ਫਾਈਨਲ ਮੁਕਾਬਲੇ ’ਚ ਦੱਖਣੀ ਅਫ਼ਰੀਕਾ ਨੂੰ 9 ਵਿਕਟਾਂ ਨਾਲ ਹਰਾਇਆ
ਕੁਆਲਾਲੰਪੁਰ/ਬਿਊਰੋ ਨਿਊਜ਼ : ਭਾਰਤ ਨੇ ਇਕਤਰਫ਼ਾ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਨੇ ਦੱਖਣੀ ਅਫ਼ਰੀਕਾ ਵੱਲੋਂ ਦਿੱਤੇ 83 ਦੌੜਾਂ ਦੇ ਟੀਚੇ ਨੂੰ 52 ਗੇਂਦਾਂ ਬਾਕੀ ਰਹਿੰਦਿਆਂ 11.2 ਓਵਰਾਂ ਵਿਚ ਇਕ ਵਿਕਟ ’ਤੇ 84 ਦੌੜਾਂ ਬਣਾ ਕੇ ਪੂਰਾ ਕੀਤਾ। ਭਾਰਤ ਬਿਨਾਂ ਕੋਈ ਵਿਕਟ ਗੁਆਇਆਂ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਵੀ ਬਣਿਆ। ਗੋਂਗਾਡੀ ਤਿ੍ਰਸ਼ਾ 33 ਗੇਂਦਾਂ ਉੱਤੇ ਨਾਬਾਦ 44 ਦੌੜਾਂ ਬਣਾ ਕੇ ਭਾਰਤ ਲਈ ਟੌਪ ਸਕੋਰਰ ਰਹੀ। ਸਾਨਿਕਾ ਚਾਲਕੇ ਨੇ ਵੀ 22 ਗੇਂਦਾਂ ਵਿਚ ਨਾਬਾਦ 26 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 48 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਇਸ ਤੋਂ ਪਹਿਲਾਂ ਤਿ੍ਰਸ਼ਾ ਨੇ ਗੇਂਦਬਾਜ਼ੀ ਵਿਚ ਵੀ ਕਮਾਲ ਦਿਖਾਇਆ ਤੇ 15 ਦੌੜਾਂ ਬਦਲੇ ਤਿੰਨ ਵਿਕਟ ਲਏ। ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ਵਿਚ 82 ਦੌੜਾਂ ’ਤੇ ਸਿਮਟ ਗਈ। ਹੋਰਨਾਂ ਗੇਂਦਬਾਜ਼ਾਂ ਵਿਚ ਪਾਰੂਨਿਕਾ ਸਿਸੋਦੀਆ ਨੇ 6 ਦੌੜਾਂ ਬਦਲੇ 2 ਵਿਕਟ, ਆਯੂਸ਼ੀ ਸ਼ੁਕਲਾ ਨੇ ਨੌਂ ਦੌੜਾਂ ’ਤੇ 2 ਤੇ ਵੈਸ਼ਨਵੀ ਸ਼ਰਮਾ ਨੇ 23 ਦੌੜਾਂ ਬਦਲੇ ਦੋ ਵਿਕਟ ਲਏ। ਦੱਖਣੀ ਅਫਰੀਕਾ ਦੀ ਕਪਤਾਨ ਕਾਇਲਾ ਰੇਨੇਕੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਅਫਰੀਕੀ ਟੀਮ ਨੇ ਨਿਯਮਤ ਵਕਫੇ ਉੱਤੇ ਵਿਕਟ ਗੁਆਏ। ਟੀਮ ਲਈ ਮਾਇਕੀ ਵਾਨ ਵੂਸਟਰ ਨੇ ਸਭ ਤੋਂ ਵੱਧ 23 ਦੌੜਾਂ ਬਣਾਈਆਂ। ਟੀਮ ਦੇ ਸਿਰਫ਼ ਚਾਰ ਬੱਲੇਬਾਜ਼ ਦੋਹਰੇ ਅੰਕੜੇ ’ਤੇ ਪਹੁੰਚੇ ਤੇ ਜਦੋਂਕਿ ਚਾਰ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ।