Breaking News
Home / ਪੰਜਾਬ / ਨਵਜੋਤ ਸਿੱਧੂ ਨੇ ਬਣਾਏ ਆਪਣੇ ਚਾਰ ਸਲਾਹਕਾਰ

ਨਵਜੋਤ ਸਿੱਧੂ ਨੇ ਬਣਾਏ ਆਪਣੇ ਚਾਰ ਸਲਾਹਕਾਰ

ਮੁਹੰਮਦ ਮੁਸਤਫਾ, ਡਾ. ਅਮਰ ਸਿੰਘ, ਡਾ. ਪਿਆਰੇ ਲਾਲ ਗਰਗ ਤੇ ਮਾਲਵਿੰਦਰ ਸਿੰਘ ਮਾਲੀ ਸਲਾਹਕਾਰਾਂ ‘ਚ ਸ਼ਾਮਲ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਨਵੇਂ ਚਾਰ ਸਲਾਹਕਾਰ ਨਿਯੁਕਤ ਕੀਤੇ ਹਨ ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਸਮਝੇ ਜਾਂਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦੀ ਸ਼ਮੂਲੀਅਤ ਨਾਲ ਨਵੇਂ ਚਰਚੇ ਛਿੜ ਗਏ ਹਨ।
ਕਾਂਗਰਸ ਪ੍ਰਧਾਨ ਨੇ ਮੁਸਤਫ਼ਾ ਤੋਂ ਇਲਾਵਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੂੰ ਆਪਣੇ ਸਲਾਹਕਾਰਾਂ ਦੀ ਟੀਮ ‘ਚ ਸ਼ਾਮਲ ਕੀਤਾ ਹੈ। ਸਿੱਧੂ ਨੇ ਪੱਤਰ ਜਾਰੀ ਕਰਦਿਆਂ ਟਵੀਟ ਕੀਤਾ ਹੈ ਕਿ ਉਹ ਵਿਦਵਤਾ ਭਰਪੂਰ ਸਲਾਹ ਮਸ਼ਵਰੇ ਲਈ ਚਾਰ ਸਲਾਹਕਾਰ ਨਿਯੁਕਤ ਕਰ ਰਹੇ ਹਨ ਜਿਨ੍ਹਾਂ ਦੇ ਹਰੇਕ ਪੰਜਾਬੀ ਦੇ ਸੁਨਹਿਰੇ ਭਵਿੱਖ ਦੀ ਉਸਾਰੀ ਬਾਰੇ ਨਜ਼ਰੀਏ ਅਤੇ ਉਨ੍ਹਾਂ ਦੇ ਕੰਮ ਕਰਕੇ ਨਿੱਜੀ ਤੌਰ ‘ਤੇ ਸਤਿਕਾਰ ਕਰਦਾ ਹਾਂ।
ਨਜ਼ਰ ਮਾਰੀਏ ਤਾਂ ਲੋਕ ਸਭਾ ਮੈਂਬਰ ਅਮਰ ਸਿੰਘ ਪਹਿਲਾਂ ਵੀ ਨਵਜੋਤ ਸਿੱਧੂ ਨਾਲ ਜੁੜੇ ਰਹੇ ਹਨ। ਪੰਜਾਬ ਵਜ਼ਾਰਤ ਵਿਚ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਸ਼ਾਮਲ ਹਨ ਜਦਕਿ ਉਨ੍ਹਾਂ ਦੇ ਪਤੀ ਮੁਹੰਮਦ ਮੁਸਤਫ਼ਾ ਹੁਣ ਸਿੱਧੂ ਦੇ ਸਲਾਹਕਾਰ ਬਣ ਗਏ ਹਨ। ਮਾਲਵਿੰਦਰ ਸਿੰਘ ਮਾਲੀ ਸਾਬਕਾ ਅਧਿਆਪਕ ਹਨ ਅਤੇ ਕਿਸਾਨੀ ਸੰਘਰਸ਼ ਨਾਲ ਨੇੜਿਓਂ ਜੁੜੇ ਰਹੇ ਹਨ। ਉਹ ਪਿਛਲੇ ਅਰਸੇ ਤੋਂ ਸੋਸ਼ਲ ਮੀਡੀਆ ‘ਤੇ ਨਵਜੋਤ ਸਿੱਧੂ ਦੀ ਏਜੰਡਾ ਸਿਆਸਤ ਦੀ ਗੱਲ ਕਰਦੇ ਆ ਰਹੇ ਹਨ। ਨਵੇਂ ਸਲਾਹਕਾਰ ਡਾ. ਪਿਆਰੇ ਲਾਲ ਗਰਗ ਪੰਜਾਬ ਮਸਲਿਆਂ ਦੇ ਗਿਆਤਾ ਹਨ ਅਤੇ ਖ਼ਾਸ ਤੌਰ ‘ਤੇ ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਮੁੱਦੇ ਉਠਾਉਂਦੇ ਰਹਿੰਦੇ ਹਨ।
ਇਸੇ ਦੌਰਾਨ ਨਵੇਂ ਸਲਾਹਕਾਰ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਨਵਜੋਤ ਸਿੱਧੂ ਬੇਦਾਗ਼ ਸ਼ਖ਼ਸੀਅਤ ਹਨ ਅਤੇ ਮੁੱਦਿਆਂ ਦੀ ਨੀਤੀ ‘ਤੇ ਚੱਲ ਰਹੇ ਹਨ।
ਡਾ. ਗਰਗ ਨੇ ਕਿਹਾ ਕਿ ਉਹ ਨਾ ਤਾਂ ਕਾਂਗਰਸੀ ਬਣਨਗੇ, ਨਾ ਹੀ ਕੋਈ ਅਹੁਦਾ ਲੈਣਗੇ ਅਤੇ ਨਾ ਹੀ ਕਿਤੇ ਦਫ਼ਤਰ ਵਿਚ ਬੈਠਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਨਵਜੋਤ ਸਿੱਧੂ ਸਲਾਹ ਮੰਗਣਗੇ ਜਾਂ ਸਲਾਹਕਾਰਾਂ ਦੀ ਮੀਟਿੰਗ ਬੁਲਾਉਣਗੇ ਤਾਂ ਉਦੋਂ ਉਹ ਜ਼ਰੂਰ ਸਲਾਹ ਦੇਣ ਲਈ ਜਾਣਗੇ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …