ਜਲੰਧਰ : ਦੇਸ਼ ਦੇ ਨਾਮਵਰ ਅਰਥ-ਸ਼ਾਸਤਰੀ ਤੇ ਖੇਤੀਬਾੜੀ ਮਾਮਲਿਆਂ ਦੇ ਮਾਹਿਰ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣਾ ਹੈ ਤਾਂ ਝੋਨੇ ਦਾ ਖਹਿੜਾ ਛੱਡਣਾ ਪਵੇਗਾ। ਉਨ੍ਹਾਂ ਝੋਨੇ ਦਾ ਬਦਲ ਦੱਸਦਿਆਂ ਕਿਹਾ ਕਿ ਦਾਲਾਂ, ਕਪਾਹ ਤੇ ਤੇਲ ਬੀਜਾਂ ਵੱਲ ਕਿਸਾਨਾਂ ਨੂੰ ਪਰਤਣਾ ਪਵੇਗਾ ਤਦ ਹੀ ਪੰਜਾਬ ਦੇ ਪਾਣੀਆਂ ਤੇ ਜ਼ਮੀਨ ਨੂੰ ਬਚਾਇਆ ਜਾ ਸਕਦਾ ਹੈ। ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਕੇਂਦਰ ਸਰਕਾਰ ਦਾਲਾਂ ਦੀ ਮਾਰਕੀਟ ਕੀਮਤ ਦੇਣੀ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਝੋਨੇ ਹੇਠੋਂ ਰਕਬਾ ਘਟਾਉਣ ਲਈ ਠੋਸ ਨੀਤੀ ਬਣਾਈ ਜਾਣੀ ਚਾਹੀਦੀ ਹੈ। ਪਿਛਲੇ ਸਾਲ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਸੀ, ਜੋ ਇੱਕ ਰਿਕਾਰਡ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਨਾ ਰਕਬਾ ਝੋਨੇ ਹੇਠ ਆਇਆ ਸੀ। ਇਸ ਵਿੱਚ 27.43 ਲੱਖ ਹੈਕੇਟਅਰ ਝੋਨਾ ਤੇ 4.6 ਲੱਖ ਹੈਕਟੇਅਰ ਬਾਸਮਤੀ ਹੇਠ ਰਕਬਾ ਸੀ ਜਦ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਝੋਨੇ ਹੇਠ ਰਕਬਾ 27.36 ਲੱਖ ਹੈਕਟੇਅਰ ਦੱਸਿਆ ਸੀ। ਸਰਕਾਰ ਦਾ ਇਹ ਝੂਠ ਉਦੋਂ ਫੜਿਆ ਗਿਆ ਜਦੋਂ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਨਿਕਲਿਆ, ਜੋ ਕਿ ਪਿਛਲੇ ਸਾਲ ਨਾਲੋਂ ਡੇਢ ਲੱਖ ਹੈਕਟੇਅਰ ਜ਼ਿਆਦਾ ਸੀ। ਸਰਦਾਰਾ ਸਿੰਘ ਜੌਹਲ ਨੇ ਦੱਸਿਆ ਕਿ ਚੌਲ ਜਿਹੜੇ ਅਸੀਂ ਦੂਜੇ ਸੂਬਿਆਂ ਨੂੰ ਭੇਜਦੇ ਹਾਂ ਉਹ ਇਕ ਤਰ੍ਹਾਂ ਨਾਲ ਪੰਜਾਬ ਦੇ ਪਾਣੀਆਂ ਦੀਆਂ ਪੰਡਾਂ ਬੰਨ੍ਹ ਕੇ ਭੇਜ ਰਹੇ ਹਾਂ, ਜੋ ਭਵਿੱਖ ਦੀ ਖੇਤੀ ਲਈ ਖਤਰਨਾਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੇ ਬਦਲ ਵਜੋਂ ਦਾਲਾਂ, ਕਪਾਹ ਤੇ ਤੇਲ ਬੀਜਾਂ ਵੱਲ ਕਿਸਾਨਾਂ ਨੂੰ ਪਰਤਣਾ ਚਾਹੀਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਲਾਗਤ ਘਟੇਗੀ, ਉਥੇ ਜ਼ਮੀਨ ਉਪਜਾਊ ਹੋਵੇਗੀ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …