ ਨਹੀਂ।
ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ
ਪੋਸਟ ਮਾਰਟਮ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ‘ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਪੁੱਜਣ ‘ਤੇ ਵੀ ਜ਼ਬਰਦਸਤ ਹੰਗਾਮਾ ਹੋਇਆ। ਉਧਰ ਸੰਗਰੂਰ ਵਿਚ ਵੀ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋਈ ਅਤੇ ਲੋਕਾਂ ਨੇ ਹਾਈਵੇਅ ਜਾਮ ਕੀਤਾ।
ਵਸੀਲਿਆਂ ਦੀ ਘਾਟ ਕਾਰਨ ਨਾਕਾਮ ਰਿਹਾ ਅਪਰੇਸ਼ਨ
ਬਚਾਅ ਅਪਰੇਸ਼ਨ ਦਾ ਹਿੱਸਾ ਰਹੇ ਐਨਡੀਆਰਐਫ ਦੇ ਬਠਿੰਡਾ ਵਿੰਗ ਦੇ ਅਧਿਕਾਰੀ ਜਤਿੰਦਰ ਸਿੰਘ ਮੁਤਾਬਕ, ਵਸੀਲਿਆਂ ਦੀ ਘਾਟ ਅਤੇ ਬੱਚੇ ਦੀ ਥਾਂ ਦੀ ਦਿਸ਼ਾ ਸਹੀ ਨਾ ਮਿਲ ਸਕਣ ਕਾਰਨ ਇਹ ਹੋਣੀ ਵਾਪਰੀ। ਕਈ ਲੋਕਾਂ ਦਾ ਦਖਲ ਵੀ ਵੱਡਾ ਕਾਰਨ ਰਿਹਾ। ਡੇਰਾ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਫਤਹਿਵੀਰ
ਸੁਨਾਮ/ਬਿਊਰੋ ਨਿਊਜ਼ : ਸਰਕਾਰ ਤੇ ਪ੍ਰਸ਼ਾਸਨ ਵੱਲੋਂ 109 ਘੰਟੇ ਵੱਖ-ਵੱਖ ‘ਜੁਗਾੜ’ ਕਰਕੇ ਚਲਾਏ ਬਚਾਅ ਕਾਰਜਾਂ ਤੋਂ ਬਾਅਦ ਬੋਰਵੈੱਲ ਵਿਚੋਂ ਬਾਹਰ ਕੱਢਿਆ ਫ਼ਤਹਿਵੀਰ ਅਖ਼ੀਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਫਤਹਿਵੀਰ ਨੂੰ ਬੋਰਵੈਲ ਵਿਚੋਂ ਕੱਢਣ ਲਈ ਪ੍ਰਸ਼ਾਸਨ ਵਲੋਂ ਵਰਤੀ ਗਈ ਲਾਪਰਵਾਹੀ ਨੇ ਫਤਹਿ ਦੀ ਜਾਨ ਲੈ ਲਈ। ਮੰਗਲਵਾਰ ਸੁਵੱਖਤੇ ਕਰੀਬ ਸਵਾ ਪੰਜ ਵਜੇ ਐਨਡੀਆਰਐੱਫ ਵੱਲੋਂ ਦੋ ਸਾਲਾ ਬੱਚੇ ਨੂੰ 120 ਫੁੱਟ ਡੂੰਘੇ ਬੋਰ ਵਿਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਪੀਜੀਆਈ (ਚੰਡੀਗੜ੍ਹ) ਲਿਜਾਇਆ ਗਿਆ। ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਸ਼ੇਰੋਂ ਦੇ ਸ਼ਮਸ਼ਾਨਘਾਟ ਵਿਚ ਫ਼ਤਹਿ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੱਚੇ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਲੋਕ ਭਗਵਾਨਪੁਰਾ ਪਿੰਡ ਵਿਚ ਪੀੜਤ ਪਰਿਵਾਰ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਨਿੱਕੇ ਜਿਹੇ ਲੱਕੜ ਦੇ ਤਾਬੂਤ ਵਿਚ ਲਿਆਂਦੀ ਫ਼ਤਹਿਵੀਰ ਦੀ ਦੇਹ ਨੂੰ ਦੇਖ ਕੇ ਪਿੰਡ ਭਗਵਾਨਪੁਰਾ ਦੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਲੋਕਾਂ ਦਾ ਕਹਿਣਾ ਸੀ ਕਿ ਫ਼ਤਹਿਵੀਰ ਦੀ ਮੌਤ ਤਾਂ ਪਹਿਲਾਂ ਹੀ ਬਚਾਅ ਕਾਰਜਾਂ ਵਿਚ ਪ੍ਰਸ਼ਾਸਨ ਵੱਲੋਂ ਵਰਤੀ ਢਿੱਲ ਕਾਰਨ ਹੋ ਗਈ ਸੀ। ਉਨ੍ਹਾਂ ਕਿਹਾ ਕਿ ਬੱਚੇ ਨੂੰ ਬਚਾਉਣ ਲਈ ਤਕਨੀਕ ਵਿਹੂਣੇ ਰਾਹਤ ਕਾਰਜ ਕੀਤੇ ਜਾ ਰਹੇ ਸਨ ਤੇ ਹੁਣ ਸਿਰਫ਼ ਆਪਣੀ ਸਾਖ਼ ਬਚਾਉਣ ਲਈ ਹੀ ਪ੍ਰਸ਼ਾਸਨ ਉਸ ਦੀ ਦੇਹ ਨੂੰ ਪੀਜੀਆਈ ਲੈ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਐਨਡੀਆਰਐੱਫ ਦੀ ਟੀਮ ਜਦ ਰਾਹਤ ਕਾਰਜਾਂ ਦੌਰਾਨ ਬਿਲਕੁਲ ਬੇਬੱਸ ਹੋ ਗਈ ਤਾਂ ਮੰਗਵਾਲ ਪਿੰਡ ਦੇ ਗੁਰਿੰਦਰ ਸਿੰਘ ਨੇ ਕੁੰਡੀ ਵਾਲੀ ਰਾਡ ਦੇ ਨਾਲ ਬੱਚੇ ਨੂੰ ਬਾਹਰ ਕੱਢਿਆ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਜੇ ਇਸੇ ਤਰ੍ਹਾਂ ਬੱਚੇ ਨੂੰ ਬਾਹਰ ਕੱਢਿਆ ਜਾਣਾ ਸੀ ਤਾਂ ਪਹਿਲਾਂ ਵੀ ਇਹ ਢੰਗ ਵਰਤਿਆ ਜਾ ਸਕਦਾ ਸੀ। ਲੋਕਾਂ ਮੁਤਾਬਕ ਗੁਰਿੰਦਰ ਇਸ ਤੋਂ ਪਹਿਲਾਂ ਵੀ ਬਚਾਅ ਟੀਮ ਨੂੰ ਫ਼ਤਹਿ ਨੂੰ ਬਾਹਰ ਕੱਢਣ ਲਈ ਉਸ ਦੀ ਮਦਦ ਲੈਣ ਬਾਰੇ ਕਹਿੰਦਾ ਰਿਹਾ ਪਰ ਉਸ ਦੀ ਮਦਦ ਨਹੀਂ ਲਈ ਗਈ। ਬੱਚੇ ਨੂੰ ਬੋਰ ਵਿਚੋਂ ਉਸ ਦੇ ਹੱਥਾਂ ਨੂੰ ਕਲੈਂਪ ਲਾ ਕੇ ਕੱਢਿਆ ਗਿਆ। ਰਾਹਤ ਕਾਰਜਾਂ ਵਿਚ ਜੁਟੀ ਟੀਮ ਨੇ ਬੱਚੇ ਨੂੰ ਬੋਰ ਵਿਚ ਬਾਹਰ ਕੱਢਣ ਲਈ ਇਸ ਦੇ ਬਰਾਬਰ ਹੀ ਪੁਟਾਈ ਕੀਤੀ ਸੀ। ਗੁਰਿੰਦਰ ਨੇ ਉਸੇ ਬੋਰ ਰਾਹੀਂ ਫਤਹਿਵੀਰ ਨੂੰ ਬਾਹਰ ਕੱਢਿਆ ਜਿਸ ਰਾਹੀਂ ਉਹ ਡਿੱਗਿਆ ਸੀ। ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਲਿਆਂਦੀ ਬੱਚੇ ਦੀ ਦੇਹ ਦਾ ਸਸਕਾਰ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਕਾਫ਼ੀ ਤੇਜ਼ੀ ਨਾਲ ਕਰੀਬ ਸਵਾ ਇੱਕ ਵਜੇ ਹੀ ਕਰਵਾ ਦਿੱਤਾ ਗਿਆ। ਜਦਕਿ ਸੋਸ਼ਲ ਅਤੇ ਹੋਰ ਮੀਡੀਆ ਤੇ ਸਸਕਾਰ ਦੀ ਖ਼ਬਰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਵਾਇਰਲ ਹੋ ਰਹੀ ਸੀ। ਫ਼ਤਹਿਵੀਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਬੱਚੇ ਦੀ ਮੌਤ ਲਈ ਪ੍ਰਸ਼ਾਸਨਿਕ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕਈ ਦਿਨ ਸਿਰਫ਼ ਹਨੇਰੇ ਵਿਚ ਹੀ ਤੀਰ ਚਲਾਏ ਗਏ ਤੇ ਢੁੱਕਵੀਂ ਤਕਨੀਕ ਨਹੀਂ ਵਰਤੀ ਗਈ। ਲੋਕ ਮਨਾਂ ਵਿਚ ਫ਼ਤਹਿ ਦੀ ਮੌਤ ਦਾ ਐਨਾ ਰੋਹ ਸੀ ਕਿ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਪਹੁੰਚੇ ਆਈਜੀ ਏ.ਐੱਸ. ਰਾਏ ਨੂੰ ਲੋਕਾਂ ਨੇ ਪੀੜਤ ਪਰਿਵਾਰ ਦੇ ਘਰ ਦੇ ਬਾਹਰੋਂ ਹੀ ਮੋੜ ਦਿੱਤਾ। ਸਸਕਾਰ ਮੌਕੇ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਆਸੀ ਨੁਮਾਇੰਦਾ ਹਾਜ਼ਰ ਨਹੀਂ ਸੀ। ਜਦਕਿ ਪੁਲਿਸ ਫੋਰਸ ਵੱਡੀ ਗਿਣਤੀ ਵਿਚ ਤਾਇਨਾਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ 6 ਜੂਨ ਨੂੰ ਬਾਅਦ ਦੁਪਹਿਰ ਕਰੀਬ 4 ਵਜੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਕਿਸਾਨ ਸੁਖਵਿੰਦਰ ਸਿੰਘ ਦਾ ਦੋ ਸਾਲਾ ਇਕਲੌਤਾ ਪੁੱਤਰ ਫ਼ਤਹਿਵੀਰ ਸਿੰਘ ਖੇਡਦਾ ਹੋਇਆ ਘਰ ਦੇ ਸਾਹਮਣੇ ਹੀ ਖੇਤ ਵਿਚਲੇ ਇੱਕ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਿਆ ਸੀ।
Home / ਪੰਜਾਬ / ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਭਗਵਾਨਪੁਰਾ ਦਾ 2 ਸਾਲ ਦਾ ਫਤਹਿਵੀਰ ਬੋਰਵੈਲ ਵਿਚ ਹੀ ਹਾਰ ਗਿਆ ਜ਼ਿੰਦਗੀ ਦੀ ਜੰਗ
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …