Breaking News
Home / ਪੰਜਾਬ / ਸਿਆਸੀ ਆਗੂਆਂ ਦੀਆਂ ਪਤਨੀਆਂ ਵੀ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਪ੍ਰਚਾਰ ‘ਚ ਡਟੀਆਂ

ਸਿਆਸੀ ਆਗੂਆਂ ਦੀਆਂ ਪਤਨੀਆਂ ਵੀ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਪ੍ਰਚਾਰ ‘ਚ ਡਟੀਆਂ

ਆਪੋ-ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਲਈ ਮੰਗ ਰਹੀਆਂ ਹਨ ਵੋਟਾਂ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਲਈ ਹੋ ਰਹੀ ਜ਼ਿਮਨੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਖਾਸ ਕਰਕੇ ਸੱਤਾ ਧਿਰ ‘ਆਪ’, ਕਾਂਗਰਸ ਅਤੇ ਭਾਜਪਾ ਨੇ ਇਹ ਸੀਟ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।
ਇਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਪਤਨੀਆਂ ਵੀ ਚੋਣ ਪ੍ਰਚਾਰ ਵਿੱਚ ਡਟੀਆਂ ਹੋਈਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਗੇੜੇ ‘ਤੇ ਗੇੜਾ ਲਾ ਰਹੇ ਹਨ ਅਤੇ ‘ਆਪ’ ਉਮੀਦਵਾਰ ਮਹਿੰਦਰ ਭਗਤ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਘਰ ਕਿਰਾਏ ‘ਤੇ ਲੈ ਕੇ ਜਲੰਧਰ ਪੱਛਮੀ ਸੀਟ ‘ਤੇ ਲਗਾਤਾਰ ਨਜ਼ਰ ਟਿਕਾਈ ਹੋਈ ਹੈ। ਕਾਂਗਰਸ ਨੇ ਇਸ ਸੀਟ ਤੋਂ ਲੋਕ ਸਭਾ ਚੋਣਾਂ ਦੌਰਾਨ ਜਿੱਤ ਤਾਂ ਹਾਸਲ ਕੀਤੀ ਸੀ ਪਰ ਜਿੱਤ ਦਾ ਫਰਕ ਬੜਾ ਥੋੜ੍ਹਾ ਸੀ। ਕਾਂਗਰਸ ਦੇ ਲੋਕ ਸਭਾ ਮੈਂਬਰ ਬਣੇ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਹਲਕੇ ਤੋਂ ਆਪਣੇ ਵਿਰੋਧੀ ਸੁਸ਼ੀਲ ਕੁਮਾਰ ਰਿੰਕੂ ਨੂੰ 1500 ਤੋਂ ਵੱਧ ਵੋਟਾਂ ਨਾਲ ਪਛਾੜਿਆ ਸੀ। ਕਾਂਗਰਸ ਹੁਣ ਆਪਣੀ ਜਿੱਤ ਦਾ ਫਰਕ ਵਧਾਉਣ ਲਈ ਸਾਰੀ ਤਾਕਤ ਝੋਕ ਰਹੀ ਹੈ। ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾ. ਕਮਲਜੀਤ ਕੌਰ ਵੀ ਚੋਣ ਪ੍ਰਚਾਰ ਵਿੱਚ ਡਟ ਗਏ ਹਨ। ਇਸ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਜਲੰਧਰ ਵਿੱਚ ਚੋਣ ਪ੍ਰਚਾਰ ਦਾ ਮੋਰਚਾ ਸੰਭਾਲ ਲਿਆ ਹੈ। ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੀ ਪਤਨੀ ਵੀ ਹਲਕੇ ਵਿੱਚ ਪ੍ਰਚਾਰ ਲਈ ਡਟੇ ਹੋਏ ਹਨ, ਇੰਜ ਹੀ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਵੀ ਇਸ ਹਲਕੇ ਦੇ ਹਰ ਗਲੀ ਮੁਹੱਲੇ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਤੇ ਉਹ ਕੌਂਸਲਰ ਰਹੇ ਹੋਣ ਕਾਰਨ ਲੋਕਾਂ ਦੀ ਨਬਜ਼ ਪਛਾਣਦੇ ਹਨ।

Check Also

ਪੰਜਾਬ ’ਚ ਹੁਣ ਦਸਤਾਵੇਜ਼ ਤਸਦੀਕ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ

ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ਆਈ.ਡੀਜ਼. ਬਣਾਈਆਂ : ਅਮਨ …