Breaking News
Home / ਸੰਪਾਦਕੀ / ਆਸਥਾ ਬਨਾਮ ਤਰਾਸਦੀ

ਆਸਥਾ ਬਨਾਮ ਤਰਾਸਦੀ

ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਹੈੱਡਕੁਆਰਟਰ ਤੋਂ 47 ਕਿਲੋਮੀਟਰ ਦੂਰ ਫੁਲਰਈ ਪਿੰਡ ਵਿਚ ਵਿਚ ਇਕ ਧਾਰਮਿਕ ਸਮਾਗਮ ‘ਚ ਭਾਜੜ ਪੈਣ ਨਾਲ ਇਕ ਬਹੁਤ ਹੀ ਦਿਲ ਕੰਬਾਊ ਘਟਨਾ ਵਾਪਰੀ ਹੈ। ਭਾਜੜ ਦੌਰਾਨ ਭੀੜ ਦੇ ਪੈਰਾਂ ਥੱਲੇ ਕੁਚਲੇ ਜਾਣ ਅਤੇ ਸਾਹ ਘੁਟਣ ਨਾਲ 123 ਦੇ ਕਰੀਬ ਵਿਅਕਤੀ ਮਾਰੇ ਗਏ ਹਨ ਅਤੇ ਹੋਰ ਦਰਜਨਾਂ ਲੋਕ ਜ਼ਖ਼ਮੀ ਵੀ ਹੋ ਗਏ ਹਨ। ਜ਼ਖਮੀਆਂ ਵਿਚੋਂ ਅਨੇਕਾਂ ਦੀ ਹਾਲਤ ਬਹੁਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ, ਪਰ ਤ੍ਰਾਸਦੀ ਇਹ ਹੈ ਕਿ ਰਾਜਨੀਤਕ ਦਲ, ਸੱਤਾ ਵਿਵਸਥਾ ਅਤੇ ਪ੍ਰਸ਼ਾਸਨਿਕ ਤੰਤਰ ਵਿਚੋਂ ਕੋਈ ਵੀ ਇਹੋ ਜਿਹੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦਾ। ਆਪਣੇ ਗੁਆਂਢੀ ਰਾਜ ਹਿਮਾਚਲ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੀ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ।
ਇਸ ਘਟਨਾ ਸਮੇਂ ਉਕਤ ਧਾਰਮਿਕ ਪ੍ਰੋਗਰਾਮ ਦੌਰਾਨ ਲਗਭਗ ਦੋ-ਢਾਈ ਲੱਖ ਤੋਂ ਵੱਧ ਲੋਕ ਮੌਜੂਦ ਸਨ, ਜਦੋਂ ਕਿ ਪ੍ਰਬੰਧਕਾਂ ਵਲੋਂ ਆਗਿਆ ਸਿਰਫ਼ 80 ਹਜ਼ਾਰ ਲੋਕਾਂ ਦੇ ਪਹੁੰਚਣ ਸੰਬੰਧੀ ਲਈ ਗਈ ਸੀ। ਘਟਨਾ ਲਈ ਕਥਿਤ ਰੂਪ ਵਿੱਚ ਜ਼ਿੰਮੇਵਾਰ ਰਹੇ ਕਾਰਨਾਂ ਵਿਚ ਅੰਧ-ਵਿਸ਼ਵਾਸ ਵੀ ਇਕ ਵੱਡੇ ਕਾਰਨ ਦੇ ਰੂਪ ਵਿਚ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਕਥਿਤ ਬਾਬਾ ਸੂਰਜਪਾਲ ਉਰਫ਼ ਸਾਕਾਰ ਵਿਸ਼ਵ-ਹਰਿ ਦੇ ਜਾਣ ਸਮੇਂ ਉਸ ਦੇ ਪੈਰਾਂ ਦੀ ਮਿੱਟੀ ਲੈਣ ਲਈ ਭੀੜ ਦਾ ਇਕ ਵੱਡਾ ਇਕੱਠ ਇਕ-ਦੂਜੇ ਤੋਂ ਅੱਗੇ ਵਧਣ ਦੀ ਹੋੜ ਵਿਚ ਇੰਝ ਫਿਸਲਿਆ ਕਿ ਸੈਂਕੜੇ ਵਿਅਕਤੀ ਭੀੜ ਦੇ ਪੈਰਾਂ ਥੱਲੇ ਆ ਕੇ ਕੁਚਲੇ ਗਏ। ਇਸ ਘਟਨਾ ਦੀ ਗੰਭੀਰਤਾ ਦਾ ਪਤਾ ਇਸ ਤੋਂ ਵੀ ਲੱਗ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਲੋਕ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਖ਼ੁਦ ਘਟਨਾ ਵਾਲੇ ਸ਼ਹਿਰ ਹਾਥਰਸ ਪਹੁੰਚੇ ਅਤੇ ਰਾਜ ਸਰਕਾਰ ਵਲੋਂ ਫੱਟੜ ਲੋਕਾਂ ਦੇ ਪਰਿਵਾਰਕ ਮੈਂਬਰਾਂ ਲਈ ਸਹਾਇਤਾ ਰਾਸ਼ੀ ਦਾ ਐਲਾਨ ਵੀ ਕੀਤਾ। ਬਿਨਾ ਸ਼ੱਕ ਇਸ ਘਟਨਾ ਦੀ ਜਾਂਚ ਲਈ ਇਕ ਕਮੇਟੀ ਵੀ ਬਣਾ ਦਿੱਤੀ ਗਈ ਹੈ, ਪਰ ਵੱਡੀ ਸ਼ੰਕਾ ਇਹ ਹੈ ਕਿ ਉਸ ਦੀ ਰਿਪੋਰਟ ਵੀ ਪਹਿਲਾਂ ਵਾਂਗ ਅਨੇਕਾਂ ਹੋਰ ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਤਰ੍ਹਾਂ ਫਾਈਲਾਂ ਵਿਚ ਬੰਦ ਹੋ ਜਾਵੇਗੀ।
ਇਹੋ ਜਿਹੀਆਂ ਘਟਨਾਵਾਂ ਅਕਸਰ ਥੋੜ੍ਹੀ ਦੇਰ ਬਾਅਦ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਹੁੰਦੀਆਂ ਰਹਿੰਦੀਆਂ ਹਨ। ਸੰਬੰਧਿਤ ਰਾਜ ਸਰਕਾਰਾਂ ਤੇ ਪ੍ਰਸ਼ਾਸਨ ਵਿਚ ਥੋੜ੍ਹੀ ਦੇਰ ਲਈ ਹਲਚਲ ਮਚਦੀ ਹੈ, ਪਰ ਹਾਲਤ ਫਿਰ ਉਥੇ ਦੀ ਉਥੇ ਹੀ ਰਹਿ ਜਾਂਦੀ ਹੈ, ਜਿਥੋਂ ਉਹ ਚੱਲੀ ਹੁੰਦੀ ਹੈ। ਮੌਜੂਦਾ ਤ੍ਰਾਸਦੀ ਦੇ ਸਮੇਂ ਵੀ ਪ੍ਰੋਗਰਾਮ ਵਾਲੀ ਜਗ੍ਹਾ ‘ਤੇ ਵੱਡੀ ਅਵਿਵਸਥਾ ਸੀ। ਅੰਧ-ਵਿਸ਼ਵਾਸ ਪੂਰੀ ਤਰ੍ਹਾਂ ਨਾਲ ਹਾਵੀ ਸੀ ਅਤੇ ਕਥਿਤ ਬਾਬੇ ਦੇ ਪੈਰਾਂ ਦੀ ਮਿੱਟੀ ਲੈਣ ਅਤੇ ਉਨ੍ਹਾਂ ਨੂੰ ਦੂਰ ਤੋਂ ਪ੍ਰਣਾਮ ਕਰਨ ਵਾਲਿਆਂ ਦੀ ਵੱਡੀ ਭੀੜ ਸੀ, ਪਰ ਗਰਮੀ ਅਤੇ ਹੁੰਮਸ ਦੇ ਕਾਰਨ ਅੱਗੇ ਵਧਦੀ ਭੀੜ ਦੇ ਅੱਗੇ ਇਕ ਵਾਰ ਜੋ ਥੱਲੇ ਡਿੱਗ ਗਿਆ, ਉਹ ਕੁਚਲਿਆ ਗਿਆ, ਮਾਰਿਆ ਗਿਆ। ਫਿਰ ਵੀ ਲੋਕਾਂ ਦੀ ਆਸਥਾ ਦੇਖੋ ਕਿ ਇਕ ਸਾਧਾਰਨ ਸਿਪਾਹੀ ਤੋਂ ਜੋੜ-ਤੋੜ ਕਰ ਕੇ ਬਾਬਾ ਬਣੇ ਸੂਰਜਪਾਲ ਕੋਲ ਚੋਖੀ ਜ਼ਮੀਨ ਹੈ, ਅਤੇ ਆਲੇ-ਦੁਆਲੇ ਕਈ ਰਾਜਾਂ ਵਿਚ ਉਸ ਦੇ ਭਗਤ ਹਨ। ਜ਼ਖਮੀਆਂ ਦੀ ਸੁੱਧ ਲੈਣ ਅਤੇ ਮੁਢਲੀ ਡਾਕਟਰੀ ਸਹਾਇਤਾ ਲਈ ਵੀ ਉਥੇ ਕੋਈ ਵਿਵਸਥਾ ਨਹੀਂ ਸੀ। ਪ੍ਰਸ਼ਾਸਨ ਅਤੇ ਪੁਲਿਸ ਤੰਤਰ ਰਾਹਤ ਤੇ ਬਚਾਓ ਕਾਰਜਾਂ ਲਈ ਸਾਧਨ ਜੁਟਾਉਣ ਲਈ ਪਹਿਲਾਂ ਵਾਂਗ ਹੀ ਕਾਫੀ ਦੇਰ ਤਕ ਅੱਖਾਂ ‘ਤੇ ਪੱਟੀ ਬੰਨ੍ਹ ਕੇ ਅਤੇ ਕੰਨਾਂ ਵਿਚ ਤੇਲ ਪਾ ਕੇ ਇਧਰ-ਉਧਰ ਵੇਖਦਾ ਰਿਹਾ।
ਬਿਨਾਂ ਸ਼ੱਕ ਇਹੋ ਜਿਹੀਆਂ ਘਟਨਾਵਾਂ ਨੂੰ ਅੱਗੇ ਤੋਂ ਰੋਕਣ ਲਈ ਰਾਜਨੀਤਕ ਇੱਛਾ-ਸ਼ਕਤੀ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਅੱਗੇ ਵਧ ਕੇ ਕੰਮ ਕਰਨ ਦੀ ਜ਼ਰੂਰਤ ਹੈ। ਕਥਿਤ ਬਾਬਿਆਂ ਦੇ ਇਹੋ ਜਿਹੇ ਡੇਰੇ ਰਾਜਨੀਤਕ ਪਾਰਟੀਆਂ ਲਈ ਵੋਟਾਂ ਦੀ ਉਪਜਾਊ ਭੂਮੀ ਹੁੰਦੇ ਹਨ। ਇਸ ਲਈ ਸੱਤਾ ਅਤੇ ਪ੍ਰਸ਼ਾਸਨ ਦੇ ਸੂਤਰ ਅਕਸਰ ਇਨ੍ਹਾਂ ਦੇ ਪ੍ਰੋਗਰਾਮਾਂ ਤੋਂ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਹਨ ਅਤੇ ਅੱਧੇ-ਅਧੂਰੇ ਪ੍ਰਬੰਧਾਂ ਕਾਰਨ ਭੀੜ ਤੰਤਰ ਇਨ੍ਹਾਂ ‘ਤੇ ਹਾਵੀ ਹੋ ਜਾਂਦਾ ਹੈ। ਇਹੋ ਜਿਹੀ ਹਾਲਤ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਲਗਭਗ ਆਮ ਗੱਲ ਹੋ ਜਾਂਦਾ ਹੈ। ਅਸੀਂ ਇਹ ਵੀ ਸਮਝਦੇ ਹਾਂ ਕਿ ਘਟਨਾ ਸਿਰਫ਼ ਇਕ ਤ੍ਰਾਸਦੀ ਨਹੀਂ, ਇਹ ਧਾਰਮਿਕ ਸਮਾਗਮ ਦੇ ਪ੍ਰਬੰਧਕਾਂ ‘ਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਇਕ ਵੱਡਾ ਗੰਭੀਰ ਮਾਮਲਾ ਹੈ, ਪਰ ਇਸ ਨੂੰ ਰੋਕਿਆ ਜਾ ਸਕਦਾ ਸੀ। ਭਵਿੱਖ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਆਯੋਜਨ ਤੋਂ ਪਹਿਲਾਂ ਵੱਡੀ ਪੱਧਰ ‘ਤੇ ਪ੍ਰਬੰਧ ਦੀ ਜਾਂਚ ਪੜਤਾਲ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਵਲੋਂ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਹੀ ਅਜਿਹੇ ਕਿਸੇ ਨਿੱਜੀ ਸਮਾਗਮ ਲਈ ਪ੍ਰਵਾਨਗੀ ਦੇਣੀ ਚਾਹੀਦੀ ਹੈ।

Check Also

ਦਵਾਈਆਂ ਦੇ ਕਾਰੋਬਾਰ ਵਿਚ ਮਿਲਾਵਟ ਦਾ ਗੋਰਖਧੰਦਾ

ਭਾਰਤ ਦੀ ਸਭ ਤੋਂ ਵੱਡੀ ਪ੍ਰਮਾਣਿਤ ਇਕਾਈ ਕੇਂਦਰੀ ਦਵਾਈ ਸਟੈਂਡਰਡ ਕੰਟਰੋਲ ਸੰਗਠਨ ਦੀ ਇਕ ਤਾਜ਼ਾ …