ਗ੍ਰੇਟਰ ਟੋਰਾਂਟੋ ਏਰੀਆ ਦੀਆਂ ਲਾਇਸੰਸਸ਼ੁਦਾ ਚਾਈਲਡਕੇਅਰ ਫੈਸਿਲਿਟੀਜ਼ ਹੁਣ ਕੈਨੇਡਾ ਭਰ ਵਿੱਚ ਲਾਗੂ ਹੋਣ ਵਾਲੇ ਰੋਜ਼ਾਨਾ 10 ਡਾਲਰ ਵਾਲੇ ਪ੍ਰੋਗਰਾਮ ਨ੍ਵੰ ਅਪਲਾਈ ਕਰ ਸਕਣਗੀਆਂ। ਇਸ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਮਾਪਿਆਂ ਨੂੰ ਵੀ ਸੁਖ ਦਾ ਸਾਹ ਆਵੇਗਾ। ਮਾਰਚ ਦੇ ਮਹੀਨੇ ਓਨਟਾਰੀਓ ਨੇ ਵੀ ਫੈਡਰਲ ਸਰਕਾਰ ਨਾਲ ਚਾਈਲਡਕੇਅਰ ਲਈ 10 ਡਾਲਰ ਰੋਜ਼ਾਨਾ ਵਾਲਾ ਸਮਝੌਤਾ ਕੀਤਾ ਸੀ ਤੇ ਉਨ੍ਹਾਂ ਇਹ ਵਾਅਦਾ ਵੀ ਕੀਤਾ ਸੀ ਕਿ ਇਹ ਫੀਸ 25 ਫੀ ਸਦੀ ਘਟਾ ਦਿੱਤੀ ਜਾਵੇਗੀ ਤੇ 12 ਡਾਲਰ ਪ੍ਰਤੀ ਦਿਨ ਕਰ ਦਿੱਤੀ ਜਾਵੇਗੀ।
ਉਸ ਸਮੇਂ ਮਾਪਿਆਂ ਨੂੰ ਆਖਿਆ ਗਿਆ ਸੀ ਕਿ ਜਲਦ ਤੋਂ ਜਲਦ ਮਈ ਵਿੱਚ ਮਾਪਿਆਂ ਨੂੰ ਛੋਟ ਵਾਲੇ ਚੈੱਕ ਵੀ ਮਿਲਣ ਲੱਗਣਗੇ। ਪਰ ਇਸ ਹਫਤੇ ਤੱਕ ਵੀ ਜੀਟੀਏ ਦੀਆਂ ਬਹੁਤੀਆਂ ਚਾਈਲਡਕੇਅਰ ਫੈਸਿਲਿਟੀਜ਼ ਇਸ ਪ੍ਰੋਗਰਾਮ ਲਈ ਅਪਲਾਈ ਨਹੀਂ ਕਰ ਪਾਈਆਂ ਹਨ। ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਲਾਇਸੰਸਸ਼ੁਦਾ ਚਾਈਲਡਕੇਅਰ ਆਪਰੇਟਰਜ਼ ਨਾਲ ਸੰਪਰਕ ਕਰਕੇ ਐਪਲੀਕੇਸ਼ਨ ਪ੍ਰਕਿਰਿਆ ਤਿਆਰ ਕਰਨ ਦੀ ਲੋੜ ਹੈ, ਜਿਸ ਕਾਰਨ ਦੇਰ ਹੋ ਰਹੀ ਹੈ।
ਸਿਟੀ ਆਫ ਟੋਰਾਂਟੋ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਪੱਧਰ ਉੱਤੇ ਲਰਨਿੰਗ ਐਂਡ ਚਾਈਲਡ ਕੇਅਰ ਫੰਡਿੰਗ ਪ੍ਰੋਗਰਾਮ ਲਈ ਅਰਜ਼ੀਆਂ ਸਵੀਕਾਰ ਕਰਨ ਲਈ ਤਿਆਰ ਹੈ।ਇਹ ਐਪਲੀਕੇਸ਼ਨ ਪ੍ਰਕਿਰਿਆ 23 ਜੂਨ ਤੋਂ ਸ਼ੁਰੂ ਹੋਵੇਗੀ ਤੇ ਲਾਇਸੰਸਸ਼ੁਦਾ ਚਾਈਲਡਕੇਅਰ ਆਪਰੇਟਰਜ਼ ਕੋਲ ਇਸ ਨੂੰ ਅਪਨਾਉਣ ਲਈ ਪਹਿਲੀ ਸਤੰਬਰ ਤੱਕ ਦਾ ਸਮਾਂ ਹੋਵੇਗਾ |