ਕਿਹਾ – ਖੇਤੀ ਕਾਨੂੰਨਾਂ ਨੂੰ ਸੰਸਦੀ ਸਥਾਈ ਕਮੇਟੀ ਕੋਲ ਭੇਜ ਕੇ ਹੋਣੀ ਚਾਹੀਦੀ ਸੀ ਚਰਚਾ
ਰੂਪਨਗਰ/ਬਿਊਰੋ ਨਿਊਜ਼ : ‘ਤਾਨਾਸ਼ਾਹ ਸਰਕਾਰ ਅਤੇ ਕਮਜ਼ੋਰ ਵਿਰੋਧੀ ਧਿਰ ਦੇਸ਼ ਦੇ ਲੋਕਤੰਤਰ ਲਈ ਗੰਭੀਰ ਖਤਰਾ ਹੈ।’ ਇਸ ਗੱਲ ਦਾ ਪ੍ਰਗਟਾਵਾ ਦੇਸ਼ ਦੇ ਉੱਘੇ ਪੱਤਰਕਾਰ ਪਦਮਸ੍ਰੀ ਰਾਜਦੀਪ ਸਰਦੇਸਾਈ ਨੇ ਜ਼ਿਲ੍ਹਾ ਪ੍ਰੈੱਸ ਕਲੱਬਜ਼ ਐਸੋਸੀਏਸ਼ਨ, ਰੂਪਨਗਰ ਵੱਲੋਂ ‘ਅਜੋਕੇ ਦੌਰ ਵਿੱਚ ਭਾਰਤੀ ਲੋਕਤੰਤਰ ਨੂੰ ਖਤਰੇ’ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਦੌਰਾਨ ਆਪਣੇ ਕੁੰਜੀਵਤ ਭਾਸ਼ਣ ਵਿੱਚ ਕੀਤਾ। ਇਸ ਸੈਮੀਨਾਰ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਸਿਆਸੀ ਨੇਤਾ ਆਪਣੇ ਆਪ ਨੂੰ ਰਾਜ ਮਹਾਰਾਜਾ ਸਮਝ ਰਹੇ ਸਨ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਦੀਆਂ ਬੈਠਕਾਂ ਵੀ ਬਿਨਾ ਚਰਚਾ ਤੋਂ ਇਕਤਰਫਾ ਫੈਸਲਾ ਕਰ ਰਹੀਆਂ ਹਨ।
ਨਿਆਂ ਪਾਲਿਕਾ ਨੇ ਹੀ ਦਖਲ ਦੇ ਕੇ ਲੋਕਾਂ ਤੱਕ ਆਪਣਾ ਭਰੋਸਾ ਬਰਕਰਾਰ ਰੱਖਣ ਦਾ ਕੇਵਲ ਕੁੱਝ ਹੱਦ ਤੱਕ ਉਪਰਾਲਾ ਕੀਤਾ ਹੈ ਪਰੰਤੂ ਦੇਸ਼ ਦੇ ਅਹਿਮ ਮੁੱਦਿਆਂ ‘ਤੇ ਇਸ ਦੀ ਭੂਮਿਕਾ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮੀਡੀਆਂ ਦੀ ਆਜ਼ਾਦੀ ਨੂੰ ਵੀ ਬਰਕਰਾਰ ਰੱਖਣਾ ਇਕ ਚੁਣੌਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਮੀਡੀਆ ਵੀ ਦੋ ਹਿੱਸਿਆ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਇੱਕਜੁਟਤਾ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਦੌਰਾਨ ਪੱਤਰਕਾਰੀ ਦੀਆਂ ਚੁਣੌਤੀਆਂ ਅਤੇ ਉਲਪਿੰਕ ਖੇਡਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਸੰਸਦ ਦੀ ਸਥਾਈ ਕਮੇਟੀ ਵਿੱਚ ਭੇਜ ਕੇ ਉਸ ‘ਤੇ ਚਰਚਾ ਕਰਨੀ ਚਾਹੀਦੀ ਸੀ ਜਦੋਂ ਕਿ ਮੌਜੂਦਾ ਦੌਰ ਵਿੱਚ ਸੰਸਦ 20-20 ਮੈਚ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਬਾਕ ਪੱਤਰਕਾਰੀ ਕਰਨ ਵਾਲਿਆਂ ਵਿਰੁੱਧ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚਾਪਲੂਸੀ ਦੀ ਪੱਤਰਕਾਰੀ ਦਾ ਰੁਝਾਨ ਵਧ ਰਿਹਾ ਹੈ।
