Breaking News
Home / ਪੰਜਾਬ / ਸਨਸਨੀਖੇਜ਼ ਖੁਲਾਸਾ : ਪੰਜਾਬ ‘ਚ 1 ਲੱਖ ਔਰਤਾਂ ਨੂੰ ਨਸ਼ੇ ਦੀ ਆਦਤ

ਸਨਸਨੀਖੇਜ਼ ਖੁਲਾਸਾ : ਪੰਜਾਬ ‘ਚ 1 ਲੱਖ ਔਰਤਾਂ ਨੂੰ ਨਸ਼ੇ ਦੀ ਆਦਤ

ਪੀਜੀਆਈ ਦੀ ਸਰਵੇ ਰਿਪੋਰਟ ਅਨੁਸਾਰ 31 ਲੱਖ ਪੁਰਸ਼ਾਂ ਨੂੰ ਲੱਗ ਚੁੱਕੀ ਹੈ ਨਸ਼ੇ ਦੀ ਆਦਤ
ਚੰਡੀਗੜ੍ਹ : ਪੰਜਾਬ ‘ਚ ਨਸ਼ੇ ਦੀ ਲਪੇਟ ‘ਚ ਕੇਵਲ ਪੁਰਸ਼ ਜਾਂ ਨੌਜਵਾਨ ਹੀ ਨਹੀਂ ਬਲਕਿ ਔਰਤਾਂ ਵੀ ਹਨ। ਪੀਜੀਆਈ ਵੱਲੋਂ ਸੂਬੇ ਦੇ ਕਈ ਘਰਾਂ ‘ਚ ਜਾ ਕੇ ਕੀਤੇ ਗਏ ਸਰਵੇ ‘ਚ ਇਹ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਸਰਵੇ ਦੇ ਅਨੁਸਾਰ ਸੂਬੇ ‘ਚ 31 ਲੱਖ ਪੁਰਸ਼ ਅਤੇ ਇਕ ਲੱਖ ਔਰਤਾਂ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਔਰਤਾਂ ਨਸ਼ੇ ਦੇ ਤੌਰ ‘ਤੇ ਹੈਰੋਇਨ, ਸਮੈਕ, ਅਫੀਮ, ਪੋਸਤ ਅਤੇ ਭੁੱਕੀ ਦਾ ਇਸਤੇਮਾਲ ਕਰਦੀਆਂ ਹਨ। ਨਸ਼ੇ ਦੀ ਆਦਤ ਘਰੇਲੂ, ਕੰਮਕਾਜੀ ਔਰਤਾਂ ਨੂੰ ਹੀ ਨਹੀਂ ਸਗੋਂ ਸਕੂਲ-ਕਾਲਜ ‘ਚ ਪੜ੍ਹਨ ਵਾਲੀਆਂ ਲੜਕੀਆਂ ਨੂੰ ਵੀ ਹੈ। ਪੀਜੀਆਈ ਦੀ ਰਿਪੋਰਟ ‘ਪੰਜਾਬ ‘ਚ ਨਸ਼ੇ ਦੇ ਇਸਮੇਮਾਲ ਅਤੇ ਉਸ ‘ਤੇ ਨਿਰਭਰਤਾ ਦੀ ਮਹਾਮਾਰੀ : ਘਰੇਲੂ ਸਰਵੇ ਦੇ ਰਾਜਵਿਆਪੀ ਪ੍ਰਤੀਨਿਧੀ ਨਮੂਨੇ ਦੇ ਨਤੀਜੇ’ ਵਿਚ ਕਿਹਾ ਗਿਆ ਹੈ ਕਿ ਪੰਜਾਬ ‘ਚ ਲਗਭਗ 41 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੇ ਜੀਵਨ ‘ਚ ਕਦੇ ਨਾ ਕਦੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੈ। ਨਸ਼ੇ ਦੇ ਆਦੀ ਹੋ ਚੁੱਕੇ 31 ਲੱਖ ਵਿਅਕਤੀਆਂ ‘ਚੋਂ ਲਗਭਗ 1 ਲੱਖ ਔਰਤਾਂ ਵੀ ਹਨ। ਸਰਵੇ ‘ਚ ਸ਼ਰਾਬ ਅਤੇ ਤੰਬਾਕੂ ਨੂੰ ਜਿੱਥੇ ਕਾਨੂੰਨੀ ਨਸ਼ਾ ਕਰਾਰ ਦਿੱਤਾ ਗਿਆ ਹੈ ਉਥੇ ਗੈਰਕਾਨੂੰਨੀ ਨਸ਼ੇ ‘ਚ ਓਪਿਆਡ (ਅਫੀਮ, ਹੈਰੋਇਨ, ਸਮੈਕ ਅਤੇ ਭੁੱਕੀ), ਕੈਨਾਬਿਨੋਇਡ (ਭੰਗ ਦੇ ਪੌਦੇ ਤੋਂ ਬਣੇ ਨਸ਼ੀਲੇ ਪਦਾਰਥ), ਦਰਦ ਦੀਆਂ ਦਵਾਈਆਂ, ਉਤੇਜਕ ਦਵਾਈਆਂ ਅਤੇ ਸ਼ਾਂਤ ਕਰਨ ਵਾਲੀਆਂ ਦਵਾਈਆਂ ਸ਼ਾਮਲ ਹਨ। ਸਰਵੇ ‘ਚ 2,02,817 ਪੁਰਸ਼ ਅਤੇ 10658 ਔਰਤਾਂ ਨਸ਼ੀਲੇ ਪਦਾਰਥਾਂ ‘ਤੇ ਜੀਵਨ ਭਰ ਲਈ ਨਿਰਭਰ ਪਾਏ ਗਏ। ਇਨ੍ਹਾਂ ‘ਚ 1,56,942 ਪੁਰਸ਼ਾਂ ਨੂੰ ਹਾਲ ਹੀ ‘ਚ ਓਪਿਆਡ ਤੱਤਾਂ ਦੀ ਆਦਤ ਲਗ ਗਈ ਹੈ, ਜਦਕਿ ਅਜਿਹੀਆਂ ਔਰਤਾਂ ਦੀ ਗਿਣਤੀ ਸਾਢੇ ਦਸ ਹਜ਼ਾਰ ਦੇ ਲਗਭਗ ਸਾਹਮਣੇ ਆਈ ਹੈ। ਸਰਵੇ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਝ ਮਹਿਲਾਵਾਂ ਨੂੰ ਉਨ੍ਹਾਂ ਦੇ ਨਸ਼ੇੜੀ ਜਾਂ ਸ਼ਰਾਬੀ ਪਤੀਆਂ ਕਾਰਨ ਨਸ਼ੇ ਦੀ ਆਦਤ ਪੈ ਗਈ, ਉਥੇ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਾਥੀਆਂ ਤੋਂ ਅਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ।
ਇਲਾਜ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀਆਂ ਔਰਤਾਂ
ਪੀਜੀਆਈ ਦੇ ਸਾਈਕੇਟਰੀ ਵਿਭਾਗ ਦੇ ਡਾ. ਬੀਐਨ ਸੁਬੋਧ ਦਾ ਕਹਿਣਾ ਹੈ ਕਿ ਨਸ਼ੇ ਦੇ ਨਵੇਂ ਆਦੀ ਹੋਏ ਪੁਰਸ਼ਾਂ ਦੀ ਗਿਣਤੀ ਫਿਲਹਾਲ ਜੀਵਨ ਭਰ ਦੇ ਲਈ ਨਸ਼ੇ ‘ਤੇ ਨਿਰਭਰ ਹੋ ਚੁੱਕੇ ਪੁਰਸ਼ਾਂ ਦੀ ਤੁਲਨਾ ‘ਚ ਘੱਟ ਹੈ। ਅਜਿਹੇ ਪੁਰਸ਼ਾਂ ਨੂੰ ਡਰੱਗ ਤੋਂ ਦੂਰ ਕਰਨਾ ਜਰੂਰੀ ਹੈ। ਇਸ ਤੋਂ ਇਲਾਵਾ ਨਸ਼ੇ ਦੀਆਂ ਆਦੀ ਜ਼ਿਆਦਾਤਰ ਔਰਤਾਂ ਸਮਾਜਿਕ ਢਾਂਚੇ ਦੇ ਕਾਰਨ ਇਲਾਜ ਦੇ ਲਈ ਖੁੱਲ੍ਹ ਕੇ ਸਾਹਮਣੇ ਵੀ ਨਹੀਂ ਆ ਸਕਦੀਆਂ। ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਔਰਤਾਂ ਦੀ ਗਿਣਤੀ ਸਰਵੇ ਦੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਸਰਵੇ ‘ਚ ਔਰਤਾਂ ਦੇ ਇਲਾਜ ਲਈ ਅਲੱਗ ਤੋਂ ਸੈਂਟਰ ਬਣਾਏ ਜਾਣ ਦਾ ਸੁਝਾਅ ਦਿੱਤਾ ਗਿਆ ਹੈ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …