ਨਵਾਂਸ਼ਹਿਰ/ਬਿਊਰੋ ਨਿਊਜ਼
ਸੀਐਮ ਭਗਵੰਤ ਮਾਨ ਵਲੋਂ ਨਵਾਂਸ਼ਹਿਰ ਵਿਚ ਸ਼ੁਰੂ ਕੀਤੀ ‘ਨਸ਼ਾ ਮੁਕਤੀ ਯਾਤਰਾ’ ਮੁਹਿੰਮ ਵਿਚ ਅਰਵਿੰਦ ਕੇਜਰੀਵਾਲ ਵੀ ਪਹੁੰਚੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਕ ਸਮਾਂ ਸੀ, ਜਦੋਂ ਪੰਜਾਬ ਸੋਨੇ ਦੀ ਚਿੜੀ ਕਹਾਉਂਦਾ ਸੀ, ਪਰ ਹੁਣ ਇਹ ਪੰਜਾਬ 16ਵੇਂ-17ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕੇਜਰੀਵਾਲ ਨੇ ਆਰੋਪ ਲਗਾਇਆ ਕਿ ਪੰਜਾਬ ’ਚ ਪਹਿਲੀਆਂ ਸਰਕਾਰਾਂ ਨੇ ਨਸ਼ਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਮੰਤਰੀ ਖੁਦ ਨਸ਼ੇ ਦੇ ਤਸਕਰ ਸਨ ਅਤੇ ਉਹ ਸਰਕਾਰਾਂ ਲੋਕਾਂ ਨੂੰ ਨਸ਼ਿਆਂ ਵਿਚੋਂ ਬਾਹਰ ਕਿਸ ਤਰ੍ਹਾਂ ਕੱਢ ਸਕਦੀਆਂ ਸਨ। ਕੇਜਰੀਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਇਕ ਇਮਾਨਦਾਰ ਪਾਰਟੀ ਦੀ ਸਰਕਾਰ ਆਈ ਹੈ ਅਤੇ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ। ਜ਼ਿਕਰਯੋਗ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ।