ਭਾਜਪਾ ਨੇ 182 ਵਿਚੋਂ ਜਿੱਤੀਆਂ 157 ਸੀਟਾਂ
ਹਿਮਾਚਲ ਪ੍ਰਦੇਸ਼ ’ਚ ਜਿੱਤੀ ਕਾਂਗਰਸ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ। ਇਨ੍ਹਾਂ ਵੋਟਾਂ ਦੇ ਨਤੀਜੇ ਅੱਜ ਆ ਗਏ ਹਨ। ਗੁਜਰਾਤ ਵਿਚ ਭਾਜਪਾ ਨੇ ਇਤਿਹਾਸਕ ਜਿੱਤ ਦਰਜ ਕਰ ਲਈ ਹੈ। ਗੁਜਰਾਤ ਦੀਆਂ 182 ਸੀਟਾਂ ਵਿਚੋਂ 157 ਸੀਟਾਂ ’ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਸਿਰਫ 16 ਸੀਟਾਂ ’ਤੇ ਸਿਮਟ ਗਈ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ 5 ਸੀਟਾਂ ਮਿਲੀਆਂ ਹਨ ਅਤੇ 4 ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਗੁਜਰਾਤ ਵੋਟਾਂ ਦੇ ਆਏ ਨਤੀਜਿਆਂ ਮੁਤਾਬਕ ਭਾਜਪਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਧਿਆਨ ਰਹੇ ਕਿ ਗੁਜਰਾਤ ਵਿਚ ਕਾਂਗਰਸ ਨੇ 1985 ’ਚ 149 ਸੀਟਾਂ ’ਤੇ ਰਿਕਾਰਡ ਜਿੱਤ ਦਰਜ ਕੀਤੀ ਸੀ ਅਤੇ ਹੁਣ ਭਾਜਪਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਾਣਕਾਰੀ ਮਿਲੀ ਹੈ ਕਿ ਭੁਪੇਂਦਰ ਪਟੇਲ ਆਉਂਦੀ 12 ਦਸੰਬਰ ਨੂੰ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ ਵਿਚੋਂ ਕਾਂਗਰਸ ਪਾਰਟੀ ਨੇ 39 ਸੀਟਾਂ ਜਿੱਤ ਲਈਆਂ ਹਨ ਅਤੇ ਭਾਜਪਾ 26 ਸੀਟਾਂ ਤੱਕ ਸੀਮਤ ਰਹਿ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਹਿਮਾਚਲ ਪ੍ਰਦੇਸ਼ ਵਿਚ ਵੀਰਭੱਦਰ ਸਿੰਘ ਦੀ ਪਤਨੀ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਬਣ ਸਕਦੇ ਹਨ। ਹਿਮਾਚਲ ਵਿਚ ਰਾਜ ਬਦਲ ਗਿਆ ਹੈ, ਪਰ ਰਿਵਾਜ਼ ਕਾਇਮ ਹੈ। ਉਹ ਇਸ ਕਰਕੇ ਕਿ ਹਿਮਾਚਲ ਵਿਚ ਹਰ 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ।