Breaking News
Home / ਪੰਜਾਬ / ਦੁਬਈ ਵਿੱਚ ਫਸੇ ਨੌਜਵਾਨਾਂ ਦੇ ਮਾਪੇ ਸੰਤ ਸੀਚੇਵਾਲ ਨੂੰ ਮਿਲੇ

ਦੁਬਈ ਵਿੱਚ ਫਸੇ ਨੌਜਵਾਨਾਂ ਦੇ ਮਾਪੇ ਸੰਤ ਸੀਚੇਵਾਲ ਨੂੰ ਮਿਲੇ

ਪੰਜਾਬ ਦੇ 17 ਨੌਜਵਾਨ ਦੁਬਈ ‘ਚ ਘਿਰੇ
ਜਲੰਧਰ/ਬਿਊਰੋ ਨਿਊਜ਼ : ਦੁਬਈ ਦੀ ਜੇਲ੍ਹ ਵਿੱਚ ਪਿਛਲੇ ਡੇਢ ਸਾਲ ਤੋਂ ਫਸੇ ਪੰਜਾਬ ਦੇ 17 ਨੌਜਵਾਨਾਂ ਦੇ ਪਰਿਵਾਰਾਂ ਨੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰ ਕੇ ਨੌਜਵਾਨਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ 14 ਦੇ ਕਰੀਬ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਕੇਸ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀਂ ਮਿਲ ਰਹੀ। ਪੀੜਤ ਪਰਿਵਾਰਾਂ ਨੂੰ ਸੰਤ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਨੌਜਵਾਨਾਂ ਦਾ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣਗੇ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਵਿੱਚ ਜਲੰਧਰ ਜ਼ਿਲ੍ਹੇ ਦੇ 6, ਕਪੂਰਥਲਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ 3-3 ਨੌਜਵਾਨ ਜਦ ਕਿ ਗੁਰਦਾਸਪੁਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੇ 1-1 ਨੌਜਵਾਨ ਸ਼ਾਮਲ ਹਨ। ਦੁਬਈ ਵਿੱਚ ਫਸੇ ਗੌਰਵ ਕੁਮਾਰ ਦੇ ਭਰਾ ਰਵੀਕਾਂਤ ਨੇ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਗੌਰਵ ਨੂੰ ਨਹੀਂ ਪਤਾ ਸੀ ਕਿ ਉੱਥੇ ਹੋਏ ਝਗੜੇ ਵਿੱਚ ਉਹ ਇਸ ਤਰ੍ਹਾਂ ਫਸ ਜਾਵੇਗਾ। ਰਵੀਕਾਂਤ ਨੇ ਕਿਹਾ ਕਿ ਉਨ੍ਹਾਂ ਦੀ ਇੰਨੀ ਸਮਰੱਥਾ ਨਹੀਂ ਕਿ ਉਹ ਦੁਬਈ ‘ਚ ਵਕੀਲ ਕਰ ਕੇ ਗੌਰਵ ਦੇ ਕੇਸ ਦੀ ਪੈਰਵਾਈ ਕਰਵਾ ਸਕਣ।

ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਜਲੰਧਰ : ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਸੰਸਦ ਦੇ ਚੱਲ ਰਹੇ ਸੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਵੱਖ-ਵੱਖ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਸਲਾਮਤੀ ਬਾਰੇ ਪੱਤਰ ਸੌਂਪੇ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿਦੇਸ਼ ਮੰਤਰਾਲਾ ਇਨ੍ਹਾਂ ਭਾਰਤੀਆਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਯਤਨਸ਼ੀਲ ਹੈ ਤੇ ਯੋਗ ਕਾਰਵਾਈ ਕਰ ਰਿਹਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਨੌਜਵਾਨ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਜਿਹੜੇ ਪੱਤਰ ਦਿੱਤੇ ਉਨ੍ਹਾਂ ਵਿੱਚ ਆਰਮੀਨੀਆ ਦੀ ਜੇਲ੍ਹ ਵਿੱਚ ਫਸੇ 12 ਭਾਰਤੀਆਂ ਬਾਰੇ ਸੀ ਜਿਸ ਵਿੱਚ ਬਹੁਤੇ ਪੰਜਾਬੀ ਮੁੰਡੇ ਹਨ। ਇਸੇ ਤਰ੍ਹਾਂ ਰੂਸ ਦੀ ਫੌਜ ਵਿੱਚ ਜਬਰੀ ਭਰਤੀ ਕੀਤੇ ਨੌਜਵਾਨਾਂ ਬਾਰੇ ਵੀ ਦੱਸਿਆ। ਇਨ੍ਹਾਂ ਨੌਜਵਾਨਾਂ ਵਿੱਚੋਂ ਦੋ ਜਣਿਆਂ ਦੇ ਮਾਪਿਆਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ। ਕੁਵੈਤ ਵਿੱਚ ਜਰਮਨਜੀਤ ਸਿੰਘ ਨਾਂਅ ਦਾ ਨੌਜਵਾਨ ਦਾ ਮਾਮਲਾ ਵੀ ਵਿਦੇਸ਼ ਮੰਤਰੀ ਕੋਲ ਉਠਾਇਆ ਜਿਹੜਾ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ ਜਦਕਿ ਉਸ ਦੀ ਬਲੱਡ ਮਨੀ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ। ਦੁਬਈ ਦੀ ਜੇਲ੍ਹ ਵਿੱਚ ਫਸੇ 17 ਪੰਜਾਬੀ ਮੁੰਡਿਆਂ ਦਾ ਮਾਮਲਾ ਵੀ ਬੜਾ ਗੰਭੀਰ ਹੈ। ਪਿਛਲੇ ਡੇਢ ਸਾਲ ਤੋਂ ਇਨ੍ਹਾਂ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਜੇਲ੍ਹ ਵਿੱਚੋਂ ਕਢਵਾਉਣ ਦੀ ਚਾਰਾਜੋਈ ਕਰ ਰਹੇ ਹਨ।

 

Check Also

ਪੰਜਾਬ ’ਚ ਹੁਣ ਦਸਤਾਵੇਜ਼ ਤਸਦੀਕ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ

ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ਆਈ.ਡੀਜ਼. ਬਣਾਈਆਂ : ਅਮਨ …