ਲਖੀਮਪੁਰ ਮਾਮਲੇ ‘ਚ ਦੋ ਆਰੋਪੀ ਗ੍ਰਿਫਤਾਰ, ਮੰਤਰੀ ਦਾ ਮੁੰਡਾ ਅਜੇ ਵੀ ਫਰਾਰ
ਲਖਨਊ : ਲਖੀਮਪੁਰ ਖੀਰੀ ਜਾ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਯੂਪੀ ਬਾਰਡਰ ‘ਤੇ ਸਹਾਰਨਪੁਰ ‘ਚ ਰੋਕ ਦਿੱਤਾ ਗਿਆ। ਇਸ ਤੋਂ ਨਰਾਜ਼ ਕਾਂਗਰਸੀਆਂ ਨੇ ਯੂਪੀ ਪੁਲਿਸ ਦਾ ਬੈਰੀਕੇਡ ਵੀ ਤੋੜ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਸਿੱਧੂ ਅਤੇ ਉਸਦੇ ਸਾਥੀ ਮੰਤਰੀਆਂ ਪਰਗਟ ਸਿੰਘ, ਰਾਜਾ ਵੜਿੰਗ, ਵਿਜੇਇੰਦਰ ਸਿੰਗਲਾ, ਗੁਰਕੀਰਤ ਕੋਟਲੀ ਸਣੇ ਕਈ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਲਿਆ।
ਧਿਆਨ ਰਹੇ ਕਿ ਸਿੱਧੂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਦਾ ਕਾਫਲਾ ਮੁਹਾਲੀ ਤੋਂ ਦੁਪਹਿਰ ਵੇਲੇ ਲਖੀਮਪੁਰ ਲਈ ਰਵਾਨਾ ਹੋਇਆ ਸੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ।
ਸਿੱਧੂ ਨੇ ਕਿਹਾ ਸੀ ਕਿ ਜੇਕਰ ਕੱਲ੍ਹ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਨਾ ਹੋਈ ਤਾਂ ਉਹ ਭੁੱਖ ਹੜਤਾਲ ‘ਤੇ ਬੈਠ ਜਾਣਗੇ। ਉਧਰ ਦੂਜੇ ਪਾਸੇ ਲਖੀਮਪੁਰ ਘਟਨਾ ਮਾਮਲੇ ਵਿਚ ਪੁਲਿਸ ਨੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਮੰਤਰੀ ਦਾ ਮੁੰਡਾ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ।ਜੇ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਬੈਠਾਂਗਾ ਭੁੱਖ ਹੜਤਾਲ ‘ਤੇ : ਨਵਜੋਤ ਸਿੱਧੂ
ਚੰਡੀਗੜ੍ਹ : ਉਤਰ ਪ੍ਰਦੇਸ਼ ਵਿਚ ਵਾਪਰੀ ਹਿੰਸਾ ਤੋਂ ਬਾਅਦ ਕੇਂਦਰ ਅਤੇ ਯੂਪੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਪੰਜਾਬ ਕਾਂਗਰਸ ਦਾ ਵੱਡਾ ਜਥਾ ਨਵਜੋਤ ਸਿੱਧੂ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ। ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ, ਕੈਬਨਿਟ ਮੰਤਰੀ ਪਰਗਟ ਸਿੰਘ, ਵਿਜੇਇੰਦਰ ਸਿੰਗਲਾ ਸਣੇ ਵੱਡੀ ਗਿਣਤੀ ਵਿਚ ਵਿਧਾਇਕ ਵੀ ਸ਼ਾਮਲ ਹੋਏ। ਲਖੀਮਪੁਰ ਲਈ ਰਵਾਨਾ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਸਮਾਜ ਅੰਦਰ ਜ਼ੁਲਮ ਵਧ ਜਾਂਦਾ ਹੈ ਤਾਂ ਉਦੋਂ ਵਿਰੋਧ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਭਾਜਪਾ ਨੂੰ ਲਲਕਾਰਦਿਆਂ ਕਿਹਾ ਕਿ ਜੇ ਕੇਂਦਰੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ‘ਤੇ ਬੈਠਣਗੇ। ਸਿੱਧੂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ 10 ਮਹੀਨਿਆਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਜਿਸ ਦੇ ਚਲਦਿਆਂ ਸੈਂਕੜੇ ਕਿਸਾਨ ਸ਼ਹੀਦ ਵੀ ਚੁੱਕੇ ਹਨ ਪ੍ਰੰਤੂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਕਿਸਾਨੀ ਦੀ ਰਾਖੀ ਲਈ ਉਨ੍ਹਾਂ ਜਾਨ ਦੀ ਦੇਣੀ ਪਈ ਤਾਂ ਉਹ ਖੁਸ਼ੀ ਖੁਸ਼ੀ ਦੇ ਦੇਣਗੇ ਪ੍ਰੰਤੂ ਆਪਣੇ ਕੀਤੇ ਗਏ ਪ੍ਰਣ ਤੋਂ ਪਿੱਛੇ ਨਹੀਂ ਹਟਣਗੇ।