ਵੱਡੇ ਵੱਡੇ ਮੀਡੀਆ ਹਾਊਸ ਅੱਜ ਜਿਸ ਢੰਗ ਨਾਲ ਕੰਮ ਰਹੇ ਹਨ ਉਸ ਨਾਲ ਮੀਡੀਆ ਦਾ ਦਬਦਬਾ ਘਟ ਰਿਹਾ ਹੈ। ਉੋਨ੍ਹਾਂ ਕਿਹਾ ਕਿ ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਪੀ ਆਰ ਸਿਸਟਮ ਭਾਰੂ ਹੋ ਗਿਆ ਹੈ। ਉਨ੍ਹਾਂ ਨੇ ਆਪਣੇ 35 ਸਾਲਾਂ ਦੇ ਪੱਤਰਕਾਰ ਵੱਜੋਂ ਕਾਰਜ ਕਾਲ ਦੌਰਾਨ ਲੋਕਤੰਤਰ ਅਤੇ ਪੱਤਰਕਾਰੀ ਦੇ ਹਾਲਾਤ ਵਿੱਚ ਆਏ ਨਿਘਾਰ ਦੀ ਵੀ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਸੀਨੀਅਰ ਨੇਤਾਵਾਂ ਦੀ ਆਲੋਚਨਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਜਵਾਬਦੇਹ ਨਹੀਂ ਰਹੀਆਂ ਜੋ ਲੋਕਤੰਤਰ ਦੀ ਕਮਜ਼ੋਰੀ ਦਾ ਪ੍ਰਤੀਕ ਹੈ। ਉਨ੍ਹਾਂ ਸੋਸ਼ਲ ਮੀਡੀਆ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਉਸਦੇ ਅਧਿਕਾਰਾਂ, ਫਰਜ਼ਾਂ ਅਤੇ ਜਿੰਮੇਵਾਰੀਆਂ ਦੀ ਵੀ ਚਰਚਾ ਕੀਤੀ।
ਉਹਨਾਂ ਕਿਹਾ ਕਿ ਅੱਜ ਹਰ ਕੋਈ ਆਪਣੇ ਵਿਰੁੱਧ ਉੱਠ ਰਹੀ ਆਵਾਜ਼ ਤੋਂ ਨਾਖੁਸ਼ ਹੈ। ਉਨ੍ਹਾਂ ਕਿਹਾ ਕਿ ਅੱਜ ਰਾਜਨੇਤਾ ਆਪਣੇ ਨਿੱਜੀ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਦੌਰਾਨ ਜਾਨਾਂ ਗਵਾਉਣ ਵਾਲੇ ਪੱਤਰਕਾਰਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਜਲਦੀ ਟਰੱਸਟ ਦਾ ਗਠਨ ਹੋਵੇਗਾ। ਜ਼ਿਲ੍ਹਾ ਪ੍ਰੈੱਸ ਕਲੱਬਜ਼ ਐਸੋਈਏਸ਼ਨ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਭੁਪਿੰਦਰ ਸਿੰਘ ਚਾਨਾ ਨੇ ਕੀਤਾ ਤੇ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਭਾਟੀਆ ਨੇ ਧੰਨਵਾਦ ਕੀਤਾ।
ਮੀਡੀਆ ‘ਤੇ ਹਾਕਮ ਕਰਨ ਲੱਗੇ ਕਬਜ਼ਾ : ਤਿਵਾੜੀ
ਮਨੀਸ਼ ਤਿਵਾੜੀ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਵੱਲੋਂ ਟੈਲੀਵਿਜ਼ਨ ਮੀਡੀਆ ਬਾਰੇ ਜੋ ਨਵੇਂ ਨਿਯਮ ਸੰਸਦ ਵਿੱਚ ਲਿਆਂਦੇ ਗਏ ਹਨ ਉਹ ਮੀਡੀਆ ਦੀ ਆਜ਼ਾਦੀ ਲਈ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਮੁੱਖ ਧਾਰਾ ਵਾਲੇ ਮੀਡੀਆ ਨੂੰ ਹਾਕਮਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਬਦਲਵਾਂ ਮੀਡੀਆ (ਇੰਟਰਨੈੱਟ ਪੱਤਰਕਾਰੀ) ਹੀ ਲੋਕਤੰਤਰ ਨੂੰ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿੱਚ ਅੰਦਰੂਨੀ ਐਮਰਜੈਂਸੀ ਲਗਾਉਣਾ ਗ਼ਲਤ ਸੀ ਜਿਸ ਸਬੰਧੀ ਬਾਅਦ ਵਿੱਚ ਉਨ੍ਹਾਂ ਨੇ ਮੁਆਫੀ ਵੀ ਮੰਗੀ ਸੀ। ਉਨ੍ਹਾਂ ਕਿਹਾ ਕਿ ਅੱਜ ਅਜਿਹੀਆਂ ਸਥਿਤੀਆਂ ਰੋਕਣ ਲਈ ਸਾਡੀਆਂ ਸੰਸਥਾਵਾਂ ਨਾਕਾਮ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਅੱਜ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਕੋਈ ਗੱਲ ਕਰਦੇ ਹੋ ਤਾਂ ਤੁਹਾਨੂੰ ਦੇਸ਼ ਵਿਰੋਧੀ ਸਮਝਿਆ ਜਾਂਦਾ ਹੈ।