ਕਿਹਾ : ਮੈਨੂੰ ਪੰਜਾਬ ਸਰਕਾਰ ਦੀ ਸ਼ਹਿ ’ਤੇ ਪੁਲਿਸ ਨੇ ਡੀਐਮਸੀ ਹਸਪਤਾਲ ’ਚ ਕੀਤਾ ਸੀ ਨਜ਼ਰਬੰਦ
ਚੰਡੀਗੜ੍ਹ/ਬਿਊਰੋ ਨਿਊਜ਼ : ਪੁਲਿਸ ਵੱਲੋਂ ਨਜ਼ਰਬੰਦ ਕੀਤੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੰਘੀ ਦੇਰ ਰਾਤ ਪੁਲਿਸ ਨੇ ਡੀਐਮਸੀ ਹਸਪਤਾਲ ਲੁਧਿਆਣਾ ’ਚੋਂ ਰਿਹਾਅ ਕਰ ਦਿੱਤਾ। ਇਸ ਮੌਕੇ ਡੱਲੇਵਾਲ ਨੇ ਕਿਹਾ ਕਿ ਮੈਨੂੰ ਖਨੌਰੀ ਬਾਰਡਰ ਤੋਂ ਲਿਆ ਕੇ ਹਸਪਤਾਲ ’ਚ ਦਾਖਲ ਕੀਤਾ ਗਿਆ ਅਤੇ ਮੈਨੂੰ ਜਿੱਥੇ ਰੱਖਿਆ ਗਿਆ ਸੀ, ਉਥ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਨਹੀਂ ਸੀ, ਕਿਉਂਕਿ ਉਥੇ ਹੋਰਨਾਂ ਮਰੀਜ਼ਾਂ ਨੂੰ ਵੀ ਫੋਨ ਨਹੀਂ ਲਿਜਾਣ ਦਿੱਤਾ ਜਾਂਦਾ। ਡੱਲੇਵਾਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮੈਨੂੰ ਡੀਐਮਸੀ ਹਸਪਤਾਲ ਲੁਧਿਆਣਾ ’ਚ ਨਜ਼ਰਬੰਦ ਕੀਤਾ ਗਿਆ ਅਤੇ ਅੱਜ ਮੈਂ ਕਿਸਾਨਾਂ ਦੇ ਸੰਘਰਸ਼ ਸਦਕਾ ਹਸਪਤਾਲ ਤੋਂ ਰਿਹਾਅ ਹੋਇਆ ਹਾਂ। ਹਸਪਤਾਲ ’ਚੋਂ ਰਿਹਾਅ ਹੋਣ ਮਗਰੋਂ ਜਗਜੀਤ ਸਿੰਘ ਡੱਲੇਵਾਲ ਹਰਿਆਣਾ ਅਤੇ ਪੰਜਾਬ ਦੇ ਖਨੌਰੀ ਬਾਰਡਰ ’ਤੇ ਪਹੁੰਚੇ। ਜਿੱਥੇ ਉਹ ਰਾਤ ਤੋਂ ਹੀ ਮਰਨ ਵਰਤ ’ਤੇ ਬੈਠ ਗਏ ਜਦਕਿ ਇਥੇ ਪਹਿਲਾਂ ਹੀ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ’ਤੇ ਬੈਠੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਗੱਲਬਾਤ ਕਰਨ ਦੇ ਲਈ 5 ਦਿਨ ਦਾ ਸਮਾਂ ਹੈ ਅਤੇ 6 ਦਸੰਬਰ ਨੂੰ ਕਿਸਾਨ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਦਿੱਲੀ ਲਈ ਕੂਚ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ’ਤੇ ਪਹੁੰਚ ਗਏ ਹਨ। ਜਿਸ ਤੋਂ ਬਾਅਦ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਵਾਲੇ ਆਪਣੇ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ।
Check Also
ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ
ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …